ਸਾਬਕਾ ਨਗਰ ਕੌਂਸਲ ਪ੍ਰਧਾਨ ਰੈਡੀ ਨੂੰ ਸਦਮਾ, ਪਿਤਾ ਦਾ ਦਿਹਾਂਤ
ਸਾਬਕਾ ਨਗਰ ਕੌਂਸਲ ਪ੍ਰਧਾਨ ਰਣਜੀਤ ਸਿੰਘ ਰੈਡੀ ਦੇ ਪਿਤਾ ਦਾ ਦਿਹਾਂਤ
Publish Date: Wed, 07 Jan 2026 06:24 PM (IST)
Updated Date: Wed, 07 Jan 2026 06:27 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਨਗਰ ਕੌਂਸਲ ਡੇਰਾਬੱਸੀ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਰੈਡੀ ਦੇ ਪਿਤਾ ਸਰਦਾਰ ਗੁਰਬਚਨ ਸਿੰਘ (76) ਪਿੰਡ ਕਾਰਕੌਰ ਦਾ ਸੰਖੇਪ ਬਿਮਾਰੀ ਮਗਰੋਂ 6 ਜਨਵਰੀ ਨੂੰ ਦੇਹਾਂਤ ਹੋ ਗਿਆ। ਉਹਨਾਂ ਦਾ ਅੰਤਿਮ ਸੰਸਕਾਰ ਬੈਨੀਪਾਲ ਫਾਰਮ ਪਿੰਡ ਕਾਰਕੌਰ ਵਿਖੇ 7 ਜਨਵਰੀ ਨੂੰ ਕੀਤਾ ਗਿਆ। ਉਹਨਾਂ ਦੇ ਅੰਤਿਮ ਸਸਕਾਰ ਮੌਕੇ ਵੱਡੀ ਗਿਣਤੀ ਵਿਚ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸਖਸ਼ੀਅਤਾਂ ਤੋਂ ਇਲਾਵਾ ਰਿਸ਼ਤੇਦਾਰ ਹਾਜ਼ਰ ਸਨ। ਸਵਰਗੀ ਗੁਰਬਚਨ ਸਿੰਘ ਦੀ ਅੰਤਿਮ ਅਰਦਾਸ 18 ਜਨਵਰੀ ਨੂੰ ਉਹਨਾਂ ਦੇ ਪਿੰਡ ਕਾਰਕੌਰ ਦੇ ਗੁਰਦੁਆਰਾ ਸਾਹਿਬ ਵਿਖੇ 12 ਤੋਂ 1 ਵਜੇ ਤੱਕ ਹੋਵੇਗੀ। ਸਵਰਗੀ ਸ. ਗੁਰਬਚਨ ਸਿੰਘ ਇੱਕ ਸਾਦਗੀ ਪਸੰਦ, ਮਿਲਣਸਾਰ ਅਤੇ ਲੋਕ ਸੇਵਾ ਨੂੰ ਸਮਰਪਿਤ ਵਿਅਕਤੀ ਸਨ। ਉਹ ਆਪਣੇ ਜੀਵਨ ਦੌਰਾਨ ਪਿੰਡ ਦੇ ਸਰਪੰਚ, ਬਲਾਕ ਸੰਮਤੀ ਮੈਂਬਰ ਅਤੇ ਮਾਰਕੀਟ ਕਮੇਟੀ ਦੇ ਮੈਂਬਰ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਹਮੇਸ਼ਾਂ ਪਿੰਡ ਅਤੇ ਇਲਾਕੇ ਦੇ ਵਿਕਾਸ ਲਈ ਯਤਨ ਕੀਤੇ ਅਤੇ ਲੋਕਾਂ ਦੀ ਭਲਾਈ ਨੂੰ ਪਹਿਲ ਦਿੱਤੀ। ਉਹ ਆਪਣੇ ਪਿੱਛੇ ਦੋ ਪੁੱਤਰ—ਵੱਡਾ ਪੁੱਤਰ ਰਣਜੀਤ ਸਿੰਘ ਰੈਡੀ ਅਤੇ ਛੋਟਾ ਪੁੱਤਰ ਮਲਕੀਤ ਸਿੰਘ ਅਤੇ ਇੱਕ ਬੇਟੀ ਛੱਡ ਗਏ ਹਨ। ਗੌਰਤਲਬ ਹੈ ਕਿ ਸਰਦਾਰ ਗੁਰਬਚਨ ਸਿੰਘ ਦੇ ਵੱਡੇ ਭਰਾ ਸਰਦਾਰ ਹਰਨੇਕ ਸਿੰਘ ਘੜੂਆਂ ਪੰਜਾਬ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਹਨ, ਜਿਸ ਕਾਰਨ ਪਰਿਵਾਰ ਦੀ ਰਾਜਨੀਤਿਕ ਅਤੇ ਸਮਾਜਿਕ ਪਛਾਣ ਕਾਫ਼ੀ ਮਜ਼ਬੂਤ ਰਹੀ ਹੈ। ਰਣਜੀਤ ਸਿੰਘ ਰੈਡੀ ਨੇ ਡੇਰਾਬੱਸੀ ਨਗਰ ਕੌਂਸਲ ਦੀ ਪ੍ਰਧਾਨਗੀ ਦੌਰਾਨ ਸ਼ਹਿਰ ਵਿੱਚ ਆਪਣੀ ਚੰਗੀ ਪਹਿਚਾਣ ਬਣਾ ਕੇ ਪਿਤਾ ਦਾ ਨਾਮ ਰੋਸ਼ਨ ਕੀਤਾ। ਉਨਾਂ ਦੀ ਅਚਾਨਕ ਮੌਤ ’ਤੇ ਸਾਬਕਾ ਮੰਤਰੀ ਹਰਨੇਕ ਸਿੰਘ ਘੜੂੰਆਂ, ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋ, ਹਲਕਾ ਡੇਰਾਬੱਸੀ ਤੋਂ ਸੀਨੀਅਰ ਬੀਜੇਪੀ ਆਗੂ ਸੰਜੀਵ ਖੰਨਾ, ਨਗਰ ਕੌਂਸਲ ਲਾਲੜੂ ਦੇ ਸਾਬਕਾ ਪ੍ਰਧਾਨ ਮੁਕੇਸ਼ ਰਾਣਾ, ਸਾਬਕਾ ਇੰਸਪੈਕਟਰ ਮਹਿੰਦਰ ਸਿੰਘ, ਕਾਂਗਰਸ ਪਾਰਟੀ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਬਲਿਹਾਰ ਸਿੰਘ ਬੱਲੀ, ਸੀਪੀਆਈ ਐਮ ਜ਼ਿਲ੍ਹਾ ਸਕੱਤਰ ਅੱਤਰੀ ਚੰਦਰਪਾਲ ਅੱਤਰੀ, ਬਾਰ ਐਸੋਸੀਏਸ਼ਨ ਡੇਰਾਬੱਸੀ ਦੇ ਪ੍ਰਧਾਨ ਬਿਕਰਮਜੀਤ ਸਿੰਘ ਦੱਪਰ, ਸਾਬਕਾ ਸਰਪੰਚ ਬਸੰਤ ਸਿੰਘ, ਪ੍ਰੈਸ ਕਲੱਬ ਡੇਰਾਬੱਸੀ ਤੋਂ ਇਲਾਵਾ ਅਨੇਕਾਂ ਰਾਜਨੀਤਿਕ ਨੁਮਾਇੰਦਿਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ।