ਮੁਹਾਲੀ-ਕੁਰਾਲੀ ਗ੍ਰੀਨਫੀਲਡ ਬਾਈਪਾਸ 'ਤੇ ਕਿਸਾਨਾਂ ਦਾ ਧਰਨਾ ਖ਼ਤਮ
ਮੁਹਾਲੀ-ਕੁਰਾਲੀ ਗ੍ਰੀਨਫੀਲਡ ਬਾਈਪਾਸ 'ਤੇ ਕਿਸਾਨਾਂ ਦਾ ਧਰਨਾ ਖ਼ਤਮ,
Publish Date: Thu, 04 Dec 2025 08:45 PM (IST)
Updated Date: Thu, 04 Dec 2025 08:47 PM (IST)

ਸੜਕ 15 ਦਸੰਬਰ ਤੋਂ ਹੋਵੇਗੀ ਆਮ ਲੋਕਾਂ ਲਈ ਸ਼ੁਰੂ ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ-ਕੁਰਾਲੀ-ਬੱਦੀ ਗ੍ਰੀਨਫੀਲਡ ਬਾਈਪਾਸ ’ਤੇ ਪਿਛਲੇ ਕਈ ਦਿਨਾਂ ਤੋਂ ਪਿੰਡ ਬਜਹੇੜੀ ਦੇ ਕਿਸਾਨਾਂ ਵੱਲੋਂ ਚੱਲ ਰਿਹਾ ਧਰਨਾ ਸਮਾਪਤ ਹੋ ਗਿਆ ਹੈ। ਇਸ ਸੜਕ ਨੂੰ 15 ਦਸੰਬਰ ਤੋਂ ਆਮ ਜਨਤਾ ਲਈ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਜਾਵੇਗਾ। ਕਿਸਾਨਾਂ ਦੇ ਧਰਨੇ ਕਾਰਨ 29 ਅਤੇ 30 ਨਵੰਬਰ ਨੂੰ ਇਸ ਸੜਕ ਦਾ ਤੈਅਸ਼ੁਦਾ ਟਰਾਇਲ ਰਨ ਨਹੀਂ ਹੋ ਸਕਿਆ ਸੀ। ਧਰਨਾ ਖ਼ਤਮ ਹੋਣ ਦਾ ਕਾਰਨ ਅਤੇ ਹੱਲ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਸਨ। ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀਆਂ ਅਤੇ ਠੇਕੇਦਾਰ ਵੱਲੋਂ ਸਾਂਝੀ ਸਾਈਟ ਵਿਜ਼ਿਟ ਤੋਂ ਬਾਅਦ ਸਥਿਤੀ ਸਪੱਸ਼ਟ ਹੋ ਗਈ। ਦੋਵਾਂ ਧਿਰਾਂ ਨੇ ਮੌਕੇ ਤੇ ਹੀ ਸਹਿਮਤੀ ਜਤਾਈ ਕਿ ਸੁਰੱਖਿਆ ਕਾਰਨਾਂ ਅਤੇ ਟੋਲ ਸੰਚਾਲਨ ਦੌਰਾਨ ਟ੍ਰੈਫਿਕ ਫਿਸਲਣ ਦੇ ਖ਼ਤਰੇ ਕਾਰਨ ਕਿਸਾਨਾਂ ਦੀ ਮੰਗੀ ਗਈ ਜਗ੍ਹਾ ਤੇ ਸਿੱਧਾ ਐਕਸੈਸ ਪੁਆਇੰਟ ਦੇਣਾ ਸੰਭਵ ਨਹੀਂ ਹੈ ਕਿਉਂਕਿ ਇਹ ਇਕ ਗ੍ਰੀਨਫੀਲਡ ਹਾਈਵੇ ਹੈ। ਹਾਲਾਂਕਿ, ਲਿਖਤੀ ਰੂਪ ਵਿਚ ਦੱਸੇ ਗਏ ਹੱਲ ਅਨੁਸਾਰ ਨੇ ਕਿਸਾਨਾਂ ਦੀ ਬਦਲਵੀਂ ਮੰਗ ਨੂੰ ਸਵੀਕਾਰ ਕਰ ਲਿਆ ਹੈ। ਇਹ ਹੱਲ ਕਿਲੋਮੀਟਰ 17.000-17.700 ਅਤੇ 18.300-18.700 