ਸ਼ਮੀਲ ਦੀ ਕਾਵਿ-ਕਿਤਾਬ 'ਤੇਗ' 'ਤੇ ਹੋਈ ਵਿਚਾਰ ਚਰਚਾ
ਸ਼ਮੀਲ ਦੀ ਕਾਵਿ-ਕਿਤਾਬ 'ਤੇਗ' 'ਤੇ ਹੋਈ ਵਿਚਾਰ ਚਰਚਾ
Publish Date: Sun, 16 Nov 2025 06:28 PM (IST)
Updated Date: Sun, 16 Nov 2025 06:29 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਅੱਜ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵੱਲੋਂ, ਕਲਾ ਭਵਨ ਸੈਕਟਰ 16 ਚੰਡੀਗੜ੍ਹ ਦੇ ਵਿਹੜੇ ਉੱਘੇ ਕਵੀ ਸ਼ਮੀਲ ਦੀ ਕਾਵਿ-ਕਿਤਾਬ ਤੇਗ ਤੇ ਵਿਚਾਰ ਚਰਚਾ ਕਰਵਾਈ ਗਈ। ਸਭ ਤੋਂ ਪਹਿਲਾਂ ਉੱਘੇ ਆਲੋਚਕ ਡਾ. ਯੋਗਰਾਜ ਅੰਗਰੀਸ਼ ਨੇ ਕਿਤਾਬ ਨਾਲ ਜਾਣ ਪਛਾਣ ਕਰਾਉਂਦਿਆਂ ਕਿਹਾ ਕਿ ਤੇਗ ਦੇ ਆਉਣ ਨਾਲ ਸ਼ਮੀਲ ਦੀ ਕਵੀ ਦੇ ਤੋਰ ਤੇ ਵੱਖਰੀ ਤਰ੍ਹਾਂ ਦੀ ਆਮਦ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਕਵਿਤਾ ਪ੍ਰਵਚਨ ਦੀ ਭਾਸ਼ਾ ਵਿਚ ਹੈ। ਉਨ੍ਹਾਂ ਅਗਾਂਹ ਕਿਹਾ ਕਿ ਕਾਵਿ-ਭਾਸ਼ਾ ਦੇ ਮਤਭੇਦ ਹੋ ਸਕਦੇ ਹਨ। ਉਨ੍ਹਾਂ ਕਿਹਾ ਤੇਗ ਨਵ-ਨਿਰਮਾਣ ਦੀ ਭਾਸ਼ਾ ਹੈ। ਇਸ ਤੋਂ ਬਾਅਦ ਕਵੀ ਸ਼ਮੀਲ ਨੇ ਆਪਣੀ ਗੱਲ ਕਰਦੇ ਹੋਏ ਕਿਹਾ ਕਿ ਮੈਂ ਨਾ ਤਾਂ ਧਰਮ ਦਾ ਵਿਦਿਆਰਥੀ ਹਾਂ ਤੇ ਨਾ ਹੀ ਇਤਿਹਾਸ ਦਾ। ਉਨ੍ਹਾਂ ਕਿਹਾ ਕਿ ਇਹ ਕਿਤਾਬ ਨਾ ਤਾਂ ਦਸਮ ਗ੍ਰੰਥ ਤੇ ਨਾ ਹੀ ਗੁਰੂ ਗੋਬਿੰਦ ਸਿੰਘ ਤੋਂ ਪ੍ਰਭਾਵਿਤ ਹੈ; ਇਹ ਕਿਤਾਬ ਸੰਤ ਸਿਪਾਹੀ ਦਾ ਕੰਨਸੈਪਟ ਹੈ, ਇਹ ਕਵਿਤਾ ਮੇਰੇ ਅਹਿਸਾਸ ਨੇ। ਉਨ੍ਹਾਂ ਨੇ ਕੁਝ ਕਵਿਤਾਵਾਂ ਦਾ ਪਾਠ ਵੀ ਕੀਤਾ। ਇਸ ਉਪਰੰਤ ਪੰਜਾਬ ਯੂਨੀਵਰਸਿਟੀ ਤੋਂ ਉੱਘੇ ਆਲੋਚਕ ਡਾ. ਪ੍ਰਵੀਨ ਕੁਮਾਰ ਨੇ ਕਵਿਤਾ ਦੀ ਟੈਕਸਟ ਦੇ ਆਧਾਰ ਤੇ ਗੱਲ ਕਰਦਿਆਂ ਕਿਹਾ ਕਿ ਤੇਗ ਇਕ ਮੈਟਾਫਰ ਹੈ, ਇਹ ਕੋਈ ਪ੍ਰਤੀਕ, ਚਿੰਨ੍ਹ ਨਹੀਂ ਤੇ ਇਸ ਸਾਰੀ ਕਵਿਤਾ ਵਿਚ ਮੈਟਾਫਰ ਇਕ ਵੱਡੀ ਭੂਮਿਕਾ ਅਦਾ ਕਰਦਾ ਹੈ। ਉਨ੍ਹਾਂ ਅਗਾਂਹ ਕਲੋਨੀਅਲ ਮਾਡੀਂਡ ਸੈੱਟ ਦੀ ਵੀ ਗੱਲ ਕੀਤੀ। ਇਸ ਉਪਰੰਤ ਪ੍ਰਧਾਨਗੀ ਮੰਡਲ ਵਿਚੋਂ ਬੋਲਦਿਆਂ ਉੱਘੇ ਚਿੰਤਕ ਡਾ. ਤੇਜਵੰਤ ਗਿੱਲ ਨੇ ਕਿਹਾ ਕਿ ਇਹ ਕਵਿਤਾ ਇਕ ਮੀਲ ਪੱਥਰ ਹੈ, ਇਸ ਵਿਚ ਸ਼ਮੀਲ ਦਾ ਆਪਣਾ ਕਮਾਇਆ ਨਜ਼ਰੀਆ ਹੈ। ਇਸ ਤੋਂ ਬਾਅਦ ਉੱਘੇ ਆਲੋਚਕ ਤੇ ਚਿੰਤਕ ਅਮਰਜੀਤ ਗਰੇਵਾਲ ਨੇ ਆਪਣੀ ਵਾਰੀ ਸਮੇਂ ਕੁਝ ਕਵਿਤਾਵਾਂ ਨੂੰ ਆਧਾਰ ਬਣਾ ਕੇ ਕਿਹਾ ਕਿ ਜੰਗ ਖ਼ਿਲਾਫ਼ ਜੰਗ ਕਰਕੇ ਜੰਗ ਖ਼ਤਮ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਸਾਡੀ ਨੈਤਿਕਤਾ ਹੀ ਕੰਮ ਆਵੇਗੀ। ਉਨ੍ਹਾਂ ਨੇ ਤੇਗ ਦੇ ਮੈਟਾਫਰ ਬਾਰੇ ਗੱਲ ਕੀਤੀ। ਉਨ੍ਹਾਂ ਅਗਾਂਹ ਆਉਣ ਵਾਲੇ ਸਮੇਂ ਵਿਚ ਕਵਿਤਾ ਦੇ ਮਹੱਤਵ ਬਾਰੇ ਵੀ ਗੱਲ ਕੀਤੀ। ਇਸ ਤੋਂ ਬਾਅਦ ਸਮਾਗਮ ਦੀ ਪ੍ਰਧਾਨਗੀ ਭਾਸ਼ਨ ਦਿੰਦੇ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਤੇ ਉੱਘੇ ਕਵੀ ਸਵਰਨਜੀਤ ਸਵੀ ਨੇ ਕਿਹਾ ਕਿ ਅੱਜ ਦੀ ਵਿਚਾਰ ਚਰਚਾ ਮਹੱਤਵਪੂਰਨ ਰਹੀ। ਉਹ ਲੰਮੇ ਸਮੇਂ ਤੋਂ ਸ਼ਮੀਲ ਨੂੰ ਜਾਣਦੇ ਨੇ ਉਹਦੀ ਕਵਿਤਾ ਦੇ ਰੁਝਾਨ ਤੋਂ ਚੰਗੀ ਤਰ੍ਹਾਂ ਵਾਕਿਫ ਨੇ। ਉਨ੍ਹਾਂ ਨੇ ਅਗਾਂਹ ਕਿਹਾ ਕਿ ਸ਼ਮੀਲ ਇਕ ਵਿਚਾਰ ਨੂੰ ਫੜ੍ਹਦਾ ਹੈ ਤੇ ਕਵਿਤਾ ਲਿਖਦਾ ਹੈ। ਪੰਜਾਬ ਨਾਟਕ ਤੇ ਸੰਗੀਤ ਅਕਾਦਮੀ ਦੇ ਪ੍ਰਧਾਨ ਅਸ਼ਵਨੀ ਚੈਟਲੇ ਨੇ ਸ਼ਮੀਲ ਨਾਲ ਕੁਝ ਨਿਜੀ ਸਾਂਝਾਂ ਦਾ ਜ਼ਿਕਰ ਕੀਤਾ ਤੇ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਦਾ ਸੰਚਾਲਨ ਕਵੀ ਤੇ ਵਾਰਤਕਕਾਰ ਜਗਦੀਪ ਸਿੱਧੂ ਨੇ ਕੀਤਾ। ਇਸ ਸਮਾਗਮ ਵਿਚ ਜਸਵੀਰ ਸਮਰ, ਅਜਾਇਬ ਔਜਲਾ, ਦਵੀ ਦਵਿੰਦਰ, ਗੌਤਮ ਰਿਸ਼ੀ, ਖੁਸ਼ਹਾਲ ਲਾਲੀ, ਪ੍ਰੋ: ਸੰਤੋਖ ਸਿੰਘ, ਹਰਜਿੰਦਰ ਦਿਲਗੀਰ, ਪ੍ਰੋ: ਜਗਮੋਹਨ ਸਿੰਘ, ਦੀਪਕ ਚਨਾਰਥਲ, ਸੁਰਿੰਦਰ ਡਾ. ਸੁਰਿੰਦਰ ਗਿੱਲ, ਅਵਤਾਰ ਪਤੰਗ, ਭੁਪਿੰਦਰ ਮਲਿਕ, ਕੁਲਵੰਤ ਕੌਰ, ਸੁਰਮੀਤ, ਹਰਬੰਸ ਸੋਢੀ ਆਦਿ ਨੇ ਸ਼ਿਰਕਤ ਕੀਤੀ।