ਸੋਮਵਾਰ ਨੂੰ ਲੱਗਦੀ ਮੰਡੀ ਦੀ ਭੀੜ ਕਾਰਨ ਸਥਾਨਕ ਔਰਤ ਦਾ ਪਰਸ ਹੋਇਆ ਚੋਰੀ
ਸੋਮਵਾਰ ਨੂੰ ਲੱਗਦੀ ਮੰਡੀ ਦੀ ਭੀੜ ਕਾਰਨ ਸਥਾਨਕ ਔਰਤ ਦਾ ਪਰਸ ਹੋਇਆ ਚੋਰੀ
Publish Date: Tue, 20 Jan 2026 08:01 PM (IST)
Updated Date: Tue, 20 Jan 2026 08:03 PM (IST)

ਇਕਬਾਲ ਸਿੰਘ, ਪੰਜਾਬੀ ਜਾਗਰਣ, ਡੇਰਾਬੱਸੀ : ਸ਼ਹਿਰ ਦੇ ਗੁਲਾਬਗੜ੍ਹ ਰੋਡ ਤੇ ਹਰ ਸੋਮਵਾਰ ਲੱਗਦੀ ਮੰਡੀ ਕਾਰਨ ਜਿੱਥੇ ਆਮ ਲੋਕਾਂ ਨੂੰ ਭਾਰੀ ਟ੍ਰੈਫਿਕ ਅਤੇ ਭੀੜ-ਭਾੜ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਹੀ ਹੁਣ ਇਹ ਭੀੜ ਸ਼ਰਾਰਤੀ ਅਨਸਰਾਂ ਅਤੇ ਚੋਰਾਂ ਲਈ ਇਕ ਸੁਰੱਖਿਅਤ ਟਿਕਾਣਾ ਬਣਦੀ ਜਾ ਰਹੀ ਹੈ। ਤਾਜ਼ਾ ਮਾਮਲੇ ਵਿਚ, ਇਸੇ ਭੀੜ ਦਾ ਫਾਇਦਾ ਚੁੱਕਦਿਆਂ ਚੋਰਾਂ ਨੇ ਇਕ ਮਹਿਲਾ ਦਾ ਪਰਸ ਚੋਰੀ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਬਲਦੀਪ ਕੌਰ, ਵਾਸੀ ਗਲੀ ਨੰ. 11, ਗੁਲਾਬਗੜ੍ਹ ਰੋਡ, ਡੇਰਾਬੱਸੀ ਨੇ ਦੱਸਿਆ ਕਿ ਬੀਤੇ ਕੱਲ੍ਹ ਦੁਪਹਿਰ ਵੇਲੇ ਉਹ ਡੇਰਾਬੱਸੀ ਬੱਸ ਸਟੈਂਡ ਤੋਂ ਆਪਣੇ ਘਰ ਜਾਣ ਲਈ ਇਕ ਇਲੈਕਟ੍ਰਿਕ ਥ੍ਰੀ-ਵ੍ਹੀਲਰ (ਈ-ਰਿਕਸ਼ਾ) ਵਿਚ ਸਵਾਰ ਹੋਈ ਸੀ। ਜਦੋਂ ਉਹ ਗੁਲਾਬਗੜ੍ਹ ਰੋਡ ਤੇ ਲੱਗਦੀ ਮੰਡੀ ਕੋਲ ਪਹੁੰਚੀ ਤਾਂ ਉੱਥੇ ਬਹੁਤ ਜ਼ਿਆਦਾ ਭੀੜ ਸੀ। ਜਦੋਂ ਉਹ ਥ੍ਰੀ-ਵ੍ਹੀਲਰ ਤੋਂ ਉਤਰਨ ਲੱਗੀ, ਤਾਂ ਇਸ ਦੌਰਾਨ ਕਿਸੇ ਨੇ ਬੜੀ ਸਫ਼ਾਈ ਨਾਲ ਉਸ ਦੇ ਬੈਗ ਦੀ ਚੇਨ ਖੋਲ੍ਹ ਕੇ ਪਰਸ ਕੱਢ ਲਿਆ। ਬਲਦੀਪ ਕੌਰ ਨੇ ਸ਼ੱਕ ਜਾਹਰ ਕੀਤਾ ਹੈ ਕਿ ਥ੍ਰੀ-ਵ੍ਹੀਲਰ ਵਿਚ ਉਸ ਦੇ ਨਾਲ ਸਵਾਰ ਕੁਝ ਮਹਿਲਾਵਾਂ ਨੇ ਹੀ ਉਤਰਨ ਸਮੇਂ ਭੀੜ ਦਾ ਫਾਇਦਾ ਚੁੱਕ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਘਟਨਾ ਦਾ ਪਤਾ ਉਸ ਨੂੰ ਘਰ ਪਹੁੰਚ ਕੇ ਲੱਗਾ ਜਦੋਂ ਉਸ ਨੇ ਆਪਣਾ ਬੈਗ ਚੈੱਕ ਕੀਤਾ ਤਾਂ ਉਸ ਵਿਚੋਂ ਪਰਸ ਗਾਇਬ ਸੀ। ਪੀੜਤ ਮਹਿਲਾ ਨੇ ਦੱਸਿਆ ਕਿ ਚੋਰੀ ਹੋਏ ਪਰਸ ਵਿਚ 7,000 ਰੁਪਏ ਦੀ ਨਕਦੀ ਤੋਂ ਇਲਾਵਾ ਉਸ ਦਾ ਪੈੱਨ ਕਾਰਡ, ਆਧਾਰ ਕਾਰਡ, ਵੋਟਰ ਕਾਰਡ ਅਤੇ ਬੈਂਕ ਦਾ ਏਟੀਐੱਮ ਕਾਰਡ ਮੌਜੂਦ ਸੀ। ਚੋਰੀ ਦਾ ਪਤਾ ਲੱਗਦਿਆਂ ਹੀ ਉਸ ਨੇ ਤੁਰੰਤ ਬੈਂਕ ਦੇ ਕਸਟਮਰ ਕੇਅਰ ਤੇ ਫੋਨ ਕਰਕੇ ਆਪਣਾ ਏਟੀਐੱਮ ਕਾਰਡ ਬਲਾਕ ਕਰਵਾਇਆ ਤਾਂ ਜੋ ਕੋਈ ਵਿੱਤੀ ਨੁਕਸਾਨ ਨਾ ਹੋ ਸਕੇ। ਇਸ ਸਬੰਧੀ ਪੀੜਤ ਵੱਲੋਂ ਸਥਾਨਕ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਲਾਕਾ ਨਿਵਾਸੀਆਂ ਅਤੇ ਪੀੜਤ ਬਲਦੀਪ ਕੌਰ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਗੁਲਾਬਗੜ੍ਹ ਰੋਡ ਤੇ ਸੋਮਵਾਰ ਨੂੰ ਲੱਗਦੀ ਮੰਡੀ ਕਾਰਨ ਸੜਕ ਤੇ ਜਾਮ ਲੱਗ ਜਾਂਦਾ ਹੈ ਅਤੇ ਪੈਦਲ ਚੱਲਣਾ ਵੀ ਮੁਸ਼ਕਲ ਹੋ ਜਾਂਦਾ ਹੈ। ਇਸ ਭੀੜ ਕਾਰਨ ਹੁਣ ਚੋਰੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਵਧਣ ਲੱਗੀਆਂ ਹਨ। ਉਨ੍ਹਾਂ ਸਥਾਨਕ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਮੰਡੀ ਨੂੰ ਤੁਰੰਤ ਪ੍ਰਭਾਵ ਨਾਲ ਇੱਥੋਂ ਹਟਾਇਆ ਜਾਵੇ ਤਾਂ ਜੋ ਸ਼ਹਿਰ ਵਾਸੀ ਸੁਰੱਖਿਅਤ ਮਹਿਸੂਸ ਕਰ ਸਕਣ।