ਵਰਕਰ ਯੂਨੀਅਨ ਦਾ ਦੋਸ਼ ਹੈ ਕਿ ਉਹ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਹੜਤਾਲ ਕਰ ਰਹੇ ਹਨ, ਪਰ ਇਸ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ ਜਾ ਰਿਹਾ। ਯੂਨੀਅਨ ਨਾਲ ਜੁੜੇ ਵਰਕਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਹੜਤਾਲ ਜਾਰੀ ਰਹੇਗੀ

ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਸਮੁੱਚੇ ਪੰਜਾਬ ਵਿਚ ਆਊਟ ਸੋਰਸ ਵਰਕਰ ਯੂਨੀਅਨ ਵੱਲੋਂ ਬੀਤੀ 6 ਮਈ ਤੋਂ ਸ਼ੁਰੂ ਕੀਤੀ ਗਈ ਅਣਮਿੱਥੇ ਸਮੇਂ ਦੀ ਹੜਤਾਲ ਐਤਵਾਰ ਨੂੰ 12ਵੇਂ ਦਿਨ ਵਿਚ ਦਾਖ਼ਲ ਹੋ ਗਈ ਹੈ। ਸਰਕਾਰ ਅਤੇ ਯੂਨੀਅਨ ਵਿਚਾਲੇ ਚੱਲ ਰਹੀ ਇਸ ਖਿੱਚੋਤਾਣ ਦਾ ਖ਼ਮਿਆਜ਼ਾ ਹੁਣ ਜ਼ੀਰਕਪੁਰ ਸ਼ਹਿਰ ਦੇ ਨਿਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ। ਸ਼ਹਿਰ ਦੇ ਕਈ ਮੁੱਖ ਚੌਕਾਂ, ਸੜਕਾਂ ਅਤੇ ਵੱਖ-ਵੱਖ ਰਿਹਾਇਸ਼ੀ ਖੇਤਰਾਂ ਵਿਚ ਕੂੜੇ ਦੀ ਸਮੱਸਿਆ ਬੇਹੱਦ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ। ਡੋਰ-ਟੂ-ਡੋਰ (ਘਰ-ਘਰ) ਕੂੜਾ ਇਕੱਠਾ ਕਰਨ ਵਾਲੀ ਸੇਵਾ ਪੂਰੀ ਤਰ੍ਹਾਂ ਪ੍ਰਭਾਵਿਤ ਹੋਣ ਕਾਰਨ ਇਕ ਪਾਸੇ ਲੋਕਾਂ ਦੇ ਘਰਾਂ ਅਤੇ ਰਿਹਾਇਸ਼ੀ ਖੇਤਰਾਂ ਵਿਚ ਕੂੜਾ ਜਮ੍ਹਾਂ ਹੋਣਾ ਸ਼ੁਰੂ ਹੋ ਗਿਆ ਹੈ, ਜਦਕਿ ਦੂਜੇ ਪਾਸੇ ਮੁੱਖ ਸੜਕਾਂ 'ਤੇ ਫੈਲੀ ਗੰਦਗੀ ਕਾਰਨ ਲੋਕਾਂ ਨੂੰ ਰੋਜ਼ਾਨਾ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੰਗਾਂ 'ਤੇ ਅੜੀ ਯੂਨੀਅਨ, ਸਰਕਾਰ 'ਤੇ ਲਾਇਆ ਬੇਰੁਖ਼ੀ ਦਾ ਦੋਸ਼
ਵਰਕਰ ਯੂਨੀਅਨ ਦਾ ਦੋਸ਼ ਹੈ ਕਿ ਉਹ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਹੜਤਾਲ ਕਰ ਰਹੇ ਹਨ, ਪਰ ਇਸ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ ਜਾ ਰਿਹਾ। ਯੂਨੀਅਨ ਨਾਲ ਜੁੜੇ ਵਰਕਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਹੜਤਾਲ ਜਾਰੀ ਰਹੇਗੀ। ਦੱਸਣਯੋਗ ਹੈ ਕਿ ਬੀਤੇ ਦਿਨੀਂ ਸਫ਼ਾਈ ਵਰਕਰ ਯੂਨੀਅਨ ਦੇ ਪ੍ਰਧਾਨ ਪ੍ਰਦੀਪ ਸੂਦ ਦੀ ਅਗਵਾਈ ਹੇਠ ਸਫ਼ਾਈ ਮੁਲਾਜ਼ਮਾਂ ਵੱਲੋਂ ਨਗਰ ਕੌਂਸਲ ਦਫ਼ਤਰ ਵਿਚ ਗੰਦਗੀ ਖਿਲਾਰ ਕੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਸੀ, ਜਿਸ ਦਾ ਅਸਰ ਹੁਣ ਪੂਰੇ ਸ਼ਹਿਰ ਵਿਚ ਦਿਖਾਈ ਦੇ ਰਿਹਾ ਹੈ।
