ਗਊ ਗ੍ਰਾਸ ਸੇਵਾ ਸਮਿਤੀ ਵੱਲੋਂ ਭਜਨ ਕੀਰਤਨ ਸਮਾਗਮ ਕਰਵਾਇਆ
ਗਊ ਗ੍ਰਾਸ ਸੇਵਾ ਸਮਿਤੀ ਵੱਲੋਂ ਭਜਨ ਕੀਰਤਨ ਸਮਾਗਮ ਦਾ ਆਯੋਜਨ
Publish Date: Sat, 15 Nov 2025 06:10 PM (IST)
Updated Date: Sat, 15 Nov 2025 06:11 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਗਊ ਗ੍ਰਾਸ ਸੇਵਾ ਸਮਿਤੀ ਵੱਲੋਂ ਉਤਪਣਾ ਇਕਾਦਸ਼ੀ ਦੇ ਮੌਕੇ ’ਤੇ ਗਊ ਹਸਪਤਾਲ ਅਤੇ ਗਊਸ਼ਾਲਾ, ਫੇਜ਼-1, ਮੁਹਾਲੀ ਵਿਖੇ ਭਜਨ ਕੀਰਤਨ ਦਾ ਸਮਾਗਮ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਗਊ ਸੇਵਾ ਪ੍ਰਮੁੱਖ ਸ਼੍ਰੀ ਚੰਦਰਕਾਂਤ ਮਹਾਰਾਜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਇਸ ਮੌਕੇ ਆਈ ਸੰਗਤ ਨੂੰ ਗਊ ਮਾਤਾ ਦੀ ਮਹਿਮਾ ਅਤੇ ਇਕਾਦਸ਼ੀ ਦੇ ਦਿਨ ਦਾ ਮਹੱਤਵ ਦੱਸਦਿਆਂ ਕਿਹਾ ਕਿ ਅੱਜ ਦੇ ਵਿਸ਼ੇਸ਼ ਦਿਨ ਹੀ ਇਕਾਦਸ਼ੀ ਮਹਾਰਾਣੀ ਉਤਪੰਨ ਹੋਈ ਅਤੇ ਪੁਰਾਣਾ ਦੇ ਅਨੁਸਾਰ ਅੱਜ ਦੇ ਦਿਨ ਵਰਤ ਕਰਨ ਦਾ ਬਹੁਤ ਮਹੱਤਵ ਹੈ। ਸਮਿਤੀ ਦੇ ਪ੍ਰਧਾਨ ਸੁਧੀਰ ਕੁਮਾਰ ਗੋਇਲ ਨੇ ਦੱਸਿਆ ਕਿ ਸਮਿਤੀ ਵੱਲੋਂ ਆਉਣ ਵਾਲੇ ਸਮੇਂ ਦੌਰਾਨ ਦੁਰਘਟਨਾਗ੍ਰਸਤ, ਜ਼ਖ਼ਮੀ ਅਤੇ ਬਿਮਾਰ ਗਊਆਂ ਦੇ ਮੁਫ਼ਤ ਇਲਾਜ ਅਤੇ ਸੇਵਾ ਸੰਭਾਲ ਵਾਸਤੇ ਮੁਹਾਲੀ ਵਿਖੇ ਇਕ ਵੱਡਾ ਮਲਟੀ ਸਪੈਸ਼ਲਿਸਟੀ ਗਊ ਹਸਪਤਾਲ ਬਣਾਇਆ ਜਾ ਰਿਹਾ ਹੈ, ਜਿਸ ਵਾਸਤੇ ਅੱਜ ਤੋਂ ਭੂਮੀ ਦਾਨ ਅਭਿਆਨ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਵਿਖੇ ਗਊ ਹਸਪਤਾਲ ਬਣਾਉਣ ਵਾਸਤੇ ਮਾਰਕੀਟ ਰੇਟ ਦੇ ਮੁਤਾਬਕ ਇਕ ਗੱਜ ਦੀ ਕੀਮਤ ਅੰਦਾਜ਼ਨ 11 ਹਾਜ਼ਰ ਰੁਪਏ ਹੈ ਅਤੇ ਸਮਿਤੀ ਵੱਲੋਂ ਪਹਿਲੇ ਚਰਨ ਵਿਚ ਇਕ ਏਕੜ ਜ਼ਮੀਨ ਖ਼ਰੀਦਣ ਦਾ ਸੰਕਲਪ ਲਿਆ ਹੈ। ਉਨ੍ਹਾਂ ਕਿਹਾ ਕਿ ਸਮਿਤੀ ਇਸ ਟੀਚੇ ਨੂੰ ਪੂਰਾ ਕਰਨ ਲਈ ਮੁਹਾਲੀ ਸ਼ਹਿਰ ਵਿਖੇ ਗਊ ਭਗਤ ਪਰਿਵਾਰਾਂ ਕੋਲ ਭੂਮੀ ਦਾਨ ਲਈ ਪਹੁੰਚ ਕਰੇਗੀ ਅਤੇ ਘੱਟੋ ਘੱਟ ਇਕ ਗੱਜ ਭੂਮੀ ਗਊ ਹਸਪਤਾਲ ਲਈ ਦਾਨ ਕਰਨ ਵਾਸਤੇ ਬੇਨਤੀ ਕਰੇਗੀ। ਇਸ ਮੌਕੇ ਪ੍ਰੋਗਰਾਮ ਵਿਚ ਆਈ ਸੰਗਤ ਵੱਲੋਂ ਭੂਮੀ ਦਾਨ ਵਾਸਤੇ ਆਪਣੇ-ਆਪਣੇ ਨਾਮ ਲਿਖਾਏ ਗਏ ਅਤੇ ਸਮਿਤੀ ਨੂੰ ਪਹਿਲੇ ਹੀ ਦਿਨ ਕੁੱਲ 36 ਗੱਜ ਭੂਮੀ ਲਈ ਦਾਨ ਪ੍ਰਾਪਤ ਹੋਇਆ।