ਦੇ ਵਿਚਕਾਰ ਸਰਵਿਸ ਰੋਡ ਕਨੈਕਸ਼ਨ ਲਿੰਕ ਨੂੰ ਸਥਾਨਕ ਪਹੁੰਚ ਯਕੀਨੀ ਬਣਾਉਣ ਲਈ ਮਨਜ਼ੂਰ ਕਰਨਾ ਹੈ। ਇਸ ਪ੍ਰਸਤਾਵ ਨੂੰ ਕੰਪਨੀ ਦੇ ਸਮਰੱਥ ਅਥਾਰਟੀ ਤੋਂ ਪ੍ਰਵਾਨਗੀ ਲਈ ਰੱਖਿਆ ਜਾਵੇਗਾ, ਅਤੇ ਇਸ ਤੇ ਕੰਮ 8-12 ਹਫ਼ਤਿਆਂ ਵਿਚ ਸ਼ੁਰੂ ਹੋਣ ਦੀ ਉਮੀਦ ਹੈ। ਚੰਡੀਗੜ੍ਹ-ਮੁਹਾਲੀ ਨੂੰ ਮਿਲੇਗੀ ਵੱਡੀ ਰਾਹਤ ਭਾਰਤਮਾਲਾ ਪ੍ਰੋਜੈਕਟ ਤਹਿਤ ਲਗਭਗ 1400 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਹ 31 ਕਿਲੋਮੀਟਰ ਲੰਬੀ ਚਾਰ-ਲੇਨ ਸੜਕ ਚੰਡੀਗੜ੍ਹ-ਮੁਹਾਲੀ ਦੀ ਸਭ ਤੋਂ ਵੱਡੀ ਟ੍ਰੈਫਿਕ ਸਮੱਸਿਆ ਦਾ ਸਥਾਈ ਹੱਲ ਬਣੇਗੀ। ਇਹ ਸੜਕ ਮੁਹਾਲੀ ਦੇ ਆਈਟੀ ਸਿਟੀ ਚੌਕ ਤੋਂ ਸ਼ੁਰੂ ਹੋ ਕੇ ਖਰੜ ਬਾਈਪਾਸ, ਮੁੰਡੀ ਖਰੜ, ਲਾਂਡਰਾਂ ਰੋਡ, ਕੁਰਾਲੀ ਅਤੇ ਝੁਲਕੇ ਨੰਗਲ ਹੁੰਦੇ ਹੋਏ ਸਿਸਵਾਂ-ਬੱਦੀ ਹਾਈਵੇ ਨਾਲ ਜੁੜੇਗੀ। ਇਸ ਦੇ ਖੁੱਲ੍ਹਣ ਨਾਲ ਏਅਰਪੋਰਟ ਰੋਡ ਤੇ ਲੱਗਣ ਵਾਲਾ ਰੋਜ਼ਾਨਾ ਦਾ ਜਾਮ ਹਮੇਸ਼ਾ ਲਈ ਖ਼ਤਮ ਹੋ ਜਾਵੇਗਾ। ਨਿਊ ਚੰਡੀਗੜ੍ਹ, ਏਰੋਸਿਟੀ, ਆਈਟੀ ਸਿਟੀ ਅਤੇ ਸੈਕਟਰ 81 ਤੋਂ 110 ਤੱਕ ਦੇ ਹਜ਼ਾਰਾਂ ਪਰਿਵਾਰ ਹੁਣ ਸਿਰਫ਼ 15 ਮਿੰਟਾਂ ਵਿਚ ਹਵਾਈ ਅੱਡੇ ਪਹੁੰਚ ਸਕਣਗੇ। ਕਈ ਰਾਜਾਂ ਨੂੰ ਹੋਵੇਗਾ ਫਾਇਦਾ ਇਹ ਕੋਰੀਡੋਰ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਕਨੈਕਟੀਵਿਟੀ ਨੂੰ ਨਵਾਂ ਆਯਾਮ ਦੇਵੇਗਾ। ਬੱਦੀ, ਡੇਰਾਬੱਸੀ, ਲਾਲੜੂ, ਰਾਜਪੁਰਾ ਦੇ ਇੰਡਸਟਰੀਅਲ ਹੱਬ ਨੂੰ ਤੇਜ਼ ਮਾਲ ਢੁਆਈ ਦਾ ਫਾਇਦਾ ਹੋਵੇਗਾ। ਇਸ ਨਾਲ ਲੌਜਿਸਟਿਕਸ ਚੇਨ ਮਜ਼ਬੂਤ ਹੋਵੇਗੀ ਅਤੇ ਯਾਤਰਾ ਦਾ ਸਮਾਂ ਅੱਧਾ ਰਹਿ ਜਾਵੇਗਾ। ਲੰਬੇ ਇੰਤਜ਼ਾਰ ਤੋਂ ਬਾਅਦ, ਮੁਹਾਲੀ-ਚੰਡੀਗੜ੍ਹ ਵਾਸੀਆਂ ਲਈ ਇਹ ਨਵਾਂ ਸਾਲ ਦਾ ਸਭ ਤੋਂ ਵੱਡਾ ਤੋਹਫ਼ਾ ਸਾਬਤ ਹੋਣ ਵਾਲਾ ਹੈ।