21 ਕਿਲੋ ਗਾਂਜੇ ਸਮੇਤ ਨਸ਼ਾ ਤਸਕਰ ਕਾਬੂ, ਮਾਮਲਾ ਦਰਜ
21 ਕਿਲੋ ਗਾਂਜੇ ਸਮੇਤ ਨਸ਼ਾ ਤਸਕਰ ਕਾਬੂ, ਮਾਮਲਾ ਦਰਜ
Publish Date: Sun, 18 Jan 2026 06:24 PM (IST)
Updated Date: Sun, 18 Jan 2026 06:28 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਖੇਤਰ ’ਚ ਨਸ਼ਾ ਤਸਕਰਾਂ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਡੇਰਾਬੱਸੀ ਪੁਲਿਸ ਨੇ ਇਕ ਵੱਡੀ ਸਫ਼ਲਤਾ ਹਾਸਲ ਕੀਤੀ, ਜਦੋਂ ਉਨ੍ਹਾਂ ਨੇ ਇਕ ਵਿਅਕਤੀ ਨੂੰ ਵੱਡੀ ਮਾਤਰਾ ’ਚ ਗਾਂਜੇ ਸਮੇਤ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰ ਕੀਤੇ ਮੁਲਜ਼ਮ ਤੋਂ 21 ਕਿਲੋ ਗਾਂਜਾ ਬਰਾਮਦ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮੁਬਾਰਕਪੁਰ ਪੁਲਿਸ ਚੌਕੀ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਹਰਮਨਦੀਪ ਹਾਂਸ, ਡੀਐੱਸਪੀ ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ, ਥਾਣਾ ਮੁਖੀ ਡੇਰਾਬੱਸੀ ਸੁਮਿਤ ਮੋਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਉਨ੍ਹਾਂ ਪੁਲਿਸ ਟੀਮ ਸਮੇਤ ਡੇਰਾਬੱਸੀ-ਰਾਮਗੜ੍ਹ ਰੋਡ ਤੇ ਮੁਬਾਰਕਪੁਰ ਨੇੜੇ ਇਕ ਵਿਸ਼ੇਸ਼ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਡੇਰਾਬੱਸੀ ਤੋਂ ਆ ਰਹੀ ਇਕ ਵਰਨਾ ਕਾਰ ਨੰਬਰ ਐੱਚਆਰ06ਵਾਈ-0610 ਨੂੰ ਰੋਕਿਆ ਗਿਆ ਅਤੇ ਉਸਦੀ ਜਾਂਚ ਕੀਤੀ ਗਈ ਤਾਂ ਕਾਰ ਵਿਚੋਂ 21 ਕਿਲੋ ਗਾਂਜਾ ਬਰਾਮਦ ਹੋਇਆ। ਜਿਸ ਤੋਂ ਬਾਅਦ ਪੁਲਿਸ ਨੇ ਕਾਰ ਸਵਾਰ ਵਿਅਕਤੀ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ, ਜਿਸ ਦੀ ਪਛਾਣ ਰਾਜੀਵ ਪੁੱਤਰ ਜੈ ਪਾਲ ਵਾਸੀ ਪਿੰਡ ਨੰਗਲ ਖੇੜੀ, ਚਾਂਦਨੀ ਬਾਗ ਥਾਣਾ, ਪਾਣੀਪਤ ਜ਼ਿਲ੍ਹਾ, ਹਰਿਆਣਾ ਵਜੋਂ ਕੀਤੀ, ਜੋ ਕਿ ਇਸ ਸਮੇਂ ਪੁਸ਼ਪਾ ਇਨਕਲੇਵ, ਫੋਕਲ ਪੁਆਇੰਟ ਮੁਬਾਰਕਪੁਰ ਡੇਰਾਬੱਸੀ ਦੇ ਰੂਪ ਵਿਚ ਬਤੌਰ ਕਿਰਾਏਦਾਰ ਹੋਈ ਹੈ। ਪੁਲਿਸ ਨੇ ਨਸ਼ਾ ਤਸਕਰ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੇ ਸਰੋਤ ਅਤੇ ਸਪਲਾਈ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।