ਜੀਐੱਮ ਰੋਡਵੇਜ਼ ਵੱਲੋਂ ਕੁਰਾਲੀ ਬੱਸ ਸਟਾਪ ਦਾ ਦੌਰਾ; ਬੱਸਾਂ ਦੇ ਲਾਜ਼ਮੀ ਠਹਿਰਾਅ ਨੂੰ ਯਕੀਨੀ ਬਣਾਉਣ ਲਈ ਵਾਧੂ ਸਟਾਫ਼ ਤਾਇਨਾਤ
ਜੀਐੱਮ ਰੋਡਵੇਜ਼ ਵੱਲੋਂ ਕੁਰਾਲੀ ਬੱਸ ਸਟਾਪ ਦਾ ਦੌਰਾ;
Publish Date: Tue, 30 Dec 2025 06:49 PM (IST)
Updated Date: Tue, 30 Dec 2025 06:50 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਕੁਰਾਲੀ : ਪੰਜਾਬ ਰੋਡਵੇਜ਼, ਰੂਪਨਗਰ ਦੇ ਜਨਰਲ ਮੈਨੇਜਰ ਪਰਮਵੀਰ ਸਿੰਘ ਨੇ ਮੰਗਲਵਾਰ ਨੂੰ ਕੁਰਾਲੀ ਬੱਸ ਸਟਾਪ ਦਾ ਦੌਰਾ ਕਰਕੇ ਯਾਤਰੀ ਸੁਵਿਧਾਵਾਂ ਦਾ ਜਾਇਜ਼ਾ ਲਿਆ। ਇਸ ਮੌਕੇ ਰੋਜ਼ਾਨਾ ਯਾਤਰੀਆਂ ਦੀ ਸਹੂਲਤ ਨੂੰ ਧਿਆਨ ’ਚ ਰੱਖਦੇ ਹੋਏ ਕੁਰਾਲੀ ਬੱਸ ਸਟੈਂਡ ’ਤੇ ਸਾਰੀਆਂ ਬੱਸਾਂ ਦੇ ਲਾਜ਼ਮੀ ਠਹਿਰਾਅ ਨੂੰ ਯਕੀਨੀ ਬਣਾਉਣ ਲਈ ਵਾਧੂ ਰੋਡਵੇਜ਼ ਕਰਮਚਾਰੀ ਤਾਇਨਾਤ ਕੀਤੇ ਗਏ। ਜੀਐੱਮ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਸਾਰੀਆਂ ਬੱਸਾਂ ਲਈ ਕੁਰਾਲੀ ਬੱਸ ਸਟੈਂਡ ’ਤੇ ਰੁਕਣਾ ਅਤੇ ਯਾਤਰੀਆਂ ਨੂੰ ਬਿਠਾਉਣਾ ਲਾਜ਼ਮੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਕਰਮਚਾਰੀਆਂ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹੁਕਮਾਂ ਦੀ ਪ੍ਰਭਾਵਸ਼ਾਲੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਕੁਰਾਲੀ ਬੱਸ ਸਟੈਂਡ ’ਤੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਰੋਡਵੇਜ਼ ਕਰਮਚਾਰੀ ਤਾਇਨਾਤ ਰਹਿਣਗੇ, ਜੋ ਬੱਸਾਂ ਦੀ ਆਵਾਜਾਈ ’ਤੇ ਨਿਗਰਾਨੀ ਰੱਖਣਗੇ ਅਤੇ ਇਹ ਯਕੀਨੀ ਬਣਾਉਣਗੇ ਕਿ ਕੋਈ ਵੀ ਬੱਸ ਨਿਰਧਾਰਤ ਠਹਿਰਾਅ ਤੋਂ ਬਿਨਾਂ ਨਾ ਜਾਵੇ। ਜੀਐੱਮ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਟਰਾਂਸਪੋਰਟ ਵਿਭਾਗ ਯਾਤਰੀਆਂ ਨੂੰ ਸੁਰੱਖਿਅਤ, ਭਰੋਸੇਯੋਗ ਅਤੇ ਯਾਤਰੀ-ਮਿੱਤਰ ਸਰਵਜਨਿਕ ਆਵਾਜਾਈ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਫ਼ੈਸਲੇ ਦਾ ਯਾਤਰੀਆਂ ਵੱਲੋਂ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਬੱਸਾਂ ਦੇ ਨਿਯਮਤ ਠਹਿਰਾਅ ਨੂੰ ਲੈ ਕੇ ਵਧੀਕ ਪ੍ਰਬੰਧਾਂ ’ਤੇ ਸੰਤੁਸ਼ਟੀ ਪ੍ਰਗਟ ਕੀਤੀ।