ਕੂੜੇ ਦੇ ਉਤਪਾਦਨ ਕਾਰਨ ਬਣੇ ਹਾਲਾਤ ਬੇਕਾਬੂ
ਸ਼ਹਿਰ ਦੇ ਸਭ ਤੋਂ ਵਿਅਸਤ ਇਲਾਕਿਆਂ ਜਿਵੇਂ ਕੋਹਿਨੂਰ ਢਾਬਾ ਚੌਕ, ਪਟਿਆਲਾ ਚੌਕ, ਨਗਰ ਕੌਂਸਲ ਸੜਕ, ਵੀਆਈਪੀ ਰੋਡ ਅਤੇ ਹੋਰ ਕਈ ਖੇਤਰਾਂ ਵਿਚ ਕੂੜੇ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਸਿੰਘਪੁਰਾ ਕੂੜਾ ਕੁਲੈਕਸ਼ਨ ਸੈਂਟਰ ਦੀ ਸਥਿਤੀ ਵੀ ਓਵਰਫਲੋ ਹੋਣ ਕਾਰਨ ਚਿੰਤਾਜਨਕ ਦੱਸੀ ਜਾ ਰਹੀ ਹੈ। ਨਗਰ ਕੌਂਸਲ ਦੇ ਰਿਕਾਰਡ ਅਨੁਸਾਰ ਸ਼ਹਿਰ ਵਿਚ ਰੋਜ਼ਾਨਾ ਲਗਭਗ 90 ਟਨ ਕੂੜਾ ਨਿਕਲਦਾ ਹੈ। ਅਜਿਹੀ ਸਥਿਤੀ ਵਿਚ ਲਗਾਤਾਰ ਚੱਲ ਰਹੀ ਹੜਤਾਲ ਕਾਰਨ ਸ਼ਹਿਰ 'ਤੇ ਕੂੜੇ ਦਾ ਦਬਾਅ ਕਈ ਗੁਣਾ ਵੱਧ ਗਿਆ ਹੈ। ਸਥਾਨਕ ਲੋਕਾਂ ਮੁਤਾਬਕ ਕੁਝ ਖੇਤਰਾਂ ਵਿਚ ਕੂੜੇ ਨਾਲ ਭਰੀਆਂ ਟਰਾਲੀਆਂ ਲਿਆ ਕੇ ਕੂੜੇ ਦੇ ਢੇਰ ਬਣਾਏ ਗਏ ਹਨ, ਜਿਸ ਕਾਰਨ ਸਮੱਸਿਆ ਹੋਰ ਵੱਧ ਗਈ ਹੈ।
ਗਰਮੀ ਵਿਚ ਦੁਕਾਨਦਾਰਾਂ ਅਤੇ ਰਾਹਗੀਰਾਂ ਦਾ ਜੀਣਾ ਹੋਇਆ ਮੁਹਾਲ
ਜ਼ੀਰਕਪੁਰ ਦੇ ਮੁੱਖ ਬਾਜ਼ਾਰ ਦੇ ਦੁਕਾਨਦਾਰ ਜਥੇਦਾਰ ਹਰਬੰਸ ਸਿੰਘ ਬਲਟਾਣਾ, ਕੁਲਦੀਪ ਸਿੰਘ, ਅਵਤਾਰ ਸਿੰਘ, ਰਮੇਸ਼ ਗਰਗ, ਮਹਾਵੀਰ ਧੀਮਾਨ, ਪਰਮਜੀਤ ਸਿੰਘ ਅਤੇ ਸੁਰਿੰਦਰ ਕੌਰ ਨੇ ਦੱਸਿਆ ਕਿ ਭਿਆਨਕ ਗਰਮੀ ਦੇ ਮੌਸਮ ਵਿਚ ਕੂੜੇ ਦੀ ਬਦਬੂ ਕਾਰਨ ਦੁਕਾਨਾਂ ਅੱਗੇ ਖੜ੍ਹਾ ਰਹਿਣਾ ਵੀ ਮੁਸ਼ਕਲ ਹੋ ਰਿਹਾ ਹੈ। ਪਟਿਆਲਾ ਚੌਕ ਵਰਗੇ ਵਿਅਸਤ ਖੇਤਰਾਂ ਵਿਚ ਡਿਊਟੀ ਨਿਭਾ ਰਹੇ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਵੀ ਬਦਬੂ ਵਾਲੇ ਮਾਹੌਲ ਵਿਚ ਕੰਮ ਕਰਨਾ ਪੈ ਰਿਹਾ ਹੈ। ਕੂੜੇ ਦੇ ਢੇਰਾਂ ਕੋਲ ਆਵਾਰਾ ਪਸ਼ੂਆਂ ਦੀ ਆਵਾਜਾਈ ਵਧਣ ਅਤੇ ਮੱਖੀਆਂ-ਮੱਛਰਾਂ ਕਾਰਨ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਕੀ ਕਹਿਣਾ ਹੈ ਅਧਿਕਾਰੀਆਂ ਦਾ?
ਮਾਮਲੇ ਸਬੰਧੀ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਪਰਵਿੰਦਰ ਸਿੰਘ ਭੱਟੀ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਹਰ ਰੋਜ਼ ਵਰਕਰ ਯੂਨੀਅਨ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਫੈਲ ਰਹੀ ਗੰਦਗੀ ਅਸਲ 'ਚ ਇਕ ਗੰਭੀਰ ਮੁੱਦਾ ਹੈ ਅਤੇ ਇਸ ਨਾਲ ਨਜਿੱਠਣ ਲਈ ਬਦਲਵੇਂ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਵਰਕਰ ਯੂਨੀਅਨ ਦੀਆਂ ਮੰਗਾਂ ਸਬੰਧੀ ਫ਼ੈਸਲਾ ਸਰਕਾਰ ਪੱਧਰ 'ਤੇ ਹੋਣਾ ਹੈ।