ਜ਼ੀਰਕਪੁਰ-ਪਰਵਾਣੂ ਗ੍ਰੀਨ ਕੌਰਿਡੋਰ ਪ੍ਰੋਜੈਕਟ ਸ਼ਹਿਰ ਦੀ ਤਸਵੀਰ ਤੇ ਤਕਦੀਰ ਬਦਲ ਦੇਵੇਗਾ: ਸੰਜੀਵ ਖੰਨਾ
ਗ੍ਰੀਨ ਕੌਰਿਡੋਰ ਪ੍ਰੋਜੈਕਟ ਸ਼ਹਿਰ ਦੀ ਤਸਵੀਰ ਤੇ ਤਕਦੀਰ ਬਦਲ ਦੇਵੇਗਾ: ਸੰਜੀਵ ਖੰਨਾ,
Publish Date: Mon, 19 Jan 2026 09:21 PM (IST)
Updated Date: Tue, 20 Jan 2026 04:19 AM (IST)
ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ :
ਭਾਜਪਾ ਦੇ ਸੀਨੀਅਰ ਨੇਤਾ ਸੰਜੀਵ ਖੰਨਾ ਨੇ ਜ਼ੀਰਕਪੁਰ-ਪਰਵਾਣੂ ਗ੍ਰੀਨ ਕੌਰੀਡੋਰ ਪ੍ਰੋਜੈਕਟ ਨੂੰ ਇਲਾਕੇ ਲਈ ਇਕ ਇਤਿਹਾਸਕ ਅਤੇ ਦੂਰਗਾਮੀ ਪ੍ਰਾਪਤੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਆਉਣ ਵਾਲੇ ਸਮੇਂ ਵਿਚ ਸ਼ਹਿਰ ਦੀ ਤਸਵੀਰ, ਤਕਦੀਰ ਅਤੇ ਰਫ਼ਤਾਰ ਤਿੰਨੇ ਬਦਲ ਕੇ ਰੱਖ ਦੇਵੇਗਾ। ਇਸ ਮਹੱਤਵਪੂਰਨ ਪ੍ਰੋਜੈਕਟ ਲਈ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।
ਸੰਜੀਵ ਖੰਨਾ ਨੇ ਕਿਹਾ ਕਿ ਜ਼ੀਰਕਪੁਰ ਪਿਛਲੇ ਕਈ ਸਾਲਾ ਤੋਂ ਉੱਤਰ ਭਾਰਤ ਦਾ ਮੁੱਖ ‘ਟ੍ਰੈਫਿਕ ਬੋਟਲਨੈਕ’ ਬਣਿਆ ਹੋਇਆ ਹੈ। ਦਿੱਲੀ ਅਤੇ ਪੰਜਾਬ ਤੋਂ ਸ਼ਿਮਲਾ ਜਾਣ ਵਾਲੇ ਵਾਹਨਾਂ ਕਾਰਨ ਇੱਥੇ ਘੰਟਿਆਂ ਬੱਧੀ ਜਾਮ ਲੱਗਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਗ੍ਰੀਨ ਕੌਰੀਡੋਰ ਦੇ ਬਣਨ ਨਾਲ ਭਾਰੀ ਟ੍ਰੈਫਿਕ ਸ਼ਹਿਰ ਦੇ ਅੰਦਰ ਆਉਣ ਦੀ ਬਜਾਏ ਬਾਹਰੋਂ ਹੀ ਡਾਈਵਰਟ ਹੋ ਜਾਵੇਗਾ। ਇਹ ਸੜਕ ਛੱਤ ਪਿੰਡ ਤੋਂ ਮੇਕਡੀ ਟੀ-ਪੁਆਇੰਟ ਰਾਹੀਂ ਹੁੰਦੀ ਹੋਈ ਪਿੰਡ ਨਗਲਾ, ਸਨੋਲੀ ਅਤੇ ਪੀਰਮੁਛੱਲਾ ਦੇ ਰਸਤੇ ਸਿੱਧੀ ਚੰਡੀਮੰਦਰ ਟੋਲ ਪਲਾਜ਼ਾ ਕੋਲ ਨਿਕਲੇਗੀ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਇਸ ਪ੍ਰੋਜੈਕਟ 'ਤੇ ਲਗਭਗ 1900 ਕਰੋੜ ਰੁਪਏ ਖਰਚ ਹੋਣਗੇ। ਇਸ ਦੀ ਟੈਕਨੀਕਲ ਬਿਡ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਅਤੇ ਅਗਲੇ ਤਿੰਨ ਸਾਲਾ ਵਿਚ ਇਸ ਨੂੰ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਖੰਨਾ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾ ਤੋਂ ਇਸ ਪ੍ਰੋਜੈਕਟ ਨੂੰ ਸਿਰੇ ਚੜ੍ਹਾਉਣ ਲਈ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਲਗਾਤਾਰ ਪੱਤਰ ਵਿਹਾਰ ਰਾਹੀਂ ਸੰਪਰਕ ਵਿਚ ਸਨ।
ਰੀਅਲ ਐਸਟੇਟ ਅਤੇ ਵਪਾਰ ਨੂੰ ਮਿਲੇਗਾ ਹੁਲਾਰਾ :
ਸੰਜੀਵ ਖੰਨਾ ਨੇ ਕਿਹਾ ਕਿ ਇਹ ਪ੍ਰੋਜੈਕਟ ਸਿਰਫ਼ ਟ੍ਰੈਫਿਕ ਤੱਕ ਸੀਮਿਤ ਨਹੀਂ ਹੈ, ਸਗੋਂ ਇਸ ਨਾਲ ਇਲਾਕੇ ਦੀ ਆਰਥਿਕਤਾ ਨੂੰ ਵੀ ਵੱਡਾ ਫਾਇਦਾ ਹੋਵੇਗਾ। ਬਿਹਤਰ ਕਨੈਕਟਿਵਟੀ ਕਾਰਨ ਜ਼ੀਰਕਪੁਰ ਵਿਚ ਰੀਅਲ ਐਸਟੇਟ ਕਾਰੋਬਾਰ ਅਤੇ ਜਾਇਦਾਦਾਂ ਦੀਆਂ ਕੀਮਤਾਂ ਵਿਚ ਵਾਧਾ ਹੋਵੇਗਾ। ਲਾਜਿਸਟਿਕ ਖਰਚੇ ਘਟਣ ਨਾਲ ਵਪਾਰੀਆਂ ਨੂੰ ਸਹੂਲਤ ਮਿਲੇਗੀ ਅਤੇ ਜ਼ੀਰਕਪੁਰ ਇਕ ਵੱਡੇ ਬਿਜ਼ਨਸ ਹੱਬ ਵਜੋਂ ਉਭਰੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਦੂਰਦਰਸ਼ੀ ਨੀਤੀ ਕਾਰਨ ਹੀ ਅੱਜ ਇਹ ਪ੍ਰੋਜੈਕਟ ਜ਼ਮੀਨੀ ਪੱਧਰ 'ਤੇ ਉਤਰਨ ਲਈ ਤਿਆਰ ਹੈ।
ਫੋਟੋ ਕੈਪਸ਼ਨ : ਗ੍ਰੀਨ ਕੌਰਿਡੋਰ ਪ੍ਰੋਜੈਕਟ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਆਗੂ ਸੰਜੀਵ ਖੰਨਾ। 23ਪੀ
ਫੋਟੋ ਕੈਪਸ਼ਨ : ਜ਼ੀਰਕਪੁਰ-ਪਰਵਾਣੂ ਗ੍ਰੀਨ ਕੌਰਿਡੋਰ ਪ੍ਰੋਜੈਕਟ ਦੇ ਸੰਭਾਵੀ ਪਲਾਨ ਦੀ ਤਸਵੀਰ। 24ਪੀ