ਯੂਬੀਡੀਸੀ ਹਾਈਡਲ ਚੈਨਲ ਦੀ ਮੁਰੰਮਤ 'ਚ ਦੇਰੀ, PSPCL ਨੂੰ ਹੁਣ ਤੱਕ 108 ਕਰੋੜ ਦਾ ਨੁਕਸਾਨ
ਮਾਰਚ 2026 ਵਿੱਚ ਤਤਕਾਲੀ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਦਾਅਵਾ ਕੀਤਾ ਸੀ ਕਿ ਮਈ ਦੇ ਪਹਿਲੇ ਹਫ਼ਤੇ ਤੋਂ ਯੂਬੀਡੀਸੀ ਪ੍ਰੋਜੈਕਟ ਤੋਂ ਬਿਜਲੀ ਉਤਪਾਦਨ ਸ਼ੁਰੂ ਹੋ ਜਾਵੇਗਾ। ਹਾਲਾਂਕਿ ਕਈ ਵਾਰ ਜਾਂਚ ਤੋਂ ਬਾਅਦ ਵੀ ਸ਼ਿੰਗਲਜ਼ ਇੰਜੈਕਟਰ ਕੋਲ ਮੁੜ ਰਿਸਾਅ ਸਾਹਮਣੇ ਆਉਣ ਕਾਰਨ ਚੈਨਲ ਚਾਲੂ ਨਹੀਂ ਹੋ ਸਕਿਆ।
Publish Date: Thu, 14 May 2026 08:10 AM (IST)
Updated Date: Thu, 14 May 2026 08:13 AM (IST)
ਰੋਹਿਤ ਕੁਮਾਰ, ਚੰਡੀਗੜ੍ਹ : ਪੀਅਐੱਸਪੀਸੀਐੱਲ ਦੇ ਯੂਬੀਡੀਸੀ ਹਾਈਡਲ ਚੈਨਲ ਵਿੱਚ ਅਗਸਤ 2025 ਦੌਰਾਨ ਆਈ ਟੁੱਟ ਤੋਂ ਬਾਅਦ ਹੁਣ ਤੱਕ ਪੂਰੀ ਤਰ੍ਹਾਂ ਮੁਰੰਮਤ ਨਹੀਂ ਹੋ ਸਕੀ। ਬਿਜਲੀ ਉਤਪਾਦਨ ਬੰਦ ਰਹਿਣ ਕਾਰਨ ਨਿਗਮ ਨੂੰ ਹੁਣ ਤੱਕ ਕਰੀਬ 108 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਜਾਣਕਾਰੀ ਅਨੁਸਾਰ ਇਸ ਵੇਲੇ ਵੀ ਹਰ ਰੋਜ਼ ਕਰੀਬ 70 ਲੱਖ ਰੁਪਏ ਦਾ ਵਾਧੂ ਨੁਕਸਾਨ ਹੋ ਰਿਹਾ ਹੈ, ਜਦਕਿ ਮੁਰੰਮਤ ’ਤੇ ਲਗਭਗ 50 ਕਰੋੜ ਰੁਪਏ ਖਰਚੇ ਜਾ ਚੁੱਕੇ ਹਨ।
ਮਾਰਚ 2026 ਵਿੱਚ ਤਤਕਾਲੀ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਦਾਅਵਾ ਕੀਤਾ ਸੀ ਕਿ ਮਈ ਦੇ ਪਹਿਲੇ ਹਫ਼ਤੇ ਤੋਂ ਯੂਬੀਡੀਸੀ ਪ੍ਰੋਜੈਕਟ ਤੋਂ ਬਿਜਲੀ ਉਤਪਾਦਨ ਸ਼ੁਰੂ ਹੋ ਜਾਵੇਗਾ। ਹਾਲਾਂਕਿ ਕਈ ਵਾਰ ਜਾਂਚ ਤੋਂ ਬਾਅਦ ਵੀ ਸ਼ਿੰਗਲਜ਼ ਇੰਜੈਕਟਰ ਕੋਲ ਮੁੜ ਰਿਸਾਅ ਸਾਹਮਣੇ ਆਉਣ ਕਾਰਨ ਚੈਨਲ ਚਾਲੂ ਨਹੀਂ ਹੋ ਸਕਿਆ।
25 ਅਗਸਤ 2025 ਨੂੰ ਰਣਜੀਤ ਸਾਗਰ ਅਤੇ ਸ਼ਾਹਪੁਰ ਕੰਡੀ ਡੈਮਾਂ ਤੋਂ ਵੱਧ ਪਾਣੀ ਛੱਡੇ ਜਾਣ ਅਤੇ ਭਾਰੀ ਮੀਂਹ ਕਾਰਨ ਯੂਬੀਡੀਸੀ ਪਾਵਰ ਹਾਊਸ ਨੰਬਰ-1 ’ਤੇ ਕਚਰਾ ਇਕੱਠਾ ਹੋ ਗਿਆ ਸੀ। ਅਗਲੇ ਦਿਨ ਵਾਧੂ ਪਾਣੀ ਚੈਨਲ ਵਿੱਚ ਦਾਖ਼ਲ ਹੋਣ ਕਾਰਨ ਆਰਡੀ 10500 ’ਤੇ ਚੈਨਲ ਟੁੱਟ ਗਿਆ, ਜਿਸ ਨਾਲ ਆਸ-ਪਾਸ ਦੇ ਪਿੰਡਾਂ ਅਤੇ ਨੈਸ਼ਨਲ ਹਾਇਵੇ 54 ਤੱਕ ਪਾਣੀ ਪਹੁੰਚ ਗਿਆ। ਲਗਾਤਾਰ ਰਿਸਾਅ ਕਾਰਨ ਹੁਣ ਤੱਕ ਕਰੀਬ 215 ਮਿਲੀਅਨ ਯੂਨਿਟ ਬਿਜਲੀ ਉਤਪਾਦਨ ਪ੍ਰਭਾਵਿਤ ਹੋ ਚੁੱਕਾ ਹੈ।