ਮੀਆਂਪੁਰ ਦੇ ਹਰਵਿੰਦਰ ਸਿੰਘ ਨੇ ਐੱਮਐੱਸਸੀ ਇੰਡਸਟ੍ਰੀਅਲ ਕਮਿਸਟਰੀ ’ਚ ਸੋਨ ਤਮਗਾ ਕੀਤਾ ਹਾਸਲ
ਮੀਆਂਪੁਰ ਦੇ ਹਰਵਿੰਦਰ ਸਿੰਘ ਨੇ ਸੋਨ ਤਗ਼ਮਾ ਹਾਸਲ ਕੀਤਾ
Publish Date: Mon, 15 Dec 2025 05:54 PM (IST)
Updated Date: Mon, 15 Dec 2025 05:57 PM (IST)
ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ
ਲਾਲੜੂ : ਪਿੰਡ ਮੀਆਂਪੁਰ ਦੇ ਵਸਨੀਕ ਹਰਵਿੰਦਰ ਸਿੰਘ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ 73ਵੀਂ ਕਨਵੋਕੇਸ਼ਨ ਵਿਚ ਆਪਣੇ ਮਾਸਟਰ ਡਿਗਰੀ ਵਿਚ 92.93 ਫ਼ੀਸਦੀ ਨੰਬਰ ਪ੍ਰਾਪਤ ਕਰ ਕੇ ਸੋਨ ਤਮਗਾ (ਪਹਿਲੇ ਦਰਜੇ) ਨਾਲ ਐੱਮਐੱਸਸੀ ਇੰਡਸਟ੍ਰੀਅਲ ਕਮਿਸਟਰੀ ਦੀ ਡਿਗਰੀ ਹਾਸਲ ਕੀਤੀ ਹੈ। ਉਹ ਡਾ. ਐੱਸਐੱਸਬੀ ਯੂਨੀਵਰਸਿਟੀ ਇੰਸਟੀਚਿਊਟ ਆਫ਼ ਕੈਮੀਕਲ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਡਾ. ਐੱਸਐੱਸਬੀ ਯੂਆਈਸੀਈਟੀ) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਵਿਦਿਆਰਥੀ ਹੈ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪ੍ਰੋ. ਰੇਣੂ ਵਿਗ ਦੀ ਮੌਜੂਦਗੀ ਵਿਚ ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ ਲਈ ਹਰਵਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਹਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਉਨ੍ਹਾਂ ਦਾ ਦੂਜਾ ਸੋਨ ਤਮਗਾ ਹੈ।
ਇਸ ਤੋਂ ਪਹਿਲਾਂ ਉਨ੍ਹਾਂ ਨੂੰ ਚੰਡੀਗੜ੍ਹ ਯੂਨੀਵਰਸਿਟੀ ਤੋਂ ਬੀਐੱਸਸੀ ਕਮਿਸਟਰੀ (ਆਨਰਜ਼) ਵਿਚ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਮਾਸਟਰ ਡਿਗਰੀ ਦੌਰਾਨ ਉਨ੍ਹਾਂ ਨੇ ਇੰਜੀਨੀਅਰਿੰਗ ਫੈਕਲਟੀ ਲਈ ਪੰਜਾਬ ਯੂਨੀਵਰਸਿਟੀ ਪੀਐੱਚਡੀ ਦਾਖ਼ਲਾ ਪ੍ਰੀਖਿਆ ਵਿਚ ਪਹਿਲਾ ਸਥਾਨ ਵੀ ਪ੍ਰਾਪਤ ਕੀਤਾ। ਉਨ੍ਹਾਂ ਨੇ ਪ੍ਰੋਫੈਸਰ ਸੁਸ਼ੀਲ ਕੁਮਾਰ ਕਾਂਸਲ ਦੀ ਅਗਵਾਈ ਹੇਠ ਕੀਮਤੀ ਖੋਜ ਅਨੁਭਵ ਪ੍ਰਾਪਤ ਕੀਤਾ, ਜੋ ਕਿ ਦੁਨੀਆ ਭਰ ਦੇ ਚੋਟੀ ਦੇ 2 ਫ਼ੀਸਦੀ ਵਿਗਿਆਨੀਆਂ ਵਿਚ ਸੂਚੀਬੱਧ ਹਨ ਅਤੇ ਖੋਜ ਕਾਨਫ਼ਰੰਸਾਂ ਵਿਚ ਹਿੱਸਾ ਲਿਆ। ਇਸ ਮੌਕੇ ਹਰਵਿੰਦਰ ਸਿੰਘ, ਬਲਬੀਰ ਸਿੰਘ ਅਤੇ ਪਰਮਜੀਤ ਕੌਰ ਦੇ ਪੁੱਤਰ ਅਤੇ ਰਸਾਲ ਸਿੰਘ ਦੇ ਪੋਤੇ ਹਨ। ਉਨ੍ਹਾਂ ਦੱਸਿਆ ਕਿ ਇਹ ਸਭ ਕੁੱਝ ਉਨ੍ਹਾਂ ਦੇ ਚਾਚੇ ਸਵ. ਰਾਮ ਕੁਮਾਰ ਅਤੇ ਏਐੱਸਆਈ ਗੁਰਮੇਲ ਸਿੰਘ ਦੀ ਪ੍ਰੇਰਨਾ ਸਦਕਾ ਹੋਇਆ ਹੈ। ਇਸ ਮੌਕੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਉਦੇਸ਼ ਭਵਿੱਖ ਵਿਚ ਪੀਐੱਚਡੀ ਕਰਨਾ ਅਤੇ ਰਸਾਇਣ ਵਿਗਿਆਨ ਅਤੇ ਇੰਜੀਨੀਅਰਿੰਗ ਵਿਚ ਉੱਨਤ ਖੋਜ ਵਿਚ ਯੋਗਦਾਨ ਪਾਉਣਾ ਹੈ।