ਫੁੱਟ ਓਵਰਬ੍ਰਿਜ ਬਣਿਆ ਸ਼ਰਾਰਤੀ ਅਨਸਰਾਂ ਦਾ ਅੱਡਾ
ਲੋਕਾਂ ਦੀ ਸਹੂਲਤ ਵਾਸਤੇ ਬਣਾਇਆ ਫੁੱਟ ਓਵਰਬ੍ਰਿਜ ਬਣਿਆ ਸ਼ਰਾਰਤੀ ਅਨਸਰਾਂ ਦਾ ਅੱਡਾ
Publish Date: Thu, 04 Dec 2025 07:26 PM (IST)
Updated Date: Fri, 05 Dec 2025 04:12 AM (IST)

ਦੇਰ ਰਾਤ ਫੁੱਟ ਓਵਰਬ੍ਰਿਜ ਦਾ ਇਸਤੇਮਾਲ ਕਰਨ ਤੋਂ ਝਿਜਕਦੇ ਨੇ ਯਾਤਰੀ ਅਣਦੇਖੀ ਕਾਰਨ ਥਾਂ-ਥਾਂ ’ਤੇ ਲੱਗੇ ਗੰਦਗੀ ਦੇ ਢੇਰ ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਜ਼ੀਰਕਪੁਰ-ਅੰਬਾਲਾ ਹਾਈਵੇ ’ਤੇ ਸਥਿਤ ਮੈਟਰੋ ਮਾਲ ਦੇ ਨੇੜੇ ਪੈਦਲ ਯਾਤਰੀਆਂ ਵਾਸਤੇ ਹਾਈਵੇ ਪਾਰ ਕਰਨ ਲਈ ਬਣਾਏ ਗਏ ਫੁੱਟ ਓਵਰਬ੍ਰਿਜ ਦੀ ਹਾਲਤ ਇਸ ਸਮੇਂ ਚਿੰਤਾਜਨਕ ਤੇ ਤਰਸਯੋਗ ਬਣੀ ਹੋਈ ਹੈ। ਇਹ ਫੁੱਟ ਓਵਰਬ੍ਰਿਜ ਪੈਦਲ ਯਾਤਰੀਆਂ ਦੀ ਸਹੂਲਤ ਤੇ ਸੁਰੱਖਿਆ ਲਈ ਬਣਾਇਆ ਗਿਆ ਸੀ, ਜਿਸ ਨਾਲ ਤੇਜ਼ ਰਫ਼ਤਾਰ ਆਵਾਜਾਈ ਦੇ ਵਿਚਕਾਰ ਹਾਈਵੇ ਪਾਰ ਨੂੰ ਕਰਨਾ ਯਾਤਰੀਆਂ ਲਈ ਸੁਖਾਲਾ ਤੇ ਸੁਰੱਖਿਅਤ ਹੋਵੇ। ਹਾਲਾਂਕਿ ਓਵਰਬ੍ਰਿਜ ਦੀ ਹਾਲਤ ਦੱਸਦੀ ਹੈ ਕਿ ਰੱਖ-ਰਖਾਅ ਦੀ ਘਾਟ ਨੇ ਇਸ ਨੂੰ ਜਨਤਾ ਲਈ ਅਸੁਵਿਧਾ ਦਾ ਕਾਰਨ ਬਣਾਇਆ ਹੈ। ਸਥਾਨਕ ਵਸਨੀਕਾਂ ਅਨੁਸਾਰ ਰਾਤ ਨੂੰ ਸਥਿਤੀ ਜ਼ਿਆਦਾ ਵਿਗੜ ਜਾਂਦੀ ਹੈ। ਓਵਰਬ੍ਰਿਜ ’ਤੇ ਅਣਪਛਾਤੇ ਸ਼ੱਕੀ ਅਨਸਰਾਂ ਦੇ ਇਕੱਠੇ ਹੋਣ ਨਾਲ ਮਾਹੌਲ ਅਸੁਰੱਖਿਅਤ ਮਹਿਸੂਸ ਹੁੰਦਾ ਹੈ। ਬਹੁਤ ਸਾਰੇ ਪੈਦਲ ਯਾਤਰੀ, ਖ਼ਾਸ ਕਰ ਕੇ ਔਰਤਾਂ ਤੇ ਬਜ਼ੁਰਗ, ਦੇਰ ਸ਼ਾਮ ਓਵਰਬ੍ਰਿਜ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰਦੇ ਹਨ। ਰਾਹਗੀਰਾਂ ਅਨੁਸਾਰ ਕੁੱਝ ਲੋਕ ਦੇਰ ਰਾਤ ਤੱਕ ਉੱਥੇ ਰੁਕਦੇ ਹਨ, ਇਹ ਸ਼ਰਾਰਤੀ ਅਨਸਰ ਹੋ ਸਕਦੇ ਹਨ, ਜੋ ਕਿ ਰਾਤ ਨੂੰ ਕਿਸੇ ਯਾਤਰੀ ਨਾਲ ਲੁੱਟ-ਖੋਹ ਵੀ ਕਰ ਸਕਦੇ ਹਨ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਫੁੱਟ ਓਵਰਬ੍ਰਿਜ ਦੀ ਸਾਫ਼-ਸਫ਼ਾਈ ਕਰਵਾਈ ਜਾਵੇ ਤੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਦੇਰ ਰਾਤ ਅਜਿਹੀਆਂ ਥਾਵਾਂ ਦੀ ਜ਼ਰੂਰ ਜਾਂਚ-ਪੜਤਾਲ ਕੀਤੀ ਜਾਵੇ। ਫੁੱਟ ਓਵਰਬ੍ਰਿਜ ਦੀ ਸਹੀ ਸਫ਼ਾਈ, ਸੁਰੱਖਿਆ ਤੇ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕੇ ਜਾਣ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਲੱਖਾਂ ਰੁਪਏ ਦੀ ਲਾਗਤ ਨਾਲ ਸਹੂਲਤਾਂ ਬਣਾਈਆਂ ਜਾਂਦੀਆਂ ਹਨ ਤਾਂ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਕਿ ਉਹ ਇਨ੍ਹਾਂ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ, ਜੇਕਰ ਸਮੇਂ ਸਿਰ ਧਿਆਨ ਨਾ ਦਿੱਤਾ ਗਿਆ ਤਾਂ ਇਹ ਫੁੱਟ ਓਵਰਬ੍ਰਿਜ ਆਪਣੀ ਅਸਲ ਵਰਤੋਂ ਗੁਆ ਦੇਵੇਗਾ। ਬਾਕਸ : ਲਿਫਟ ਦੇ ਨੇੜੇ ਲੱਗੇ ਕੂੜੇ ਦੇ ਢੇਰ ਫੁੱਟ ਓਵਰਬ੍ਰਿਜ ਦੀ ਲਿਫਟ ਦੇ ਨੇੜੇ ਕੂੜੇ ਦਾ ਢੇਰ ਸਾਫ਼ ਦਿਖਾਈ ਦੇ ਰਿਹਾ ਹੈ। ਪਾਨ ਤੇ ਗੁਟਖਾ, ਪਲਾਸਟਿਕ ਦੀਆਂ ਤੇ ਸ਼ਰਾਬ ਦੀਆਂ ਖਾਲੀ ਬੋਤਲਾਂ ਤੋਂ ਇਲਾਵਾ ਕੂੜੇ ਦੇ ਢੇਰ ਆਲੇ-ਦੁਆਲੇ ਖਿੰਡੇ ਹੋਏ ਹਨ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਇਲਾਕੇ ਦੀ ਸਫ਼ਾਈ ਲੰਬੇ ਸਮੇਂ ਤੋਂ ਨਹੀਂ ਕੀਤੀ ਗਈ ਹੈ। ਫੁੱਟ ਓਵਰਬ੍ਰਿਜ ਬਣਨ ਤੋਂ ਬਾਅਦ ਇਕ ਵੀ ਦਿਨ ਲਿਫਟ ਦੀ ਵਰਤੋਂ ਨਹੀਂ ਕੀਤੀ ਗਈ ਹੈ। ਫੁੱਟ ਓਵਰਬ੍ਰਿਜ ’ਤੇ ਗੰਦਗੀ ਕਾਰਨ ਬਦਬੂ ਆ ਰਹੀ ਹੈ। ਲੋਕਾਂ ਦਾ ਦੋਸ਼ ਹੈ ਕਿ ਨਿਯਮਤ ਸਫ਼ਾਈ ਨਹੀਂ ਕੀਤੀ ਜਾ ਰਹੀ ਹੈ, ਜਿਸ ਕਾਰਨ ਇਹ ਇਲਾਕਾ ਹੌਲੀ-ਹੌਲੀ ਗੰਦਗੀ ਦੇ ਕੇਂਦਰ ’ਚ ਬਦਲ ਰਿਹਾ ਹੈ। ਕੋਟਸ : ਸ਼ੱਕੀ ਥਾਵਾਂ ’ਤੇ ਲਗਾਤਾਰ ਪੈਨੀ ਨਿਗ੍ਹਾ ਰੱਖੀ ਜਾ ਰਹੀ ਹੈ, ਸਾਨੂੰ ਹਾਲੇ ਤੱਕ ਫਿਲਹਾਲ ਫੁੱਟ ਓਵਰਬ੍ਰਿਜ ’ਤੇ ਸ਼ੱਕੀ ਗਤੀਵਿਧੀਆਂ ਹੋਣ ਸਬੰਧੀ ਅਜਿਹੀ ਕੋਈ ਵੀ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ। ਹਾਲਾਂਕਿ ਪੁਲਿਸ ਵੱਲੋਂ ਸਮੇਂ-ਸਮੇਂ ’ਤੇ ਅਜਿਹੇ ਸਥਾਨਾਂ ਦੀ ਜਾਂਚ ਪੜਤਾਲ ਕੀਤੀ ਜਾਂਦੀ ਹੈ ਪਰ ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ ਦੇ ਫੁੱਟ ਓਵਰਬ੍ਰਿਜਾਂ ’ਤੇ ਵੀ ਪੁਲਿਸ ਪਾਰਟੀ ਵੱਲੋਂ ਨਿਰੰਤਰ ਜਾਂਚ-ਪੜਤਾਲ ਕੀਤੀ ਜਾਵੇਗੀ। ਇੰਸਪੈਕਟਰ ਸਤਿੰਦਰ ਸਿੰਘ, ਐੱਸਐੱਚਓ, ਪੁਲਿਸ ਸਟੇਸ਼ਨ ਜ਼ੀਰਕਪੁਰ।