ਨਾਜਾਇਜ਼ ਮਾਈਨਿੰਗ: ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ, ਟਰੈਕਟਰ-ਟਰਾਲੀ ਕਾਬੂ, ਚਾਲਕ ਫ਼ਰਾਰ
ਨਾਜਾਇਜ਼ ਮਾਈਨਿੰਗ: ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Publish Date: Sat, 15 Nov 2025 09:15 PM (IST)
Updated Date: Sat, 15 Nov 2025 09:17 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਘੱਗਰ ਦਰਿਆ ਦੇ ਕੰਢੇ ਪੈਂਦੇ ਪਿੰਡ ਕਕਰਾਲੀ ਵਿਖੇ ਨਾਜਾਇਜ਼ ਤਰੀਕੇ ਨਾਲ ਮਾਈਨਿੰਗ ਕਰਨ ਦੇ ਦੋਸ਼ ਹੇਠ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਹ ਕਾਰਵਾਈ ਮਾਈਨਿੰਗ ਮਾਫ਼ੀਆ ਵਿਰੁੱਧ ਪ੍ਰਸ਼ਾਸਨ ਦੀ ਸਖ਼ਤੀ ਨੂੰ ਦਰਸਾਉਂਦੀ ਹੈ। ਪੁਲਿਸ ਨੇ ਮੌਕੇ ਤੋਂ ਨਾਜਾਇਜ਼ ਮਾਈਨਿੰਗ ਵਿਚ ਵਰਤਿਆ ਗਿਆ ਇਕ ਟਰੈਕਟਰ-ਟਰਾਲੀ ਕਬਜ਼ੇ ਵਿਚ ਲੈ ਲਿਆ ਹੈ। ਛਾਪੇਮਾਰੀ ਦੌਰਾਨ ਟਰੈਕਟਰ ਦਾ ਚਾਲਕ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਡੇਰਾਬੱਸੀ ਸੁਮਿਤ ਮੋਰ ਅਨੁਸਾਰ, ਫ਼ਰਾਰ ਹੋਏ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਘੱਗਰ ਦਰਿਆ ਦੀ ਸੰਭਾਲ ਅਤੇ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣਗੇ। ਕਕਰਾਲੀ ਪਿੰਡ ਦਾ ਖੇਤਰ ਲੰਬੇ ਸਮੇਂ ਤੋਂ ਨਾਜਾਇਜ਼ ਮਾਈਨਿੰਗ ਲਈ ਸੁਰਖੀਆਂ ’ਚ ਰਿਹਾ ਹੈ, ਜਿੱਥੇ ਮਾਫ਼ੀਆ ਵੱਲੋਂ ਰਾਤ ਦੇ ਹਨੇਰੇ ਦਾ ਫਾਇਦਾ ਉਠਾ ਕੇ ਰੇਤ ਅਤੇ ਗਰੈਵਲ ਦੀ ਚੋਰੀ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਦੇਰ ਰਾਤ ਪੁਲਿਸ ਨੇ ਪਿੰਡ ਕਕਰਾਲੀ ਨੇੜੇ ਪੈਂਦੇ ਘੱਗਰ ਦਰਿਆ ’ਚ ਰੇਡ ਕੀਤੀ ਤਾਂ ਉਸ ਸਮੇਂ ਟਰੈਕਟਰ ਟਰਾਲੀਆਂ ਰਾਹੀਂ ਨਾਜਾਇਜ਼ ਤਰੀਕੇ ਨਾਲ ਰਾਤ ਦੇ ਹਨੇਰੇ ’ਚ ਮਾਈਨਿੰਗ ਕੀਤੀ ਜਾ ਰਹੀ ਸੀ। ਜਦੋਂ ਪੁਲਿਸ ਨੇ ਟਰੈਕਟਰ ਟਰਾਲੀ ਚਾਲਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਟਰੈਕਟਰ ਨੂੰ ਚਾਲੂ ਹਾਲਤ ਵਿਚ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ, ਇਸ ਦੌਰਾਨ ਗ਼ਨੀਮਤ ਇਹ ਰਹੀ ਕਿ ਪੁਲਿਸ ਮੁਲਾਜ਼ਮ ਟਰੈਕਟਰ ਟਰਾਲੀ ਦੀ ਲਪੇਟ ’ਚ ਆਉਣ ਤੋਂ ਬਚ ਗਿਆ।