ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ’ਚ ਮੁਲਾਜ਼ਮਾਂ ਤੇ ਮਰੀਜ਼ਾਂ ਨੇ ਅੰਗਦਾਨ ਵਾਸਤੇ ਲਿਆ ਸੰਕਲਪ
ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ’ਚ ਮੁਲਾਜ਼ਮਾਂ ਤੇ ਮਰੀਜ਼ਾਂ ਨੇ ਅੰਗਦਾਨ ਵਾਸਤੇ ਲਿਆ ਸੰਕਲਪ
Publish Date: Wed, 19 Nov 2025 07:43 PM (IST)
Updated Date: Wed, 19 Nov 2025 07:46 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਜ਼ਿਲ੍ਹਾ ਵਾਸੀਆਂ ਨੂੰ ਅੰਗ ਦਾਨ ਕਰਨ ਦਾ ਅਹਿਦ ਲੈਣ ਦੀ ਅਪੀਲ ਕਰਦਿਆਂ ਆਖਿਆ ਕਿ ਭਾਰਤ ਵਿਚ ਟਰਾਂਸਪਲਾਂਟੇਸ਼ਨ ਵਾਸਤੇ ਅੰਗਾਂ ਅਤੇ ਟਿਸ਼ੂਆਂ ਦੀ ਭਾਰੀ ਘਾਟ ਹੈ, ਜਿਸ ਕਾਰਨ ਹਰ ਕਿਸੇ ਨੂੰ ਅੰਗ ਦਾਨ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੰਗ ਦਾਨ ਦੀ ਮਹੱਤਤਾ ਬਾਬਤ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਹੋਣਾ ਚਾਹੀਦਾ ਹੈ ਤਾਂ ਕਿ ਉਹ ਅੰਗ ਦਾਨ ਕਰ ਕੇ ਲੋੜਵੰਦਾਂ ਦੀ ਮਦਦ ਕਰ ਸਕਣ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੀਆਂ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿਚ ਬੁੱਧਵਾਰ ਸਿਹਤ ਸਟਾਫ਼, ਨਰਸਿੰਗ ਵਿਦਿਆਰਥੀਆਂ ਅਤੇ ਮਰੀਜ਼ਾਂ ਨੇ ਅੰਗ ਦਾਨ ਕਰਨ ਦਾ ਸੰਕਲਪ ਲਿਆ ਅਤੇ ਸਿਹਤ ਸੰਸਥਾਵਾਂ ਵਿਚ ਆਏ ਮਰੀਜ਼ਾਂ ਅਤੇ ਉਨ੍ਹਾਂ ਦੇ ਸਾਕ-ਸਬੰਧੀਆਂ ਨੂੰ ਅੰਗ ਦਾਨ ਦੀ ਮਹੱਤਤਾ ਤੋਂ ਜਾਣੂ ਕਰਾਇਆ ਗਿਆ। ਡਾ. ਜੈਨ ਨੇ ਕਿਹਾ ਕਿ ਅੰਗਦਾਨ ਪਰਉਪਕਾਰ ਦਾ ਕਾਰਜ ਹੈ, ਜਿਸ ਵਿਚ ਕਿਸੇ ਨੂੰ ਨਵਾਂ ਜੀਵਨ ਦੇਣ ਦੀ ਤਾਕਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅੰਗਦਾਨ ਲਈ ਅਹਿਦ ਲੈਣ ਦਾ ਮੰਤਵ ਖ਼ੁਦ ਅੰਗਦਾਨ ਵਾਸਤੇ ਫ਼ੈਸਲਾ ਕਰਨਾ ਹੀ ਨਹੀਂ ਸਗੋਂ ਹੋਰ ਲੋਕਾਂ ਨੂੰ ਮੌਤ ਮਗਰੋਂ ਅੰਗ ਦਾਨ ਕਰਨ ਲਈ ਪ੍ਰੇਰਿਤ ਕਰਨਾ ਵੀ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚ ਟਰਾਂਸਪਲਾਂਟੇਸ਼ਨ ਵਾਸਤੇ ਜ਼ਰੂਰੀ ਅੰਗਾਂ ਦੀ ਕਾਫ਼ੀ ਕਮੀ ਹੈ, ਇਸ ਤਰ੍ਹਾਂ ਅੰਗਦਾਨ ਨਾਲ ਇਹ ਕਮੀ ਪੂਰੀ ਹੋ ਸਕਦੀ ਹੈ। 18 ਸਾਲ ਤੋਂ ਉਪਰਲਾ ਕੋਈ ਵੀ ਵਿਅਕਤੀ ਆਪਣੀ ਮਰਜ਼ੀ ਨਾਲ ਅੰਗ ਦਾਨ ਕਰ ਸਕਦਾ ਹੈ। ਪੇਸ਼ੇਵਰ ਡਾਕਟਰ ਅੰਗਦਾਨ ਸਮੇਂ ਅੰਗਾਂ ਦੀ ਉਪਯੋਗਤਾ ਦਾ ਵਿਸ਼ਲੇਸ਼ਣ ਕਰਦਾ ਹੈ ਤੇ ਉਸੇ ਆਧਾਰ ’ਤੇ ਅੰਗਾਂ ਦੀ ਟਰਾਂਸਪਲਾਂਟੇਸ਼ਨ ਬਾਰੇ ਫ਼ੈਸਲਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੰਗਦਾਨ ਬਾਰੇ ਗ਼ਲਤ ਧਾਰਨਾਵਾਂ ’ਤੇ ਭਰੋਸਾ ਕਰਨ ਦੀ ਬਜਾਏ ਅਸਲ ਤੱਥਾਂ ਨਾਲ ਵਾਕਫ਼ੀਅਤ ਬਹੁਤ ਜ਼ਰੂਰੀ ਹੈ ਕਿਉਂਕਿ ਗ਼ਲਤ ਧਾਰਨਾਵਾਂ ਲੋਕਾਂ ਨੂੰ ਅੰਗ ਦਾਨ ਕਰਨ ਤੋਂ ਰੋਕਦੀਆਂ ਹਨ। ਉਨ੍ਹਾਂ ਕਿਹਾ ਕਿ ਅੰਗਦਾਨ ਉਹ ਕਵਾਇਦ ਹੈ, ਜਿਸ ਰਾਹੀਂ ਇਕ ਵਿਅਕਤੀ ਦੇ ਸਿਹਤਮੰਦ ਅੰਗਾਂ ਅਤੇ ਟਿਸ਼ੂਆਂ ਨੂੰ ਕੱਢ ਕੇ ਦੂਜੇ ਵਿਅਕਤੀ ਵਿਚ ਲਗਾਇਆ ਜਾਂਦਾ ਹੈ। ਇਹ ਮੌਤ ਤੋਂ ਬਾਅਦ ਜਾਂ ਕੁੱਝ ਮਾਮਲਿਆਂ ਵਿਚ, ਜਿਊਂਦੇ ਜੀਅ ਵੀ ਹੋ ਸਕਦਾ ਹੈ। ਦਿਲ, ਜਿਗਰ, ਗੁਰਦਾ, ਫੇਫੜੇ, ਕੌਰਨੀਆ ਅਤੇ ਹੋਰ ਕਈ ਅੰਗ ਦਾਨ ਕੀਤੇ ਜਾ ਸਕਦੇ ਹਨ। ਸਰੀਰ ਦੇ ਅੰਗਾਂ ਤੋਂ ਇਲਾਵਾ ਪੂਰਾ ਸਰੀਰ ਵੀ ਮੌਤ ਮਗਰੋਂ ਦਾਨ ਕੀਤਾ ਜਾ ਸਕਦਾ ਹੈ। ਇਕ ਵਿਅਕਤੀ ਦਾਨ ਜ਼ਰੀਏ ਅੱਠ ਜਾਨਾਂ ਬਚਾ ਸਕਦਾ ਹੈ। ਸਿਵਲ ਸਰਜਨ ਨੇ ਕਿਹਾ ਕਿ ਭਾਰਤ ਵਿਚ ਭਾਰੀ ਗਿਣਤੀ ’ਚ ਲੋਕ ਟਰਾਂਸਪਲਾਂਟੇਸ਼ਨ ਦੀ ਉਡੀਕ ਵਿਚ ਹਨ ਤੇ ਕਈਆਂ ਦੀ ਇਸੇ ਉਡੀਕ ਵਿਚ ਜਾਨ ਚਲੇ ਜਾਂਦੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅੰਗ ਦਾਨ ਕਰਨ ਦਾ ਅਹਿਦ ਲੈਣ ਅਤੇ ਆਪਣੇ ਪਰਿਵਾਰਕ ਜੀਆਂ, ਗੁਆਂਢੀਆਂ, ਸਾਕ-ਸਬੰਧੀਆਂ, ਦੋਸਤਾਂ ਨੂੰ ਵੀ ਅੰਗਦਾਨ ਦੀ ਮਹੱਤਤਾ ਤੋਂ ਜਾਣੂ ਕਰਾਉਣ। ਅੰਗਦਾਨ ਵਾਸਤੇ ਭਾਰਤ ਸਰਕਾਰ ਦੀ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਸੰਕਲਪ ਫਾਰਮ ਭਰਿਆ ਜਾ ਸਕਦਾ ਹੈ ਅਤੇ ਵਧੇਰੇ ਜਾਣਕਾਰੀ ਲਈ ਜਾ ਸਕਦੀ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।