ਪੰਜਵੇਂ ਕੇਸਾਧਾਰੀ ਹਾਕੀ ਲੀਗ ਗੋਲਡ ਕੱਪ 'ਚ ਮਿਸਲ ਡੱਲੇਵਾਲੀਆ ਚੈਂਪੀਅਨ
ਪੰਜਵੇਂ ਕੇਸਾਧਾਰੀ ਹਾਕੀ ਲੀਗ ਗੋਲਡ ਕੱਪ 'ਚ ਮਿਸਲ ਡੱਲੇਵਾਲੀਆ ਚੈਂਪੀਅਨ,
Publish Date: Sat, 15 Nov 2025 09:16 PM (IST)
Updated Date: Sat, 15 Nov 2025 09:17 PM (IST)

ਮਿਸਲ ਰਾਗਗੜੀਆਂ ਨੂੰ ਮਿਲਿਆ ਤੀਜਾ ਸਥਾਨ, ਸ਼੍ਰੋਮਣੀ ਕਮੇਟੀ ਦੇ ਜਗਜੀਤ ਸਿੰਘ ਮੈਨ ਆਫ਼ ਦੀ ਟੂਰਨਾਮੈਂਟ ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਓਲੰਪੀਅਨ ਬਲਬੀਰ ਸਿੰਘ (ਸੀਨੀਅਰ) ਅੰਤਰਰਾਸ਼ਟਰੀ ਹਾਕੀ ਸਟੇਡੀਅਮ ਮੁਹਾਲੀ ਵਿਖੇ ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਵੇਂ ਕੇਸਾਧਾਰੀ ਲੀਗ ਹਾਕੀ ਗੋਲਡ ਕੱਪ ਅੰਡਰ-19 ਦੇ ਸ਼ਨਿੱਚਰਵਾਰ ਛੇਵੇਂ ਦਿਨ ਲੀਗ ਦੇ ਫਾਈਨਲ ਅਤੇ ਤੀਜੇ-ਚੌਥੇ ਸਥਾਨ ਦੇ ਮੁਕਾਬਲੇ ਕਰਵਾਏ ਗਏ। ਫਾਈਨਲ ਵਿਚ ਮਿਸਲ ਡੱਲੇਵਾਲੀਆ (ਰਾਊਂਡ ਗਲਾਸ) ਨੇ ਨੂੰ 4-1 ਗੋਲਾਂ ਦੇ ਫ਼ਰਕ ਨਾਲ ਹਰਾ ਕੇ ਗੋਲਡ ਕੱਪ ’ਤੇ ਆਪਣਾ ਕਬਜ਼ਾ ਕਰ ਲਿਆ। ਕੌਂਸਲ ਦੇ ਪ੍ਰਧਾਨ ਜਸਬੀਰ ਸਿੰਘ ਮੁਹਾਲੀ ਦੀ ਅਗਵਾਈ ਵਿਚ ਕਰਵਾਏ ਗਏ, ਇਸ ਕੇਸਾਧਾਰੀ ਲੀਗ ਹਾਕੀ ਗੋਲਡ ਕੱਪ ਟੂਰਨਾਮੈਂਟ ਦੇ ਅੱਜ ਅਖ਼ੀਰਲੇ ਦਿਨ ਮਲਵਿੰਦਰ ਸਿੰਘ ਕੰਗ ਐੱਮਪੀ ਅਨੰਦਪੁਰ ਸਾਹਿਬ ਮੁੱਖ ਮਹਿਮਾਨ ਵਜੋਂ ਪਹੁੰਚੇ, ਜਦੋਂ ਕਿ ਵਿਸ਼ੇਸ਼ ਮਹਿਮਾਨ ਵੱਜੋਂ ਆਏ ਸਰਬਜੀਤ ਸਿੰਘ ਖ਼ਾਲਸਾ ਐੱਮਪੀ ਫਰੀਦਕੋਟ ਨੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ। ਉਨ੍ਹਾਂ ਨੇ ਕੌਂਸਲ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕੌਂਸਲ ਨੂੰ 2 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ। ਅੱਜ ਦੇ ਟੂਰਨਾਮੈਂਟ ਦੀ ਪ੍ਰਧਾਨਗੀ ਬਰਜਿੰਦਰ ਸਿੰਘ ਹੁਸੈਨਪੁਰ ਨਰੋਆ ਪੰਜਾਬ ਅਤੇ ਹਰਸਿਮਰਨ ਸਿੰਘ ਬੱਲ ਡੀਐੱਸਪੀ ਸ਼ਹਿਰੀ-2 ਮੁਹਾਲੀ ਨੇ ਕੀਤੀ। ਅੱਜ ਫਾਈਨਲ ਮੈਚ ਵਿਚ ਮਿਸਲ ਡੱਲੇਵਾਲੀਆ (ਰਾਊਂਡ ਗਲਾਸ) ਦੀ ਮਿਸਲ ਨਿਸ਼ਾਨਾਵਾਲੀ (ਨਾਮਧਾਰੀ ਸਪੋਰਟਸ ਅਕੈਡਮੀ) ਨਾਲ ਟੱਕਰ ਹੋਈ, ਜਿਸ ਵਿਚ ਰਾਊਂਡ ਗਲਾਸ ਦੇ ਖਿਡਾਰੀ ਸ਼ੁਰੂ ਤੋਂ ਹੀ ਨਾਮਧਾਰੀ ਟੀਮ ’ਤੇ ਭਾਰੂ ਰਹੀ। ਰਾਊਂਡ ਗਲਾਸ ਨੇ ਇਹ ਮੈਚ 4-1 ਗੋਲਾਂ ਨਾਲ ਜਿੱਤ ਕੇ ਗੋਲਡ ਕੱਪ ’ਤੇ ਆਪਣਾ ਕਬਜ਼ਾ ਕਰ ਲਿਆ। ਰਾਊਂਡ ਗਲਾਸ ਵੱਲੋਂ ਉਤਕਰਸ਼ ਸਿੰਘ, ਅਨੁਰਾਗ ਸਿੰਘ, ਜਰਮਨ ਸਿੰਘ ਤੇ ਸੁਖਮਨਪ੍ਰੀਤ ਸਿੰਘ ਨੇ ਇਕ-ਇਕ ਗੋਲ ਕੀਤਾ। ਨਾਮਧਾਰੀ ਵੱਲੋਂ ਇਕਲੋਤਾ ਗੋਲ ਸਹਿਜਪ੍ਰੀਤ ਸਿੰਘ ਵੱਲੋਂ ਕੀਤਾ ਗਿਆ। ਇਸ ਮੈਚ ਵਿਚ ਮੈਨ ਆਫ਼ ਦਾ ਮੈਚ ਦਾ ਅਵਾਰਡ ਰਾਊਂਡ ਗਲਾਸ ਦੇ ਖਿਡਾਰੀ ਅਰਸ਼ਦੀਪ ਸਿੰਘ ਨੂੰ ਦਿੱਤਾ ਗਿਆ। ਤੀਸਰੇ ਤੇ ਚੌਥੇ ਸਥਾਨ ਲਈ ਮੈਚ ਮਿਸਲ ਰਾਗਗੜੀਆਂ (ਸੰਗਰੂਰ ਹਾਕੀ ਕਲੱਬ) ਅਤੇ ਮਿਸਲ ਸ਼ੁੱਕਰਚੱਕੀਆ (ਐੱਸਜੀਪੀਸੀ) ਵਿਚਕਾਰ ਖੇਡਿਆ ਗਿਆ। ਮੈਚ ਦੇ ਪੂਰੇ ਸਮੇਂ ’ਤੇ ਪੇਨਲਟੀ ਸ਼ੂਟ ਆਊਟ ਦੌਰਾਨ ਦੋਵੇਂ ਟੀਮਾਂ 3-3 ਗੋਲ ਨਾਲ ਬਰਾਬਰ ਰਹੀਆਂ ਪਰ ਸਡਨਡੇਬ ਵਿਚ ਸੰਗਰੂਰ ਨੇ ਸ਼੍ਰੋਮਣੀ ਕਮੇਟੀ ਨੂੰ 4-3 ਨਾਲ ਮਾਤ ਦੇ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਤੇ ਸ਼੍ਰੋਮਣੀ ਕਮੇਟੀ ਨੂੰ ਚੌਥਾ ਸਥਾਨ ਮਿਲਿਆ। ਇਸ ਮੈਚ ਵਿਚ ਸੰਗਰੂਰ ਦੇ ਖਿਡਾਰੀ ਜੋਬਨਜੀਤ ਸਿੰਘ ਨੂੰ ਮੈਨ ਆਫ਼ ਦਾ ਮੈਚ ਹਾਸਲ ਕਰਨ ਦਾ ਮਾਣ ਪ੍ਰਾਪਤ ਹੋਇਆ। ਇਸ ਟੂਰਨਾਮੈਂਟ ਵਿਚ ਸ਼੍ਰੋਮਣੀ ਕਮੇਟੀ ਦੇ ਜਗਜੀਤ ਸਿੰਘ ਨੂੰ ਮੈਨ ਆਫ਼ ਦੀ ਟੂਰਨਾਮੈਂਟ, ਨਾਮਧਾਰੀ ਟੀਮ ਦੇ ਮਨਦੀਪ ਸਿੰਘ ਨੂੰ ਸਰਵੋਤਮ ਫਾਰਵਰਡ, ਸੰਗਰੂਰ ਦੇ ਸ਼ਰਨਜੀਤ ਸਿੰਘ ਨੂੰ ਸਰਵੋਤਮ ਡਿਵੇਂਡਰ, ਰਾਊਂਡ ਗਲਾਸ ਦੇ ਜੀਵਨ ਸਿੰਘ ਨੂੰ ਸਰਵੋਤਮ ਗੋਲਕੀਪਰ ਅਤੇ ਰਾਊਂਡ ਗਲਾਸ ਦੇ ਗੁਰਵਿੰਦਰ ਸਿੰਘ ਨੂੰ ਟਾਪ ਸਕੋਰਰ ਦੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਟੂਰਨਾਮੈਂਟ ਵਿਚ ਕੌਮਾਂਤਰੀ ਖਿਡਾਰਨ ਜੁਆਏ ਬੇਦਵਾਣ (ਸ਼ਾਟਪੁੱਟ) ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲ ਦੇ ਪ੍ਰਧਾਨ ਜਸਬੀਰ ਸਿੰਘ ਮੁਹਾਲੀ, ਕਰਨੈਲ ਸਿੰਘ ਪੀਰਮੁਹੰਮਦ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਜਮੇਰ ਸਿੰਘ, ਉੱਘੇ ਖੇਡ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ, ਕਰਨਲ ਜਗਤਾਰ ਸਿੰਘ ਮੁਲਤਾਨੀ, ਸ਼ੇਰ ਜਗਜੀਤ ਸਿੰਘ, ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਣ, ਰੋਜ਼ੀ ਸੈਣੀ ਕੌਮਾਂਤਰੀ ਹਾਕੀ ਖਿਡਾਰਨ, ਕਮਲਜੀਤ ਸਿੰਘ ਰੂਬੀ, ਪ੍ਰੋ: ਕ੍ਰਿਸ਼ਨ ਸਿੰਘ, ਅਮਰਜੀਤ ਸਿੰਘ ਫੁੱਟਬਾਲ ਕੋਚ, ਆਰਪੀ ਸਿੰਘ, ਰਣਜੀਤ ਸਿੰਘ, ਸਤੀਸ਼ ਕੁਮਾਰ ਭਾਗੀ, ਜੀਪੀ ਸਿੰਘ, ਦਰਸ਼ਨ ਸਿੰਘ ਜੌਲੀ, ਅਵਤਾਰ ਸਿੰਘ ਸੱਗੂ, ਹਾਕੀ ਮੁਹਾਲੀ ਤੋਂ ਕੁਲਵੰਤ ਰਾਏ ਸਹੋਤਾ, ਠਾਕੁਰ ਉਂਕਾਰ ਸਿੰਘ, ਸਾਹਿਬਜੀਤ ਸਿੰਘ, ਨਵਦੀਪ ਸਿੰਘ ਲੌਂਗੀਆ, ਪਰਮਜੀਤ ਸਿੰਘ, ਮੈਡਮ ਬਿਮਲ ਸੁਰਜੀਤ ਸਿੰਘ, ਮੋਹਨ ਸਿੰਘ, ਪੁਸ਼ਪਕਰਨ ਸਿੰਘ, ਚੰਨਣ ਸਿੰਘ ਸੱਗੂ, ਗੁਰਜੀਤ ਸਿੰਘ, ਜਗਦੀਪ ਸਿੰਘ ਕਾਹਲੋਂ ਮਹਾਰਾਜਾ ਰਣਜੀਤ ਸਿੰਘ ਅਵਾਰਡੀ, ਬਖਸ਼ੀਸ਼ ਸਿੰਘ ਕੌਮਾਂਤਰੀ ਸਾਇਕਲਿਸਟ, ਨਸੀਬ ਸਿੰਘ ਸੰਧੂ, ਇਕਬਾਲ ਸਿੰਘ ਸਰੋਆ, ਪਰਮਜੀਤ ਸਿੰਘ ਕਾਹਲੋਂ, ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ।