ਭਾਂਖਰਪੁਰ ਵਿਚ ਘੱਗਰ ਦਰਿਆ ਦੀ ਡੀ-ਸਿਲਟਿੰਗ ਨਾਲ ਹੜ੍ਹ ਦਾ ਖ਼ਤਰਾ ਘਟੇਗਾ, ਪੰਚਾਇਤ ਨੂੰ ਮਿਲਣਗੇ 22 ਲੱਖ ਰੁਪਏ
ਭਾਂਖਰਪੁਰ ਵਿਚ ਘੱਗਰ ਦਰਿਆ ਦੀ ਡੀ-ਸਿਲਟਿੰਗ ਨਾਲ ਹੜ੍ਹ ਦਾ ਖ਼ਤਰਾ ਘਟੇਗਾ
Publish Date: Tue, 20 Jan 2026 07:14 PM (IST)
Updated Date: Tue, 20 Jan 2026 07:15 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਅੰਬਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਸਥਿਤ ਪਿੰਡ ਭਾਂਖਰਪੁਰ ਨੇੜੇ ਵਗਦੇ ਘੱਗਰ ਦਰਿਆ ਦੀ ਡੀ-ਸਿਲਟਿੰਗ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਕੰਮ ਦੇ ਪੂਰਾ ਹੋਣ ਨਾਲ ਆਉਣ ਵਾਲੇ ਮਾਨਸੂਨ ਦੌਰਾਨ ਹੜ੍ਹ ਦਾ ਖ਼ਤਰਾ ਕਾਫ਼ੀ ਹੱਦ ਤੱਕ ਘਟ ਜਾਵੇਗਾ। ਇਸ ਪ੍ਰਾਜੈਕਟ ਤਹਿਤ ਪਿੰਡ ਭਾਂਖਰਪੁਰ ਦੀ ਪੰਚਾਇਤ ਨੂੰ ਲਗਭਗ 22 ਲੱਖ ਰੁਪਏ ਦੀ ਰਕਮ ਵੀ ਮਿਲੇਗੀ, ਜੋ ਪਿੰਡ ਦੇ ਵਿਕਾਸ ਕੰਮਾਂ ਲਈ ਵਰਤੀ ਜਾਵੇਗੀ। ਮਾਈਨਿੰਗ ਵਿਭਾਗ ਦੇ ਅਫ਼ਸਰ ਅਨੁਜ ਤੋਮਰ ਨੇ ਦੱਸਿਆ ਕਿ ਘੱਗਰ ਦਰਿਆ ’ਚ ਜਮੀ ਹੋਈ ਗਾਦ ਹਟਾਈ ਜਾ ਰਹੀ ਹੈ। ਇਸ ਨਾਲ ਪਾਣੀ ਦਾ ਵਹਾਅ ਸਹੀ ਰਹੇਗਾ ਅਤੇ ਬਰਸਾਤ ਦੇ ਦਿਨਾ ਵਿਚ ਦਰਿਆ ਦੇ ਹੜ੍ਹ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਅ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਡੀ-ਸਿਲਟਿੰਗ ਦੇ ਨਾਲ-ਨਾਲ ਦਰਿਆ ਦੇ ਕੰਢਿਆਂ ’ਤੇ ਬਣੇ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ, ਤਾਂ ਜੋ ਭਵਿੱਖ ਵਿਚ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਿਪਟਿਆ ਜਾ ਸਕੇ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮਾਨਸੂਨ ਦੌਰਾਨ ਘੱਗਰ ਦਰਿਆ ਦੇ ਪਾਣੀ ਦਾ ਪੱਧਰ ਕਾਫ਼ੀ ਵਧ ਗਿਆ ਸੀ ਅਤੇ ਇਕ ਥਾਂ ਬੰਨ੍ਹ ਵਿਚ ਦਰਾਰ ਪੈ ਗਈ ਸੀ, ਜਿਸ ਨਾਲ ਪਿੰਡ ਵਿਚ ਹੜ੍ਹ ਦਾ ਖ਼ਤਰਾ ਬਣ ਗਿਆ ਸੀ ਪਰ ਸਮੇਂ ਸਿਰ ਕਾਰਵਾਈ ਕਰਕੇ ਵੱਡਾ ਨੁਕਸਾਨ ਹੋਣ ਤੋਂ ਬਚਾ ਲਿਆ ਗਿਆ ਸੀ। ਡੀ-ਸਿਲਟਿੰਗ ਕੰਮ ਦਾ ਜਾਇਜ਼ਾ ਲੈਣ ਲਈ ਪੰਚਾਇਤ ਮੈਂਬਰ ਅਤੇ ਪਿੰਡ ਵਾਸੀ ਵੀ ਮੌਕੇ ’ਤੇ ਪਹੁੰਚੇ। ਸਾਰਿਆਂ ਨੇ ਇਸ ਕੰਮ ਨੂੰ ਪਿੰਡ ਲਈ ਜ਼ਰੂਰੀ ਦੱਸਿਆ। ਇਸ ਮੌਕੇ ਰਣਜੀਤ ਸਿੰਘ, ਪਰਵਿੰਦਰ ਸਿੰਘ, ਦਵਿੰਦਰ ਸਿੰਘ, ਭੁਪਿੰਦਰ ਸਿੰਘ, ਤਰਸੇਮ ਸਿੰਘ, ਲਵਪ੍ਰੀਤ ਸਿੰਘ, ਹਰਵਿੰਦਰ ਸਿੰਘ ਮੋਨੂ, ਅਰਵਿੰਦਰ ਸਿੰਘ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ ਅਤੇ ਗੁਰਜੀਤ ਸਿੰਘ ਮੌਜੂਦ ਸਨ।