ਫਿਰੋਜ਼ਪੁਰ ਦੇ ਬਜੀਦਪੁਰ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੀ ਆਜ਼ਾਦ ਉਮੀਦਵਾਰ ਮਨਦੀਪ ਕੌਰ ਦੇ ਸਾਬਕਾ ਗੈਂਗਸਟਰ ਪਤੀ ਗੁਰਪ੍ਰੀਤ ਸਿੰਘ ਸੇਖੋਂ ਦੀ ਗਿ੍ਰਫ਼ਤਾਰੀ ਤੇ ਰਿਹਾਈ ਨੂੰ ਲੈ ਕੇ ਸ਼ੁੱਕਰਵਾਰ ਨੂੰ ਅਜੀਬ ਘਟਨਾ-ਚੱਕਰ ਚੱਲਿਆ। ਗੁਰਪ੍ਰੀਤ ਨੂੰ ਵੀਰਵਾਰ ਰਾਤ ਨੂੰ ਗਿ੍ਰਫ਼ਤਾਰ ਕੀਤਾ ਗਿਆ।

ਪੰਜਾਬੀ ਜਾਗਰਣ ਟੀਮ, ਫ਼ਿਰੋਜ਼ਪੁਰ/ਚੰਡੀਗੜ੍ਹ : ਫਿਰੋਜ਼ਪੁਰ ਦੇ ਬਜੀਦਪੁਰ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੀ ਆਜ਼ਾਦ ਉਮੀਦਵਾਰ ਮਨਦੀਪ ਕੌਰ ਦੇ ਸਾਬਕਾ ਗੈਂਗਸਟਰ ਪਤੀ ਗੁਰਪ੍ਰੀਤ ਸਿੰਘ ਸੇਖੋਂ ਦੀ ਗਿ੍ਰਫ਼ਤਾਰੀ ਤੇ ਰਿਹਾਈ ਨੂੰ ਲੈ ਕੇ ਸ਼ੁੱਕਰਵਾਰ ਨੂੰ ਅਜੀਬ ਘਟਨਾ-ਚੱਕਰ ਚੱਲਿਆ। ਗੁਰਪ੍ਰੀਤ ਨੂੰ ਵੀਰਵਾਰ ਰਾਤ ਨੂੰ ਗਿ੍ਰਫ਼ਤਾਰ ਕੀਤਾ ਗਿਆ। ਸ਼ੁੱਕਰਵਾਰ ਸਵੇਰੇ ਉਸ ਨੂੰ ਐੱਸਡੀਐੱਮ ਦੀ ਅਦਾਲਤ ਨੇ ਅਦਾਲਤੀ ਹਿਰਾਸਤ ’ਚ ਭੇਜ ਦਿੱਤਾ। ਬਾਅਦ ਦੁਪਹਿਰ ਹਾਈ ਕੋਰਟ ਨੇ ਤੁਰੰਤ ਪ੍ਰਭਾਵ ਨਾਲ ਉਸ ਦੀ ਰਿਹਾਈ ਦੇ ਹੁਕਮ ਜਾਰੀ ਕਰ ਦਿੱਤੇ। ਇਹੀ ਨਹੀਂ ਹਾਈ ਕੋਰਟ ਨੇ ਇਸ ਗ੍ਰਿਫ਼ਤਾਰੀ ਨੂੰ ਸਿਆਸੀ ਰੰਜਿਸ਼ ਨਾਲ ਜੁੜਿਆ ਕਰਾਰ ਦਿੱਤਾ। ਕੋਰਟ ਨੇ ਸਾਫ਼ ਕਿਹਾ ਕਿ ਜੇ ਜ਼ਮਾਨਤ ਦੀ ਪ੍ਰਕਿਰਿਆ ’ਚ ਰੁਕਾਵਟ ਪਾ ਕੇ ਕਿਸੇ ਨਾਗਰਿਕ ਦੀ ਆਜ਼ਾਦੀ ਖੋਹੀ ਗਈ ਹੈ ਤਾਂ ਇਹ ਸਿੱਧੇ ਤੌਰ ’ਤੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ ਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਤੈਅ ਹੈ। ਮਾਮਲਾ ਹੁਣ 17 ਦਸੰਬਰ ਨੂੰ ਫਿਰ ਤੋਂ ਹਾਈ ਕੋਰਟ ’ਚ ਜ਼ਰੂਰੀ ਸੂਚੀ ’ਚ ਸੁਣਿਆ ਜਾਵੇਗਾ।
