ਘਰ ਵਿਚ ਵੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਨਾਕਾਮ ਕੋਸ਼ਿਸ਼
ਘਰ ਵਿਚ ਵੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਨਾਕਾਮ ਕੋਸ਼ਿਸ਼, ਲੋਕਾਂ ਦੇ ਜਾਗਣ ਕਰਕੇ ਚੋਰ ਹੋਏ ਫ਼ਰਾਰ
Publish Date: Wed, 26 Nov 2025 07:22 PM (IST)
Updated Date: Wed, 26 Nov 2025 07:23 PM (IST)

ਲੋਕਾਂ ਦੇ ਜਾਗਣ ਕਰਕੇ ਚੋਰ ਹੋਏ ਫ਼ਰਾਰ ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਬੀਤੇ ਦਿਨੀਂ ਦੇਰ ਰਾਤ ਢਕੌਲੀ ਇਲਾਕੇ ਵਿਚ ਐੱਮਐੱਸ ਇਨਕਲੇਵ ਸੁਸਾਇਟੀ ਵਿਚ ਇਕ ਬੰਦ ਘਰ ’ਚ ਚੋਰਾਂ ਦੇ ਵੜਨ ਦਾ ਮਾਮਲਾ ਸਾਹਮਣੇ ਆਇਆ। ਚੋਰਾਂ ਦੇ ਆਪਣੀ ਯੋਜਨਾ ਵਿਚ ਸਫ਼ਲ ਹੋਣ ਤੋਂ ਪਹਿਲਾਂ ਹੀ ਗੁਆਂਢੀ ਰੌਲਾ ਸੁਣ ਕੇ ਜਾਗ ਗਏ ਅਤੇ ਚੋਰ ਮੌਕੇ ਤੋਂ ਭੱਜ ਗਏ। ਘਟਨਾ ਦੀ ਇਕ ਸੀਸੀਟੀਵੀ ਫੁਟੇਜ ਵਾਇਰਲ ਹੋ ਰਹੀ ਹੈ, ਜਿਸ ਵਿਚ ਦੋ ਨੌਜਵਾਨ ਕੰਧ ਟੱਪ ਕੇ ਇਕ ਘਰ ਵਿਚ ਦਾਖ਼ਲ ਹੁੰਦੇ ਦਿਖਾਈ ਦੇ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਘਰ ਵਿਚ ਰਹਿਣ ਵਾਲੀ ਔਰਤ ਕਿਸੇ ਕੰਮ ਲਈ ਚੇਨਈ ਗਈ ਸੀ, ਜਦੋਂ ਔਰਤ ਨੂੰ ਘਟਨਾ ਦਾ ਪਤਾ ਲੱਗਾ ਤਾਂ ਉਸ ਨੇ ਢਕੌਲੀ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਸਥਾਨਕ ਵਸਨੀਕਾਂ ਨੇ ਦੇਰ ਰਾਤ ਹੋਈ ਚੋਰੀ ਦੀ ਕੋਸ਼ਿਸ਼ ਸਬੰਧੀ ਪੁਲਿਸ ਦੀ ਕਾਰਵਾਈ ਨਾ ਕਰਨ ਤੇ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ। ਮੇਧਿਕਾ ਸੂਦ ਨੇ ਆਪਣੀ ਪੁਲਿਸ ਸ਼ਿਕਾਇਤ ਵਿਚ ਕਿਹਾ ਕਿ ਉਹ ਸ਼ਹਿਰ ਤੋਂ ਬਾਹਰ ਸੀ ਅਤੇ ਤੁਰੰਤ ਘਰ ਨਹੀਂ ਪਰਤ ਸਕੀ, ਪਰ ਉਸ ਦੇ ਘਰ ਵਿਚ ਚੋਰੀ ਦੀ ਕੋਸ਼ਿਸ਼ ਹੋਈ। ਇਹ ਘਟਨਾ ਸੋਮਵਾਰ ਰਾਤ ਲਗਭਗ 2:30 ਵਜੇ ਵਾਪਰੀ। ਗੁਆਂਢੀਆਂ ਨੇ ਘਰ ਦੇ ਬਾਹਰ ਸ਼ੱਕੀ ਗਤੀਵਿਧੀ ਦੇਖੀ, ਅਤੇ ਜਦੋਂ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ ਤਾਂ ਦੋ ਲੰਬੇ, ਪਤਲੇ, ਨਕਾਬਪੋਸ਼ ਨੌਜਵਾਨ ਗੇਟ ਟੱਪ ਕੇ ਅੰਦਰ ਦਾਖ਼ਲ ਹੁੰਦੇ ਦਿਖਾਈ ਦਿੱਤੇ। ਫੁਟੇਜ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਦੋਵੇਂ ਆਦਮੀ ਦਰਵਾਜ਼ੇ ਦੇ ਤਾਲੇ ਤੋੜ ਰਹੇ ਹਨ ਅਤੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸਦੀ ਜਾਣਕਾਰੀ ਗੁਆਂਢੀਆਂ ਨੇ ਦਿੱਤੀ। ਮੇਧਿਕਾ ਨੇ ਕਿਹਾ ਕਿ ਉਹ ਇਕੱਲੀ ਰਹਿੰਦੀ ਹੈ, ਅਤੇ ਆਲੇ ਦੁਆਲੇ ਦੇ ਜ਼ਿਆਦਾਤਰ ਨਿਵਾਸੀ ਬਜ਼ੁਰਗ ਹਨ, ਅਕਸਰ ਇਕੱਲੇ ਰਹਿੰਦੇ ਹਨ। ਨਤੀਜੇ ਵਜੋਂ, ਸਮੇਂ ਸਿਰ ਪੁਲਿਸ ਸਹਾਇਤਾ ਦੀ ਘਾਟ ਨੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਉਸ ਨੇ ਕਿਹਾ ਕਿ ਇਹ ਸਿਰਫ਼ ਇਕ ਘਰ ਵਿਚ ਘੁਸਪੈਠ ਨਹੀਂ ਹੈ, ਸਗੋਂ ਪੂਰੇ ਭਾਈਚਾਰੇ ਦੀ ਸੁਰੱਖਿਆ ਲਈ ਇਕ ਵੱਡਾ ਖ਼ਤਰਾ ਹੈ। ਘਟਨਾ ਤੋਂ ਬਾਅਦ, ਉਸ ਦੇ ਭਰਾ ਨੇ ਪੰਜਾਬ ਪੁਲਿਸ ਪੋਰਟਲ ਤੇ ਇਕ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਹੈ।