ਸਰਕਾਰ ਮੌਤ ਦਾ ਕਾਰਨ ਬਣ ਰਹੇ ਧਾਗੇ ਨੂੰ ਰੋਕਣ ’ਚ ਨਕਾਮ, ਉਹ ਨਸ਼ਾ ਕਿਥੋਂ ਰੋਕ ਲਵੇਗੀ : ਰਾਮੂਵਾਲੀਆ
ਸਰਕਾਰ ਮੌਤ ਦਾ ਕਾਰਨ ਬਣ ਰਹੇ ਧਾਗੇ ਨੂੰ ਰੋਕਣ ’ਚ ਨਕਾਮ : ਅਮਨਜੋਤ ਕੌਰ ਰਾਮੂਵਾਲੀਆ
Publish Date: Sun, 25 Jan 2026 10:28 PM (IST)
Updated Date: Sun, 25 Jan 2026 10:31 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੈਂਬਰ ਬੀਬਾ ਅਮਨਜੋਤ ਕੌਰ ਰਾਮੂਵਾਲੀਆ ਨੇ ਚਾਈਨਾ ਡੋਰ ਦੀ ਲਪੇਟ ਵਿਚ ਆ ਕੇ ਜਾਨ ਗਵਾਉਣ ਵਾਲੇ 15 ਸਾਲਾ ਬੱਚੇ ਤਰਨਜੋਤ ਸਿੰਘ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਇਸ ਦੁੱਖ ਦੀ ਘੜੀ ’ਚੋਂ ਲੰਘ ਰਹੇ ਪਰਿਵਾਰ ਨਾਲ ਦਿਲੀ ਹਮਦਰਦੀ ਜਤਾਉਣ ਦੇ ਨਾਲ-ਨਾਲ ਸਰਕਾਰ ਤੇ ਅਫ਼ਸਰਸ਼ਾਹੀ ਨੂੰ ਵੀ ਘੇਰਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਕ ਧਾਗਾ ਜੋ ਲੋਕਾਂ ਨੂੰ ਮੌਤ ਦੇ ਮੂੰਹ ’ਚ ਧਕੇਲ ਰਿਹਾ ਅਤੇ ਦੁਕਾਨਾਂ ਰਾਹੀਂ ਵਿਕ ਰਿਹਾ, ਉਸ ਨੂੰ ਰੋਕ ਨਹੀਂ ਪਾ ਰਹੀ, ਇਹ ਨਸ਼ਿਆਂ ਨੂੰ ਕਿੱਥੋਂ ਰੋਕ ਲਵੇਗੀ। ਅਮਨਜੋਤ ਕੌਰ ਰਾਮੂਵਾਲੀਆ ਨੇ ਸਮੂਹ ਪੰਜਾਬੀਆਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਹੈ, ਕਿਉਂਕਿ ਇਸ ਨਾਲ ਪੰਛੀਆਂ ਅਤੇ ਮਨੁੱਖੀ ਜਾਨਾਂ ਨੂੰ ਵੱਡਾ ਖ਼ਤਰਾ ਹੈ। ਇਸ ਡੋਰ ਕਾਰਨ ਆਏ ਦਿਨ ਘਰਾਂ ਦੇ ਚਿਰਾਗ਼ ਬੁੱਝ ਰਹੇ ਹਨ। ਅਮਨਜੋਤ ਕੌਰ ਨੇ ਕਿਹਾ ਕਿ ਉਹ ਇਸ ਨੂੰ ਸਰਕਾਰ ਦੀ ਵੱਡੀ ਨਾਲਾਇਕੀ ਮੰਨਦੀ ਹੈ ਤੇ ਮੰਗ ਕਰਦੀ ਹੈ ਕਿ ਜਿਹੜੇ ਅਫ਼ਸਰ ਇਸ ਮੌਤ ਦੇ ਧੰਦੇ ਨੂੰ ਰੋਕਣ ਦੀ ਥਾਂ ਆਪਣੇ ਲਾਲਚ ਖ਼ਾਤਰ ਇਸ ਨੂੰ ਸ਼ਹਿ ਦੇ ਰਹੇ ਹਨ, ਉਨ੍ਹਾਂ ਨੂੰ ਪਛਾਣ ਕੇ ਉਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।