ਫ਼ਿਰੋਜ਼ਪੁਰ ਪੁਲਿਸ ਨੇ ਵੀਰਵਾਰ ਰਾਤ ਨੂੰ ਪਿੰਡ ਕੁਲਗੜ੍ਹੀ ’ਚੋਂ ਗੁਰਪ੍ਰੀਤ ਸਿੰਘ ਸੇਖੋਂ ਨੂੰ ਗ੍ਰਿਫ਼ਤਾਰ ਕੀਤਾ ਸੀ। ਸ਼ੁੱਕਰਵਾਰ ਨੂੰ ਪੁਲਿਸ ਨੇ ਫਿਰੋਜ਼ਪੁਰ ਦੇ ਐੱਸਡੀਐੱਮ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਉਸ ਨੂੰ 18 ਦਸੰਬਰ ਤੱਕ ਅਦਾਲਤੀ ਹਿਰਾਸਤ ’ਚ ਜੇਲ੍ਹ ਭੇਜ ਦਿੱਤਾ ਗਿਆ। ਓਧਰ ਗੁਰਪ੍ਰੀਤ ਸਿੰਘ ਦੀ ਮਾਂ ਕੁਲਬੀਰ ਕੌਰ ਸੇਖੋਂ ਵੱਲੋਂ ਵਕੀਲ ਕੁਲਜਿੰਦਰ ਸਿੰਘ ਬਿਲਿੰਗ ਤੇ ਸੌਰਵ ਭਾਟੀਆਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਪਟੀਸ਼ਨ ਦਾਖ਼ਲ ਕਰ ਦਿੱਤੀ। ਪਟੀਸ਼ਨ ’ਚ ਦੱਸਿਆ ਗਿਆ ਕਿ ਪਿੰਡ ਦਾ ਸਰਪੰਚ ਮਨਦੀਪ ਸਿੰਘ, ਜੋ ਸੱਤਾਧਾਰੀ ਪਾਰਟੀ ਨਾਲ ਜੁੜਿਆ ਹੈ, ਪਰਿਵਾਰ ਨਾਲ ਸਿਆਸੀ ਰੰਜਿਸ਼ ਰੱਖਦਾ ਹੈ। ਇਸੇ ਰੰਜਿਸ਼ ਤਹਿਤ 12 ਦਸੰਬਰ ਨੂੰ ਪੁਲਿਸ ਨੇ ਬੀਐੱਨਐੱਸਐੱਸ ਦੀ ਧਾਰਾ 126/170 ਤਹਿਤ ਕਲੰਦਰਾ ਦਰਜ ਕਰ ਕੇ ਬਗ਼ੈਰ ਕਾਨੂੰਨੀ ਪ੍ਰੀਕਿਰਿਆ ਪੂਰੀ ਕੀਤੇ ਉਸ ਨੂੰ ਜੇਲ੍ਹ ਭੇਜ ਦਿੱਤਾ। ਪੁਲਿਸ ਦਾ ਕਹਿਣਾ ਸੀ ਕਿ ਸੇਖੋਂ ਖ਼ਿਲਾਫ਼ ਚੋਣਾਂ ’ਚ ਮਾਹੌਲ ਖ਼ਰਾਬ ਕਰਨ ਦੀ ਸੂਚਨਾ ਮਿਲੀ ਸੀ ਜਿਸ ’ਤੇ ਪ੍ਰਿਵੈਨਸ਼ਨ ਐਕਸ਼ਨ ਲੈਂਦਿਆਂ ਉਸ ਨੂੰ ਹਿਰਾਸਤ ’ਚ ਲਿਆ ਗਿਆ। ਅਦਾਲਤ ਨੂੰ ਦੱਸਿਆ ਗਿਆ ਕਿ ਐੱਸਡੀਐੱਮ ਨੇ ਇਹ ਕਹਿੰਦਿਆਂ ਕਿ ਵਿਰੋਧੀ ਧਿਰ ਨੇ ਕੋਈ ਜ਼ਮਾਨਤੀ ਬਾਂਡ ਪੇਸ਼ ਨਹੀ ਕੀਤਾ, ਸੇਖੋਂ ਨੂੰ ਅਦਾਲਤੀ ਹਿਰਾਸਤ ’ਚ ਭੇਜ ਦਿੱਤਾ। ਜਦਕਿ ਉਨ੍ਹਾਂ ਦੇ ਵਕੀਲ ਅਰਸ਼ਦੀਪ ਸਿੰਘ ਰੰਧਾਵਾ ਉਸੇ ਸਮੇਂ ਐੱਸਡੀਐੱਮ ਦੇ ਦਫ਼ਤਰ ਬਾਹਰ ਹਾਜ਼ਰ ਸਨ ਪਰ ਉਨ੍ਹਾਂ ਨੂੰ ਅੰਦਰ ਜਾਣ ਨਹੀਂ ਦਿੱਤਾ ਗਿਆ।
ਹਾਈ ਕੋਰਟ ਨੇ ਦਸਤਾਵੇਜ਼ ਪਰਖਣ ਤੋਂ ਬਾਅਦ ਮੰਨਿਆ ਕਿ ਜ਼ਮਾਨਤੀ ਅਪਰਾਧ ’ਚ, ਬਿਨਾਂ ਜ਼ਮਾਨਤ ਬਾਂਡ ਪੇਸ਼ ਕਰਨ ਦਾ ਮੌਕਾ ਦਿੱਤੇ ਗ੍ਰਿਫ਼ਤਾਰੀ ਕਾਨੂੰਨ ਦੇ ਬੁਨਿਆਦੀ ਸਿਧਾਂਤਾਂ ਦੇ ਉਲਟ ਹੈ। ਅਦਾਲਤ ਨੇ ਇਸ ਨੂੰ ਪ੍ਰਸ਼ਾਸਨਕ ਮਨਮਰਜ਼ੀ ਕਰਾਰ ਦਿੱਤਾ। ਅਦਾਲਤ ਨੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟ੍ਰੇਟ, ਫ਼ਿਰੋਜ਼ਪੁਰ ਨੂੰ ਨਿਰਦੇਸ਼ ਦਿੱਤਾ ਕਿ ਗੁਰਪ੍ਰੀਤ ਸੇਖੋਂ ਨੂੰ ਅੱਜ ਹੀ ਜ਼ਮਾਨਤ ਦੀ ਪੂਰੀ ਪ੍ਰਕਿਰਿਆ ਕਰ ਕੇ ਤੁਰੰਤ ਰਿਹਾਅ ਕੀਤਾ ਜਾਵੇ। ਜੇਕਰ ਸਬੰਧਤ ਐੱਸਡੀਐੱਮ ਉਪਲਬਧ ਨਹੀਂ ਹੈ ਤਾਂ ਇਹ ਪ੍ਰਕਿਰਿਆ ਡੀਸੀ ਆਪ ਜਾਂ ਸਬੰਧਤ ਥਾਣਾ ਇੰਚਾਰਜ ਵੱਲੋਂ ਪੂਰੀ ਕੀਤੀ ਜਾਵੇ। ਨਹੀਂ ਤਾਂ ਇਹ ਅਦਾਲਤ ਦੀ ਨਜ਼ਰ ’ਚ ਗੰਭੀਰ ਸੰਵਿਧਾਨਕ ਉਲੰਘਣਾ ਮੰਨੀ ਜਾਵੇਗੀ ਤੇ ਦੋਸ਼ੀ ਅਧਿਕਾਰੀ ਕਾਰਵਾਈ ਝੱਲਣ ਲਈ ਤਿਆਰ ਰਹਿਣ।
ਗ੍ਰਿਫ਼ਤਾਰੀ ਦੇ ਵਿਰੋਧ ’ਚ ਉਤਰੇ ਲੋਕ : ਇਸ ਤੋਂ ਪਹਿਲਾਂ ਫਿਰੋਜ਼ਪੁਰ ਪੁਲਿਸ ਨੇ ਜਿਵੇਂ ਹੀ ਗੁਰਪ੍ਰੀਤ ਸਿੰਘ ਸੇਖੋਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਇਲਾਕੇ ਦੀ ਸਿਆਸਤ ’ਚ ਹਲਚਲ ਮਚ ਗਈ ਹੈ। ਵੱਡੀ ਗਿਣਤੀ ’ਚ ਲੋਕ ਬਜੀਦਪੁਰ ’ਚ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਗ੍ਰਿਫ਼ਤਾਰੀ ਦਾ ਸਖ਼ਤ ਵਿਰੋਧ ਕੀਤਾ। ਸਾਬਕਾ ਅਕਾਲੀ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਤੇ ਗੁਰਪ੍ਰੀਤ ਸੇਖੋਂ ਦੇ ਵਕੀਲ ਅਰਸ਼ਦੀਪ ਰੰਧਾਵਾ ਨੇ ਗ੍ਰਿਫ਼ਤਾਰੀ ਨੂੰ ‘ਗੈਰ-ਕਾਨੂੰਨੀ’ ਤੇ ‘ਲੋਕਤੰਤਰ ਦੀ ਹੱਤਿਆ’ ਕਰਾਰ ਦਿੱਤਾ। ਗੁਰਪ੍ਰੀਤ ਸੇਖੋਂ ਦੀਆਂ ਛੋਟੀਆਂ ਧੀਆਂ ਨੇ ਵੀ ਪੁਲਿਸ ਅਧਿਕਾਰੀਆਂ ਨੂੰ ਆਪਣੇ ਪਿਤਾ ਨੂੰ ਤੁਰੰਤ ਰਿਹਾਅ ਕਰਨ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਗੁਰਪ੍ਰੀਤ ਸੇਖੋਂ ਨੇ ਗ੍ਰਿਫ਼ਤਾਰੀ ਤੋਂ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਦੋਸ਼ ਲਾਏ ਸਨ ਸੱਤਾਧਾਰੀ ਧਿਰ ਉਸ ਦੀ ਮਜ਼ਬੂਤ ਸਥਿਤੀ ਤੋਂ ਘਬਰਾ ਗਈ ਹੈ ਤੇ ਉਸ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਘਟੀਆ ਹੱਥਕੰਡੇ ਵਰਤ ਰਹੀ ਹੈ।