ਰਿਸ਼ਵਤ ਮਾਮਲੇ 'ਚ ਫਰਾਰ ਡੀਜੀਪੀ ਵਿਜੀਲੈਂਸ ਦੇ ਰੀਡਰ ਨੇ ਸੀਬੀਆਈ ਕੋਰਟ ਤੋਂ ਮੰਗੀ ਅਗਾਊਂ ਜ਼ਮਾਨਤ
ਦੋਸ਼ ਹੈ ਕਿ ਅਮਿਤ ਕੁਮਾਰ ਨੂੰ ਇਕ ਫਰਜ਼ੀ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ ਡੀਜੀਪੀ ਦੇ ਨਾਮ ’ਤੇ ਉਸ ਤੋਂ 20 ਲੱਖ ਰੁਪਏ ਦੀ ਰਿਸ਼ਵਤ ਮੰਗੀ ਜਾ ਰਹੀ ਸੀ। ਬਾਅਦ ਵਿੱਚ ਸੌਦਾ 13 ਲੱਖ ਰੁਪਏ ਵਿੱਚ ਤੈਅ ਹੋ ਗਿਆ ਸੀ।
Publish Date: Mon, 18 May 2026 03:07 PM (IST)
Updated Date: Mon, 18 May 2026 03:10 PM (IST)
ਤਰੁਣ ਭਜਨੀ, ਚੰਡੀਗੜ੍ਹ : 13 ਲੱਖ ਰੁਪਏ ਦੀ ਰਿਸ਼ਵਤ ਮਾਮਲੇ ਵਿੱਚ ਫਰਾਰ ਚੱਲ ਰਹੇ ਡੀਜੀਪੀ ਵਿਜੀਲੈਂਸ ਦੇ ਰੀਡਰ ਓਪੀ ਰਾਣਾ ਨੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਹੈ। ਰਾਣਾ ਦੇ ਵਕੀਲ ਨੇ ਅਦਾਲਤ ਨੂੰ ਕਿਹਾ ਕਿ ਇਸ ਮਾਮਲੇ ਵਿੱਚ ਉਸਨੂੰ ਫਸਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਜਾਂਚ ਵਿੱਚ ਸ਼ਾਮਲ ਹੋਣ ਲਈ ਤਿਆਰ ਹੈ। ਰਾਣਾ ਦੀ ਜ਼ਮਾਨਤ ਅਰਜ਼ੀ ’ਤੇ ਕੋਰਟ ਨੇ ਸੀਬੀਆਈ ਨੂੰ ਜਵਾਬ ਦਾਖਲ ਕਰਨ ਲਈ ਨੋਟਿਸ ਜਾਰੀ ਕੀਤਾ ਹੈ, ਜਿਸ ’ਤੇ 21 ਮਈ ਨੂੰ ਸੁਣਵਾਈ ਹੋਵੇਗੀ।
ਸੀਬੀਆਈ ਨੇ ਪਿਛਲੇ ਹਫ਼ਤੇ ਮਲੋਟ ਦੇ ਸਟੇਟ ਟੈਕਸ ਅਫਸਰ ਅਮਿਤ ਕੁਮਾਰ ਤੋਂ ਰਿਸ਼ਵਤ ਮੰਗਣ ਦੇ ਮਾਮਲੇ ਵਿੱਚ ਵਿਚੋਲੇ ਰਾਘਵ ਗੋਇਲ ਅਤੇ ਉਸਦੇ ਪਿਤਾ ਵਿਕਾਸ ਗੋਇਲ ਨੂੰ ਗ੍ਰਿਫ਼ਤਾਰ ਕੀਤਾ ਸੀ, ਜਦਕਿ ਓਪੀ ਰਾਣਾ ਸੀਬੀਆਈ ਟੀਮ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ। ਦੋਸ਼ ਹੈ ਕਿ ਅਮਿਤ ਕੁਮਾਰ ਨੂੰ ਇਕ ਫਰਜ਼ੀ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ ਡੀਜੀਪੀ ਦੇ ਨਾਮ ’ਤੇ ਉਸ ਤੋਂ 20 ਲੱਖ ਰੁਪਏ ਦੀ ਰਿਸ਼ਵਤ ਮੰਗੀ ਜਾ ਰਹੀ ਸੀ। ਬਾਅਦ ਵਿੱਚ ਸੌਦਾ 13 ਲੱਖ ਰੁਪਏ ਵਿੱਚ ਤੈਅ ਹੋ ਗਿਆ ਸੀ। ਅਮਿਤ ਨੂੰ ਕਿਹਾ ਜਾ ਰਿਹਾ ਸੀ ਕਿ ਇਹ ਰਕਮ ਡੀਜੀਪੀ ਤੱਕ ਪਹੁੰਚਣੀ ਹੈ, ਜਦਕਿ ਓਪੀ ਰਾਣਾ ਨੇ ਆਪਣੇ ਲਈ 1.86 ਲੱਖ ਰੁਪਏ ਦਾ ਫੋਨ ਮੰਗਿਆ ਸੀ।