ਕਬੱਡੀ ਪ੍ਰਮੋਟਰ ਹੱਤਿਆ ਕਾਂਡ, ਜ਼ਖ਼ਮੀ ਪੁਲਿਸ ਮੁਲਾਜ਼ਮ ਦਾ ਹਾਲ ਜਾਨਣ ਹਸਪਤਾਲ ਪਹੁੰਚੇ ਹਲਕਾ ਵਿਧਾਇਕ
ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਹੱਤਿਆ ਕਾਂਡ, ਜ਼ਖ਼ਮੀ ਪੁਲਿਸ ਮੁਲਾਜ਼ਮ ਦਾ ਹਾਲ ਜਾਨਣ ਹਸਪਤਾਲ ਪਹੁੰਚੇ ਹਲਕਾ ਵਿਧਾਇਕ
Publish Date: Fri, 19 Dec 2025 06:59 PM (IST)
Updated Date: Fri, 19 Dec 2025 07:01 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਬੀਤੇ ਦਿਨੀਂ ਪ੍ਰਸਿੱਧ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦੀ ਹੱਤਿਆ ਦੀ ਵਾਰਦਾਤ ਦੌਰਾਨ ਆਪਣੀ ਡਿਊਟੀ ਨਿਭਾਉਂਦੇ ਹੋਏ ਲਾਲੜੂ ਵਿਖੇ ਹੋਈ ਵਾਰਦਾਤ ਦੌਰਾਨ ਜ਼ਖ਼ਮੀ ਹੋਏ ਪੁਲਿਸ ਮੁਲਾਜ਼ਮ ਦਾ ਹਾਲ-ਚਾਲ ਪੁੱਛਣ ਲਈ ਹਲਕਾ ਵਿਧਾਇਕ ਸ਼ੁੱਕਰਵਾਰ ਨੂੰ ਸਿਵਲ ਹਸਪਤਾਲ ਡੇਰਾਬੱਸੀ ਪਹੁੰਚੇ। ਜ਼ਿਕਰਯੋਗ ਹੈ ਕਿ ਹਮਲਾਵਰਾਂ ਵੱਲੋਂ ਕੀਤੀ ਗਈ ਗੋਲ਼ੀਬਾਰੀ ਦੌਰਾਨ ਪੁਲਿਸ ਮੁਲਾਜ਼ਮ ਹੌਲਦਾਰ ਗੁਲਾਬ ਸਿੰਘ ਦੀ ਲੱਤ ’ਚ ਗੋਲ਼ੀ ਲੱਗ ਗਈ ਸੀ। ਇਸ ਹਮਲੇ ਵਿਚ ਗੈਂਗਸਟਰ ਦੀ ਮੌਤ ਹੋ ਗਈ ਸੀ, ਜਦਕਿ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਿਆ ਸੀ। ਜ਼ਖ਼ਮੀ ਮੁਲਾਜ਼ਮ ਇਸ ਵੇਲੇ ਸਿਵਲ ਹਸਪਤਾਲ ਡੇਰਾਬੱਸੀ ਵਿਚ ਇਲਾਜ ਅਧੀਨ ਹੈ। ਜਿਸ ਦੇ ਚਲਦਿਆਂ ਹਸਪਤਾਲ ਪਹੁੰਚੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਜ਼ਖ਼ਮੀ ਮੁਲਾਜ਼ਮ ਅਤੇ ਉਸ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਮੁਲਾਜ਼ਮ ਦੀ ਬਹਾਦਰੀ ਦੀ ਸ਼ਲਾਘਾ ਕੀਤੀ। ਡਾਕਟਰਾਂ ਕੋਲੋਂ ਇਲਾਜ ਬਾਰੇ ਜਾਣਕਾਰੀ ਲਈ ਅਤੇ ਬਿਹਤਰ ਸਹੂਲਤਾਂ ਦੇਣ ਦੇ ਨਿਰਦੇਸ਼ ਦਿੱਤੇ। ਪੀੜਤ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਅਤੇ ਪ੍ਰਸ਼ਾਸਨ ਇਸ ਔਖੀ ਘੜੀ ਵਿਚ ਉਨ੍ਹਾਂ ਦੇ ਨਾਲ ਖੜ੍ਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਇਲਾਕੇ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਭੰਗ ਕਰਨ ਵਾਲੇ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਪੁਲਿਸ ਵੱਲੋਂ ਬਾਕੀ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਹ ਸਲਾਖਾਂ ਦੇ ਪਿੱਛੇ ਹੋਣਗੇ। ਇਸ ਮੌਕੇ ਐੱਸਐੱਮਓ ਡੇਰਾਬੱਸੀ ਧਰਮਿੰਦਰ ਸਿੰਘ, ਥਾਣਾ ਮੁਖੀ ਡੇਰਾਬੱਸੀ ਸੁਮਿਤ ਮੋਰ ਮੌਜੂਦ ਸਨ।