ਸੈਰ ਕਰ ਰਹੀ ਬਜ਼ੁਰਗ ਔਰਤ ਦੀਆਂ ਵਾਲੀਆਂ ਝਪਟੀਆਂ
ਮੁਹਾਲੀ 'ਚ ਵਧੀਆਂ ਲੁੱਟਾਂ-ਖੋਹਾਂ, ਬਜ਼ੁਰਗ ਔਰਤ ਦੇ ਕੰਨਾਂ 'ਚੋਂ ਵਾਲੀਆਂ ਖੋਹ ਕੇ ਲੁਟੇਰੇ ਫ਼ਰਾਰ,
Publish Date: Wed, 19 Nov 2025 07:10 PM (IST)
Updated Date: Wed, 19 Nov 2025 07:13 PM (IST)

ਸਥਾਨਕ ਲੋਕਾਂ ਨੇ ਸ਼ਾਮ ਨੂੰ ਪਾਰਕਾਂ ’ਚ ਪੀਸੀਆਰ ਦੀ ਡਿਊਟੀ ਲਾਉਣ ਦੀ ਕੀਤੀ ਮੰਗ ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਸ਼ਹਿਰ ’ਚ ਲੁੱਟ-ਖੋਹ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ, ਜਿਸ ਕਾਰਨ ਆਮ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਆਏ ਦਿਨ ਔਰਤਾਂ ਇਨ੍ਹਾਂ ਲੁਟੇਰਿਆਂ ਦਾ ਸ਼ਿਕਾਰ ਹੋ ਰਹੀਆਂ ਹਨ। ਬੀਤੀ ਰਾਤ ਮੁਹਾਲੀ ਫੇਜ਼ 2 ਦੇ ਰਾਧਾ ਕ੍ਰਿਸ਼ਨ ਮੰਦਰ ਦੇ ਸਾਹਮਣੇ ਸਥਿਤ ਗ੍ਰੀਨ ਪਾਰਕ ’ਚ ਸ਼ਾਮ ਕਰੀਬ 5 ਵਜੇ ਸੈਰ ਕਰ ਰਹੀ ਇਕ ਬਜ਼ੁਰਗ ਔਰਤ ਨੂੰ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ। ਪੀੜਤ ਔਰਤ ਬਲਵਿੰਦਰ ਕੌਰ ਨੇ ਦੱਸਿਆ ਕਿ ਉਹ ਕੁਝ ਹੋਰ ਔਰਤਾਂ ਨਾਲ ਸੈਰ ਕਰ ਰਹੀ ਸੀ, ਜਦੋਂ ਬਾਕੀ ਔਰਤਾਂ ਇਕ ਜਗ੍ਹਾ ਤੇ ਬੈਠ ਗਈਆਂ ਅਤੇ ਉਹ ਇਕੱਲੀ ਅੱਗੇ ਸੈਰ ਕਰਨ ਲੱਗੀ ਤਾਂ ਮੋਟਰਸਾਈਕਲ ਤੇ ਸਵਾਰ ਦੋ ਹੈਲਮਟ ਪਹਿਨੇ ਲੜਕੇ ਆਏ। ਉਨ੍ਹਾਂ ਵਿਚੋਂ ਇਕ ਲੜਕਾ ਪਾਰਕ ਦੇ ਅੰਦਰ ਆਇਆ ਅਤੇ ਉਸਨੇ ਬਲਵਿੰਦਰ ਕੌਰ ਦੇ ਦੋਵਾਂ ਹੱਥਾਂ ਨਾਲ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ ਅਤੇ ਫ਼ਰਾਰ ਹੋ ਗਿਆ। ਲੁੱਟ ਦੀ ਇਸ ਵਾਰਦਾਤ ਤੋਂ ਬਾਅਦ ਤੁਰੰਤ 112 ਨੰਬਰ ਤੇ ਕਾਲ ਕਰਕੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਣ ਤੇ ਪਹਿਲਾਂ ਪੀਸੀਆਰ ਦੀ ਟੀਮ ਮੌਕੇ ਤੇ ਪਹੁੰਚੀ, ਜਿਸ ਤੋਂ ਬਾਅਦ ਆਈਓ ਜਸਪਾਲ ਸਿੰਘ ਵੀ ਘਟਨਾ ਸਥਾਨ ਤੇ ਪਹੁੰਚੇ ਅਤੇ ਬਲਵਿੰਦਰ ਕੌਰ ਦੇ ਬਿਆਨ ਦਰਜ ਕੀਤੇ। ਆਈਓ ਜਸਪਾਲ ਸਿੰਘ ਨੇ ਪੀੜਤ ਔਰਤ ਨੂੰ ਭਰੋਸਾ ਦਿਵਾਇਆ ਕਿ ਪੁਲਿਸ ਵੱਲੋਂ ਇਸ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ ਤੋਂ ਬਾਅਦ ਸਥਾਨਕ ਵਸਨੀਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਲੁਟੇਰਿਆਂ ਵਿਚ ਪੁਲਿਸ ਦਾ ਕੋਈ ਡਰ ਨਹੀਂ ਰਿਹਾ ਅਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਵਸਨੀਕਾਂ ਨੇ ਖ਼ਾਸ ਤੌਰ ਤੇ ਮੰਗ ਕੀਤੀ ਹੈ ਕਿ ਸ਼ਾਮ ਦੇ ਸਮੇਂ ਪਾਰਕਾਂ ਵਿਚ ਪੀਸੀਆਰ ਦੀ ਡਿਊਟੀ ਲਗਾਈ ਜਾਵੇ ਤਾਂ ਜੋ ਲੁਟੇਰਿਆਂ ਨੂੰ ਰੋਕਿਆ ਜਾ ਸਕੇ ਅਤੇ ਆਮ ਲੋਕ ਸੁਰੱਖਿਅਤ ਮਹਿਸੂਸ ਕਰ ਸਕਣ।