ਪਿੰਡ ਸੈਣੀ ਮਾਜਰਾ ’ਚ ਨਾਜਾਇਜ਼ ਮਾਈਨਿੰਗ ਦਾ ਭੰਡਾ ਭੰਨਿਆ, ਪਰਚਾ ਦਰਜ
ਪਿੰਡ ’ਚ ਨਾਜਾਇਜ਼ ਮਾਈਨਿੰਗ ਦਾ ਭੰਡਾਫੋੜ, ਪਰਚਾ ਦਰਜ,
Publish Date: Wed, 19 Nov 2025 08:44 PM (IST)
Updated Date: Wed, 19 Nov 2025 08:46 PM (IST)

ਇਕ ਪੋਕਲੇਨ ਮਸ਼ੀਨ ਅਤੇ ਇਕ ਟਿੱਪਰ ਕਬਜ਼ੇ ’ਚ ਲਿਆ ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮਾਈਨਿੰਗ ਵਿਭਾਗ ਦੀ ਟੀਮ ਜੇਈ-ਕਮ-ਮਾਈਨਿੰਗ ਇੰਸਪੈਕਟਰ ਸ਼ੁਭਮ ਸਿੰਗਲਾ ਅਤੇ ਪੰਕਜ ਜਿੰਦਲ ਵੱਲੋਂ ਇਕ ਸ਼ਿਕਾਇਤ ਮਿਲਣ ਉਪਰੰਤ ਬਲਾਕ ਮਾਜਰੀ ਦੇ ਪਿੰਡ ਸੈਣੀ ਮਾਜਰਾ ਵਿਖੇ ਮੌਕੇ ਦਾ ਮੁਆਇਨਾ ਕੀਤਾ ਗਿਆ। ਜਾਂਚ ਦੌਰਾਨ ਦੋ ਥਾਵਾਂ ’ਤੇ ਵੱਡੇ ਪੱਧਰ ’ਤੇ ਨਾਜਾਇਜ਼ ਮਿੱਟੀ ਨਿਕਾਸੀ ਦਾ ਪਤਾ ਲੱਗਾ। ਜੀਪੀਐੱਸ ਕੋਆਰਡੀਨੇਟ 30.894987, 76.628732 ’ਤੇ ਲਗਭਗ 1,00,800 ਘਣ ਫੁੱਟ ਮਿੱਟੀ ਦੀ ਗ਼ੈਰ-ਕਾਨੂੰਨੀ ਖ਼ੁਦਾਈ ਦਰਜ ਕੀਤੀ ਗਈ, ਜਦਕਿ ਜੀਪੀਐੱਸ ਕੋਆਰਡੀਨੇਟ 30.895558, 76.628704 ’ਤੇ ਹੋਰ 1,06,920 ਘਣ ਫੁੱਟ ਨਾਜਾਇਜ਼ ਨਿਕਾਸੀ ਦੀ ਪੁਸ਼ਟੀ ਹੋਈ। ਮੌਕੇ ’ਤੇ ਮਿਲੇ ਸਬੂਤਾਂ ਦੇ ਆਧਾਰ ’ਤੇ ਮਾਈਨਿੰਗ ਵਿਭਾਗ ਨੇ ਤੁਰੰਤ ਕਾਰਵਾਈ ਕਰਦਿਆਂ ਸਤਨਾਮ ਸਿੰਘ ਪੁੱਤਰ ਉਜਾਗਰ ਸਿੰਘ ਨਿਵਾਸੀ ਪਿੰਡ ਖਿਜ਼ਰਾਬਾਦ ਵਿਰੁੱਧ ਐੱਫਆਈਆਰ ਦਰਜ ਕਰਵਾਈ। ਗ਼ੈਰ-ਕਾਨੂੰਨੀ ਮਾਈਨਿੰਗ ਵਿਚ ਵਰਤੀ ਜਾ ਰਹੀ ਇਕ ਪੋਕਲੇਨ ਮਸ਼ੀਨ ਅਤੇ ਇਕ ਟਿੱਪਰ ਨੂੰ ਵੀ ਕਬਜ਼ੇ ’ਚ ਲਿਆ ਗਿਆ ਹੈ। ਇਹ ਮਾਮਲਾ ਐੱਫਆਈਆਰ ਨੰ. 0116 ਮਿਤੀ 17 ਨਵੰਬਰ 2025 ਥਾਣਾ ਬਲਾਕ ਮਾਜਰੀ ਵਿਚ ਰਜਿਸਟਰ ਕੀਤਾ ਗਿਆ। ਵਿਭਾਗੀ ਅਧਿਕਾਰੀਆਂ ਨੇ ਕਿਹਾ ਕਿ ਗ਼ੈਰ-ਕਾਨੂੰਨੀ ਮਾਈਨਿੰਗ ਉਪਰ ਸਖ਼ਤ ਰੋਕ ਲਗਾਉਣ ਅਤੇ ਇਨ੍ਹਾਂ ਗਤੀਵਿਧੀਆਂ ਨੂੰ ਭਵਿੱਖ ਵਿਚ ਰੋਕਣ ਲਈ ਇਹ ਤੁਰੰਤ ਕਾਰਵਾਈ ਕੀਤੀ ਗਈ ਹੈ। ਇਸ ਤੋਂ ਇਲਾਵਾ, ਉਕਤ ਥਾਵਾਂ ’ਤੇ ਗ਼ੈਰ-ਕਾਨੂੰਨੀ ਨਿਕਾਸੀ ਸਬੰਧੀ ਆਰ-ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਅਤੇ ਜ਼ਰੂਰੀ ਨਿਸ਼ਾਨਦੇਹੀ ਅਤੇ ਅੱਗੇ ਦੀ ਕਾਰਵਾਈ ਲਈ ਸਬੰਧਤ ਰੈਵਿਨਿਊ ਵਿਭਾਗ ਨੂੰ ਸੂਚਿਤ ਕੀਤਾ ਗਿਆ ਹੈ।