ਗੁ: ਸਿੰਘ ਸ਼ਹੀਦਾਂ ਵਿਖੇ ਬਨਣ ਵਾਲੀ ਬਹੁਮੰਜ਼ਿਲੀ ਕਾਰ ਪਾਰਕਿੰਗ ਦੀ ਦੂਜੀ ਮੰਜ਼ਿਲ ਦੇ ਦੂਜੇ ਗੇੜ ਦਾ ਲੈਂਟਰ ਪਾਇਆ
ਗੁ: ਸਿੰਘ ਸ਼ਹੀਦਾਂ ਵਿਖੇ ਬਨਣ ਵਾਲੀ ਬਹੁਮੰਜ਼ਿਲੀ ਕਾਰ ਪਾਰਕਿੰਗ ਦਾ ਲੈਂਟਰ ਪਾਇਆ
Publish Date: Wed, 21 Jan 2026 06:15 PM (IST)
Updated Date: Wed, 21 Jan 2026 06:18 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਧੰਨ ਧੰਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਬਨਣ ਵਾਲੀ ਬਹੁਮੰਜ਼ਿਲੀ ਕਾਰ ਪਾਰਕਿੰਗ ਦੀ ਦੂਜੀ ਮੰਜ਼ਿਲ ਦੇ ਦੂਜੇ ਚਰਨ ਦਾ ਲੈਂਟਰ ਪਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਅਸ਼ੀਰਵਾਦ ਸਦਕਾ ਸੰਗਤਾਂ ਦੀ ਸਹੂਲਤ ਲਈ ਬਹੁਮੰਜ਼ਿਲੀ ਕਾਰ ਪਾਰਕਿੰਗ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਬੁੱਧਵਾਰ ਨੂੰ ਇਸ ਕਾਰ ਪਾਰਕਿੰਗ ਦੀ ਦੂਜੀ ਮੰਜ਼ਿਲ ਦੇ ਦੂਜੇ ਚਰਨ ਦੇ ਲੈਂਟਰ ਦੀ ਅਰੰਭਤਾ ਲਈ ਸਵੇਰੇ 10 ਵਜੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਅਤੇ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਵਿਚ ਜੈਕਾਰਿਆਂ ਦੀ ਗੂੰਜ ਨਾਲ ਦੂਜ਼ੀ ਮੰਜ਼ਿਲ ਦੇ ਦੂਜੇ ਚਰਨ ਦੇ ਲੈਂਟਰ ਦੀ ਅਰੰਭਤਾ ਕਰਵਾਈ ਗਈ। ਅਧੁਨਿਕ ਸਹੂਲਤਾਂ ਵਾਲੀ ਇਹ ਕਾਰ ਪਾਰਕਿੰਗ ਬੇਸਮੇਂਟ ਸਮੇਤ 7 ਮੰਜ਼ਿਲਾ ਬਣਵਾਈ ਜਾ ਰਹੀ ਹੈ। ਇਸ ਮੌਕੇ ’ਤੇ ਕਈ ਸੰਤ ਮਹਾਂਪੁਰਖ, ਸਿਆਸੀ ਆਗੂ, ਪਿੰਡ ਅਤੇ ਇਲਾਕੇ ਦੇ ਪਤਵੰਤੇ ਸੱਜਣ ਉੱਚੇਚੇ ਤੌਰ ’ਤੇ ਕਾਰ ਸੇਵਾ ਵਿਚ ਆਪਣਾ ਯੋਗਦਾਨ ਪਾਉਣ ਲਈ ਪੁੱਜੇ ਹੋਏ ਸਨ। ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵੱਲੋਂ ਮਠਿਆਈਆਂ ਅਤੇ ਦੁੱਧ ਚਾਹ ਦਾ ਅਤੁੱਟ ਲੰਗਰ ਵਰਤਾਇਆ ਗਿਆ। ਬੁਲਾਰੇ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਖੇ ਆਧੁਨਿਕ ਸਹੁਲਤਾਂ ਵਾਲੇ ਦੀਵਾਨ ਹਾਲ ਦੀ ਉਸਾਰੀ ਦੀ ਸੇਵਾ ਵੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ਵਿਚ ਆਧੁਨਿਕ ਸਹੂਲਤਾਂ ਵਾਲੇ ਬਹੁਮੰਜ਼ਿਲੀ ਲੰਗਰ ਹਾਲ ਦੀ ਉਸਾਰੀ ਦਾ ਕੰਮ ਵੀ ਜਲਦ ਸ਼ੁਰੂ ਕਰਵਾਇਆ ਜਾਵੇਗਾ।