ਡੀਸੀ ਨੇ ਸੜਕ ਹਾਦਸਿਆਂ ਦੀ ਰੋਕਥਾਮ ਲਈ ਕੀਤੀ ਸਮੀਖਿਆ
ਡਿਪਟੀ ਕਮਿਸ਼ਨਰ ਵੱਲੋਂ ਸੜਕ ਦੁਰਘਟਨਾਵਾਂ ਦੀ ਰੋਕਥਾਮ ਲਈ ਸਮੀਖਿਆ ਬੈਠਕ,
Publish Date: Wed, 19 Nov 2025 06:21 PM (IST)
Updated Date: Wed, 19 Nov 2025 06:22 PM (IST)

ਗੁਰਮੀਤ ਸਿੰਘ ਸ਼ਾਹੀ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਬੁੱਧਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਜ਼ਿਲ੍ਹਾ ਟਰਾਂਸਪੋਰਟ ਵਿਭਾਗ ਅਤੇ ਜ਼ਿਲ੍ਹਾ ਰੋਡ ਸੇਫਟੀ ਕਮੇਟੀ ਨਾਲ ਰੋਡ ਸੇਫਟੀ ਪ੍ਰਬੰਧਾਂ ਬਾਰੇ ਵਿਸ਼ੇਸ਼ ਸਮੀਖਿਆ ਬੈਠਕ ਕੀਤੀ। ਬੈਠਕ ਦੌਰਾਨ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੀਆਂ ਮੁੱਖ ਸੜਕਾਂ ’ਤੇ ਮੌਜੂਦ ਬਲੈਕ ਸਪਾਟਸ ਕਾਰਨ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਤੇ ਚਿੰਤਾ ਜਤਾਈ ਅਤੇ ਐੱਨਐੱਚਏਆਈ, ਗਮਾਡਾ, ਨਗਰ ਨਿਗਮ ਮੁਹਾਲੀ ਅਤੇ ਹੋਰ ਸਬੰਧਤ ਵਿਭਾਗਾਂ ਨੂੰ ਇਹ ਬਲੈਕ ਸਪਾਟਸ ਤਰਜੀਹੀ ਆਧਾਰ ਤੇ ਬਿਨਾਂ ਕਿਸੇ ਦੇਰੀ ਦੇ ਦਰੁੱਸਤ ਕਰਨ ਲਈ ਨਿਰਦੇਸ਼ ਦਿੱਤੇ, ਤਾਂ ਜੋ ਰਾਹਗੀਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਨੇ ਆਉਣ ਵਾਲੇ ਧੁੰਦ ਦੇ ਮੌਸਮ ਨੂੰ ਦੇਖਦੇ ਹੋਏ ਪੂਰੇ ਜ਼ਿਲ੍ਹੇ ਵਿਚ ਸੜਕਾਂ ਤੇ ਰਿਫਲੈਕਟਰ, ਚਿਤਾਵਨੀ ਚਿੰਨ੍ਹ ਅਤੇ ਜਿੱਥੇ ਲੋੜ ਹੈ, ਉੱਥੇ ਨਵੇਂ ਡਿਵਾਈਡਰ ਬਣਾਉਣ ਦੇ ਆਦੇਸ਼ ਵੀ ਦਿੱਤੇ। ਬੈਠਕ ਵਿਚ ਟ੍ਰੈਫਿਕ ਪੁਲਿਸ ਵੱਲੋਂ ਪੇਸ਼ ਕੀਤੀ ਰਿਪੋਰਟ, ਜਿਸ ਵਿਚ ਸੜਕਾਂ ਨੂੰ ਝਾੜੀਆਂ ਤੋਂ ਮੁਕਤ ਕਰਨਾ, ਸਪਰਿੰਗ ਕੋਨ, ਰੰਬਲ ਸਟਰਿਪਸ, ਟ੍ਰੈਫਿਕ ਲਾਈਟ ਟਾਈਮਰ, ਬਲਿੰਕਰਾਂ ਦੀ ਇੰਸਟਾਲੇਸ਼ਨ ਅਤੇ ਜ਼ੈਬਰਾਕ੍ਰਾਸਿੰਗ, ਸਟਾਪ ਲਾਈਨਾਂ, ਸਪੀਡ ਲਿਮਿਟ ਬੋਰਡ, ਨੋ-ਪਾਰਕਿੰਗ ਬੋਰਡ ਆਦਿ ਦੇ ਨਿਸ਼ਾਨਾਂ ਦੀ ਸਪੱਸ਼ਟਤਾ, ਸ਼ਾਮਲ ਸੀ, ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਗਮਾਡਾ, ਨਗਰ ਨਿਗਮ ਅਤੇ ਲੋਕ ਨਿਰਮਾਣ ਵਿਭਾਗ ਨੂੰ ਅਗਲੇ ਦੋ ਹਫ਼ਤਿਆਂ ਵਿਚ ਸਾਰੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਕੇ ਕਾਰਵਾਈ ਰਿਪੋਰਟ ਪੇਸ਼ ਕਰਨ ਲਈ ਕਿਹਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਕੂਲੀ ਬੱਸਾਂ ਪਾਲਿਸੀ ਅਨੁਸਾਰ ਹੀ ਚੱਲਣੀਆਂ ਚਾਹੀਦੀਆਂ ਹਨ ਅਤੇ ਲਾਪਰਵਾਹੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਆਰਟੀਓ ਦਫ਼ਤਰ ਵੱਲੋਂ ਦੱਸਿਆ ਗਿਆ ਕਿ ਸਤੰਬਰ ਅਤੇ ਅਕਤੂਬਰ ਮਹੀਨਿਆਂ ਦੌਰਾਨ ਟ੍ਰੈਫਿਕ ਪੁਲਿਸ, ਆਰਟੀਏ ਅਤੇ ਸੀਡੀਪੀਓ ਦਫ਼ਤਰ ਨੇ ਸਾਂਝੇ ਤੌਰ ’ਤੇ 40 ਸਕੂਲ ਬੱਸਾਂ ਦੀ ਚੈਕਿੰਗ ਕੀਤੀ, ਜਿਨ੍ਹਾਂ ਵਿਚੋਂ 3 ਬੱਸਾਂ ਦੇ ਚਾਲਾਨ ਕੀਤੇ ਗਏ। ਇਸ ਤੋਂ ਇਲਾਵਾ, ਆਰਟੀਓ ਵੱਲੋਂ 15 ਬੱਸਾਂ ਦੇ ਚਾਲਾਨ ਕੀਤੇ ਗਏ ਅਤੇ 50 ਬੱਸਾਂ ਨੂੰ ਐੱਮਵੀਆਈ ਵੱਲੋਂ ਫਿੱਟ ਕਰਾਰ ਦਿੱਤਾ ਗਿਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੜਕ ਹਾਦਸਿਆਂ ਦੇ ਸਮੇਂ ਮੱਦਦ ਕਰਨ ਵਾਲੇ ਵਿਅਕਤੀਆਂ ਨੂੰ ਪੰਜਾਬ ਸਰਕਾਰ ਦੀ “ਗੁੱਡ ਸਮਾਰਿਟਨ (ਫਰਿਸ਼ਤੇ) ਸਕੀਮ” ਤਹਿਤ 2000 ਰੁਪਏ ਤੁਰੰਤ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਂਦੀ ਹੈ। ਇਸ ਲਈ ਲੋਕਾਂ ਨੂੰ ਇਸ ਸਕੀਮ ਬਾਰੇ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਹਾਦਸਿਆਂ ਦੀ ਤੁਰੰਤ ਰਿਪੋਰਟਿੰਗ ਲਈ ਈ-ਡਾਰ ਪੋਰਟਲ ਦੇ ਸਹੀ ਉਪਯੋਗ ਤੇ ਵੀ ਜ਼ੋਰ ਦਿੱਤਾ, ਤਾਂ ਜੋ ਹਾਦਸਿਆਂ ਵਾਲੀਆਂ ਥਾਵਾਂ ਦੀ ਸਹੀ ਪਛਾਣ ਹੋਵੇ ਅਤੇ ਮੁਆਵਜ਼ੇ ਦੀ ਪ੍ਰਕਿਰਿਆ ਤੇਜ਼ੀ ਨਾਲ ਹੋ ਸਕੇ। ਡਿਪਟੀ ਕਮਿਸ਼ਨਰ ਨੇ ਹਿਟ ਐਂਡ ਰਨ ਮਾਮਲਿਆਂ ਵਿਚ ਲੰਬਿਤ ਅਰਜ਼ੀਆਂ ਨੂੰ ਜਲਦੀ ਨਿਪਟਾਉਣ ਲਈ ਕਿਹਾ, ਤਾਂ ਜੋ ਮ੍ਰਿਤਕ ਮਾਮਲਿਆਂ ਵਿਚ 2 ਲੱਖ ਰੁਪਏ ਅਤੇ ਗੰਭੀਰ ਜ਼ਖ਼ਮੀ ਵਿਅਕਤੀਆਂ ਨੂੰ 50 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਸਮੇਂ-ਸਿਰ ਮੁਹੱਈਆ ਕਰਵਾਈ ਜਾ ਸਕੇ। ਇਸ ਮੌਕੇ ਐਡਿਸ਼ਨਲ ਡਿਪਟੀ ਕਮਿਸ਼ਨਰ (ਜ) ਗੀਤਿਕਾ ਸਿੰਘ, ਡੀਐੱਸਪੀ (ਟ੍ਰੈਫਿਕ) ਕਰਨੈਲ ਸਿੰਘ ਸਮੇਤ ਹੋਰ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।