ਪੀਐੱਚਸੀ ਘੜੂਆਂ ’ਚ ‘ਧੀਆਂ ਦੀ ਲੋਹੜੀ’ ਸਮਾਗਮ, ਨਵਜੰਮੀਆਂ ਬੱਚੀਆਂ ਦੀਆਂ ਮਾਵਾਂ ਨੂੰ ਕੰਬਲ ਵੰਡੇ
ਪੀਐੱਚਸੀ ਘੜੂਆਂ ਵਿਚ ‘ਧੀਆਂ ਦੀ ਲੋਹੜੀ’ ਸਮਾਰੋਹ, ਨਵਜੰਮੀਆਂ ਬੱਚੀਆਂ ਦੀਆਂ ਮਾਵਾਂ ਨੂੰ ਕੰਬਲ ਵੰਡੇ
Publish Date: Wed, 14 Jan 2026 07:04 PM (IST)
Updated Date: Wed, 14 Jan 2026 07:06 PM (IST)

ਮਹਿਰਾ, ਪੰਜਾਬੀ ਜਾਗਰਣ, ਖਰੜ : ਪੰਜਾਬ ਸਰਕਾਰ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ’ਚ ਲੋਹੜੀ ਦੇ ਤਿਉਹਾਰ ਮੌਕੇ ਜ਼ਿਲ੍ਹਾ ਮੁਹਾਲੀ ਦੀ ਸਿਵਲ ਸਰਜਨ ਡਾ. ਸੰਗੀਤਾ ਜੈਨ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੀਤ ਮੋਹਨ ਸਿੰਘ ਖੁਰਾਣਾ ਦੀ ਰਹਿਨੁਮਾਈ ਹੇਠ ਪੀਐੱਚਸੀ ਘੜੂਆਂ ਵਿਚ ‘ਧੀਆਂ ਦੀ ਲੋਹੜੀ’ ਥੀਮ ਤਹਿਤ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿਚ ਮੈਡੀਕਲ ਅਫ਼ਸਰ ਡਾ. ਸਰੋਜ, ਡਾ. ਪਰਮਿੰਦਰ ਭੱਟੀ, ਡਾ. ਰਾਹੁਲ, ਡਾ. ਅਮਨ ਸਮੇਤ ਹੋਰ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਮੌਜੂਦ ਰਿਹਾ। ਲੋਹੜੀ ਦੇ ਤਿਉਹਾਰ ