ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਮੌਕੇ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਕੀਤਾ ਜਾਗਰੂਕ
ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਕੀਤਾ ਜਾਗਰੂਕ
Publish Date: Thu, 08 Jan 2026 05:58 PM (IST)
Updated Date: Thu, 08 Jan 2026 06:00 PM (IST)

ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਟ੍ਰੈਫਿਕ ਪੁਲਿਸ ਹੰਡੇਸਰਾ ਵੱਲੋਂ 31 ਜਨਵਰੀ ਤੱਕ ਮਨਾਏ ਜਾ ਰਹੇ ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦੌਰਾਨ ਵੀਰਵਾਰ ਨੂੰ ਹੰਡੇਸਰਾ ਵਿਖੇ ਸਥਿਤ ਵਾਹਨ ਚਾਲਕਾਂ ਸਮੇਤ ਮਾਰਕੀਟ ਦੇ ਦੁਕਾਨਦਾਰਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ। ਹੰਡੇਸਰਾ ਦੇ ਟ੍ਰੈਫਿਕ ਇੰਚਾਰਜ ਏਐੱਸਆਈ ਦਲੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਨਾਏ ਗਏ ਟ੍ਰੈਫਿਕ ਹਫ਼ਤੇ ਦੌਰਾਨ ਵੱਖ-ਵੱਖ ਥਾਵਾਂ ’ਤੇ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਵਾਹਨ ਚਾਲਕਾਂ ਨੂੰ ਸੜਕੀ ਨਿਯਮਾਂ ਬਾਰੇ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਵਾਹਨ ਚਾਲਕਾਂ ਨੂੰ ਕਿਹਾ ਕਿ ਉਹ ਵਾਹਨ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਨਾ ਕਰਨ, ਓਵਰਲੋਡ ਵਾਹਨ ਨਾ ਚਲਾਏ ਜਾਣ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਾ ਕੀਤੀ ਜਾਵੇ, ਵਾਹਨ ਦੇ ਪਿੱਛੇ ਰਿਫਲੈਕਟਰ ਲਗਾਏ ਜਾਣ ਤਾਂ ਜੋ ਰਾਤ ਦੇ ਸਮੇਂ ਚਾਲਕਾਂ ਨੂੰ ਵਾਹਨ ਦਿਖਾਈ ਦੇ ਸਕਣ, ਨੈਸ਼ਨਲ ਹਾਈਵੇਜ਼ ਤੇ ਵਾਹਨ ਨਾ ਖੜ੍ਹੇ ਕੀਤੇ ਜਾਣ, 18 ਸਾਲ ਤੋਂ ਘੱਟ ਉਮਰ ਦੇ ਬੱਚੇ ਕੋਈ ਵਾਹਨ ਨਾ ਚਲਾਉਣ। ਉਨ੍ਹਾਂ ਦੁਪਹੀਆ ਵਾਹਨ ਚਲਾਉਣ ਵਾਲਿਆਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਦੁਪਹੀਆ ਵਾਹਨ ਚਲਾਉਣ ਵੇਲੇ ਸਿਰ ’ਤੇ ਹੈਲਮਟ ਜ਼ਰੂਰ ਪਾਉਣ, ਗੱਡੀ ਚਲਾਉਣ ਵੇਲੇ ਸੀਟ ਬੈਲਟ ਦੀ ਵਰਤੋਂ ਕਰਨ, ਨਸ਼ਾ ਕਰਕੇ ਗੱਡੀ ਨਾ ਚਲਾਉਣ, ਟ੍ਰੈਫਿਕ ਲਾਈਟਾਂ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਦੇ ਹਾਂ ਤਾਂ ਦੁਰਘਟਨਾਵਾਂ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਇਸ ਮੌਕੇ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਸਮੇਤ ਆਮ ਲੋਕ ਵੀ ਹਾਜ਼ਰ ਸਨ।