ਵਿਧਾਇਕ ਰੰਧਾਵਾ ਵੱਲੋਂ ਦੋ ਨਵੇਂ ਟਿਊਬਵੈੱਲਾਂ ਦਾ ਉਦਘਾਟਨ
ਵਿਧਾਇਕ ਰੰਧਾਵਾ ਵੱਲੋਂ ਦੋ ਨਵੇਂ ਟਿਊਬਵੈੱਲਾਂ ਦਾ ਉਦਘਾਟਨ
Publish Date: Wed, 03 Dec 2025 06:59 PM (IST)
Updated Date: Wed, 03 Dec 2025 06:59 PM (IST)

ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਨਗਰ ਕੌਂਸਲ ਜ਼ੀਰਕਪੁਰ ਦੇ ਅਧੀਨ ਪੈਂਦੇ ਬਲਟਾਣਾ ਖੇਤਰ ਦੇ ਵਾਰਡ ਨੰ. 1 ਅਤੇ ਵਾਰਡ ਨੰ. 5 ਵਿਖੇ ਦੋ ਨਵੇਂ ਟਿਊਬਵੈੱਲਾਂ ਦਾ ਉਦਘਾਟਨ ਕਰਕੇ ਲੋਕ ਅਰਪਣ ਕੀਤਾ। ਇਹ ਦੋਵੇਂ ਟਿਊਬਵੈੱਲ 81.06 ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਹਨ। ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਰੰਧਾਵਾ ਨੇ ਕਿਹਾ ਕਿ ਜਨਹਿੱਤ ਨਾਲ ਜੁੜੇ ਇਹ ਵਿਕਾਸਕਾਰੀ ਕਦਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਤੇਜ਼ੀ ਨਾਲ ਸੰਭਵ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਸਾਫ਼-ਸੁਥਰੇ ਤੇ ਭਰਪੂਰ ਪਾਣੀ ਦੀ ਉਪਲਬਧਤਾ ਯਕੀਨੀ ਬਣਾਉਣਾ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ, ਤਾਂ ਜੋ ਹਰ ਇਕ ਨਿਵਾਸੀ ਨੂੰ ਬਿਹਤਰ ਅਤੇ ਸੁਵਿਧਾਜਨਕ ਸਹੂਲਤਾਂ ਪ੍ਰਾਪਤ ਹੋ ਸਕਣ। ਉਨ੍ਹਾਂ ਕਿਹਾ ਕਿ ਇਹ ਨਵੇਂ ਟਿਊਬਵੈੱਲ ਜ਼ੀਰਕਪੁਰ ਦੇ ਬਲਟਾਣਾ ਇਲਾਕੇ ਦੇ ਉਨ੍ਹਾਂ ਹਿੱਸਿਆਂ ਵਿਚ ਲਾਏ ਗਏ ਹਨ, ਜਿੱਥੇ ਪਿਛਲੇ ਸਮੇਂ ਦੌਰਾਨ ਪਾਣੀ ਦੀ ਕਿੱਲਤ ਮਹਿਸੂਸ ਕੀਤੀ ਜਾ ਰਹੀ ਸੀ। ਇਹ ਨਵੇਂ ਟਿਊਬਵੈੱਲ ਲੱਗਣ ਸਦਕਾ ਹੁਣ ਸੈਂਕੜੇ ਘਰਾਂ ਨੂੰ ਸਾਫ਼ ਤੇ ਨਿਰਵਿਘਨ ਪਾਣੀ ਦੀ ਸਹੂਲਤ ਮਿਲੇਗੀ। ਰੰਧਾਵਾ ਨੇ ਕਿਹਾ ਕਿ ਜ਼ੀਰਕਪੁਰ, ਡੇਰਾਬੱਸੀ ਅਤੇ ਆਸ-ਪਾਸ ਦੇ ਸ਼ਹਿਰੀ ਖੇਤਰਾਂ ਵਿਚ ਵਿਕਾਸ ਕੰਮ ਬਿਨਾਂ ਕਿਸੇ ਰੁਕਾਵਟ ਤੋਂ ਜਾਰੀ ਹਨ ਅਤੇ ਸਰਕਾਰ ਵੱਲੋਂ ਲੋਕ ਸਹੂਲਤਾਂ ਨਾਲ ਜੁੜੇ ਹੋਰ ਪ੍ਰੋਜੈਕਟ ਵੀ ਜਲਦ ਪੂਰੇ ਕੀਤੇ ਜਾਣਗੇ। ਇਸ ਮੌਕੇ ਸਥਾਨਕ ਵਾਰਡ ਵਾਸੀ, ਪਤਵੰਤੇ ਅਤੇ ਨਗਰ ਕੌਂਸਲ ਅਧਿਕਾਰੀ ਵੀ ਮੌਜੂਦ ਸਨ। ਸਥਾਨਕ ਵਸਨੀਕਾਂ ਨੇ ਨਵੇਂ ਟਿਊਬਵੈੱਲਾਂ ਦੇ ਚਾਲੂ ਹੋਣ ਨਾਲ ਇਲਾਕੇ ਲਈ ਵੱਡੀ ਰਾਹਤ ਦੱਸਿਆ ਹੈ ਅਤੇ ਉਨ੍ਹਾਂ ਇਸ ਕਾਰਜ ਲਈ ਸੂਬਾ ਸਰਕਾਰ ਅਤੇ ਹਲਕਾ ਵਿਧਾਇਕ ਦਾ ਧੰਨਵਾਦ ਕੀਤਾ।