ਐਕਸਾਈਜ਼ ਵਿਭਾਗ ਵੱਲੋਂ ਢਾਬਿਆਂ 'ਤੇ ਗੈਰ-ਕਾਨੂੰਨੀ ਤਰੀਕੇ ਨਾਲ ਸ਼ਰਾਬ ਪਿਲਾਉਣ ਵਾਲਿਆਂ 'ਤੇ ਕਸਿਆ ਸ਼ਿਕੰਜਾ
ਐਕਸਾਈਜ਼ ਵਿਭਾਗ ਵੱਲੋਂ ਢਾਬਿਆਂ 'ਤੇ ਗੈਰ-ਕਾਨੂੰਨੀ ਤਰੀਕੇ ਨਾਲ ਸ਼ਰਾਬ ਪਿਲਾਉਣ ਵਾਲਿਆਂ 'ਤੇ ਕਸਿਆ ਸ਼ਿਕੰਜਾ
Publish Date: Wed, 07 Jan 2026 06:25 PM (IST)
Updated Date: Wed, 07 Jan 2026 06:27 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਐਕਸਾਈਜ਼ ਵਿਭਾਗ ਨੇ ਖਰੜ ਅਤੇ ਮੁਹਾਲੀ ਖੇਤਰ ਵਿਚ ਗ਼ੈਰ-ਕਾਨੂੰਨੀ ਤਰੀਕੇ ਨਾਲ ਢਾਬਿਆਂ ਅਤੇ ਖਾਣ-ਪੀਣ ਵਾਲੀਆਂ ਦੁਕਾਨਾਂ ਤੇ ਗਾਹਕਾਂ ਨੂੰ ਬਿਠਾ ਕੇ ਸ਼ਰਾਬ ਪਿਲਾਉਣ ਵਾਲਿਆਂ ਵਿਰੁੱਧ ਸਖ਼ਤ ਮੁਹਿੰਮ ਵਿੱਢ ਦਿੱਤੀ ਹੈ। ਇਸ ਵਿਸ਼ੇਸ਼ ਮੁਹਿੰਮ ਤਹਿਤ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਐਕਸਾਈਜ਼ ਇੰਸਪੈਕਟਰ ਅਸ਼ੋਕ ਕੁਮਾਰ ਦੀ ਅਗਵਾਈ ਵਿਚ ਪੁਲਿਸ ਟੀਮ ਵੱਲੋਂ ਨਿਊ ਸੰਨੀ ਇਨਕਲੇਵ ਦੀ ਮਾਰਕੀਟ ਅਤੇ ਖਰੜ-ਲਾਂਡਰਾਂ ਰੋਡ ਤੇ ਸਥਿਤ ਵੱਖ-ਵੱਖ ਢਾਬਿਆਂ ਦੀ ਅਚਨਚੇਤ ਜਾਂਚ ਕੀਤੀ ਗਈ। ਜਾਂਚ ਦੌਰਾਨ ਖਰੜ-ਲਾਂਡਰਾਂ ਰੋਡ ਤੇ ਸਥਿਤ ਮੱਖਣ ਫ਼ਿਸ਼ ਕਾਰਨਰ ਵਿਖੇ ਗਾਹਕਾਂ ਨੂੰ ਸ਼ਰ੍ਹੇਆਮ ਸ਼ਰਾਬ ਪਿਲਾਈ ਜਾ ਰਹੀ ਸੀ। ਐਕਸਾਈਜ਼ ਨਿਯਮਾਂ ਦੀ ਇਸ ਉਲੰਘਣਾ ਤੇ ਤੁਰੰਤ ਕਾਰਵਾਈ ਕਰਦਿਆਂ ਵਿਭਾਗ ਨੇ ਦੁਕਾਨਦਾਰ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਇੰਸਪੈਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਇਹ ਕਾਰਵਾਈ ਐਕਸਾਈਜ਼ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਸਹਾਇਕ ਕਮਿਸ਼ਨਰ ਅਸ਼ੋਕ ਚਲਹੋਤਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੀ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਢਾਬੇ ਜਾਂ ਦੁਕਾਨ ਤੇ ਬਿਨਾਂ ਆਗਿਆ ਸ਼ਰਾਬ ਪਿਲਾਉਣਾ ਕਾਨੂੰਨੀ ਅਪਰਾਧ ਹੈ ਅਤੇ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਟੀਮ ਵੱਲੋਂ ਮੌਕੇ ਤੋਂ ਸਬੂਤ ਇਕੱਠੇ ਕੀਤੇ ਗਏ ਹਨ ਅਤੇ ਹੋਰਨਾਂ ਦੁਕਾਨਦਾਰਾਂ ਨੂੰ ਵੀ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਉਹ ਐਕਸਾਈਜ਼ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ, ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।