ਭਿਆਨਕ ਧੁੰਦ ਕਾਰਨ ਮਸ਼ਹੂਰ ਪੰਜਾਬੀ ਅਦਾਕਾਰਾ ਰਾਜ ਧਾਲੀਵਾਲ ਦੀ ਕਾਰ ਦਾ ਹਾਦਸਾ, ਵਾਲ-ਵਾਲ ਬਚੀ ਜਾਨ
ਭਿਆਨਕ ਧੁੰਦ ਕਾਰਨ ਮਸ਼ਹੂਰ ਪੰਜਾਬੀ ਅਦਾਕਾਰਾ ਰਾਜ ਧਾਲੀਵਾਲ ਦੀ ਕਾਰ ਦਾ ਹਾਦਸਾ
Publish Date: Fri, 19 Dec 2025 07:27 PM (IST)
Updated Date: Fri, 19 Dec 2025 07:28 PM (IST)

ਅਦਾਕਾਰਾ ਨੇ ਇੰਸਟਾਗ੍ਰਾਮ ਤੇ ਤਸਵੀਰਾਂ ਸਾਂਝੀਆਂ ਕਰਦਿਆਂ ਪ੍ਰਸ਼ੰਸਕਾਂ ਨੂੰ ਧੁੰਦ ਵਿਚ ਸਾਵਧਾਨੀ ਵਰਤਣ ਦੀ ਕੀਤੀ ਅਪੀਲ ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੰਜਾਬ ਵਿਚ ਪੈ ਰਹੀ ਸੰਘਣੀ ਧੁੰਦ ਕਾਰਨ ਵਾਪਰ ਰਹੇ ਸੜਕ ਹਾਦਸਿਆਂ ਦੀ ਲਪੇਟ ਵਿਚ ਹੁਣ ਮਸ਼ਹੂਰ ਪੰਜਾਬੀ ਅਦਾਕਾਰਾ ਰਾਜ ਧਾਲੀਵਾਲ ਵੀ ਆ ਗਈ ਹੈ। ਰਾਤ ਸਮੇਂ ਸ਼ੂਟਿੰਗ ਤੋਂ ਪਰਤਦੇ ਸਮੇਂ ਅਦਾਕਾਰਾ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਵਿਚ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਰਾਜ ਧਾਲੀਵਾਲ ਨੇ ਖ਼ੁਦ ਇਸ ਘਟਨਾ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝੀ ਕੀਤੀ ਹੈ। ਅਦਾਕਾਰਾ ਨੇ ਦੱਸਿਆ ਕਿ ਸ਼ੂਟਿੰਗ ਦੀ ਮਜ਼ਬੂਰੀ ਕਾਰਨ ਉਨ੍ਹਾਂ ਨੂੰ ਰਾਤ ਵੇਲੇ ਸਫ਼ਰ ਕਰਨਾ ਪਿਆ, ਪਰ ਧੁੰਦ ਇੰਨੀ ਜ਼ਿਆਦਾ ਸੀ ਕਿ ਸੜਕ ਤੇ ਵਿਜ਼ੀਬਿਲਟੀ (ਦਿਖਣਯੋਗਤਾ) ਬਿਲਕੁਲ ਜ਼ੀਰੋ ਸੀ। ਉਨ੍ਹਾਂ ਲਿਖਿਆ, ਵਾਹਿਗੁਰੂ ਦੀ ਅਪਾਰ ਕਿਰਪਾ ਸਦਕਾ ਸਾਡਾ ਬਚਾਅ ਹੋ ਗਿਆ ਹੈ। ਮੈਂ ਸਭ ਨੂੰ ਬੇਨਤੀ ਕਰਦੀ ਹਾਂ ਕਿ ਜੇਕਰ ਬਹੁਤ ਜ਼ਰੂਰੀ ਕੰਮ ਹੋਵੇ ਤਾਂ ਹੀ ਘਰੋਂ ਨਿਕਲੋ ਅਤੇ ਰਾਤ ਦੇ ਸਫ਼ਰ ਤੋਂ ਪਰਹੇਜ਼ ਕਰੋ। ਹਾਲਾਂਕਿ ਇਹ ਹਾਦਸਾ ਕਿਸ ਜਗ੍ਹਾ ਤੇ ਵਾਪਰਿਆ ਹੈ, ਇਸ ਬਾਰੇ ਅਜੇ ਪੂਰੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਅਦਾਕਾਰਾ ਦੀ ਕਾਰ ਦੀਆਂ ਤਸਵੀਰਾਂ ਦੇਖ ਕੇ ਹਾਦਸੇ ਦੀ ਭਿਆਨਕਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਪ੍ਰਸ਼ੰਸਕਾਂ ਅਤੇ ਸਾਥੀ ਕਲਾਕਾਰਾਂ ਵੱਲੋਂ ਉਨ੍ਹਾਂ ਦੀ ਸਲਾਮਤੀ ਲਈ ਦੁਆਵਾਂ ਦਿੱਤੀਆਂ ਜਾ ਰਹੀਆਂ ਹਨ।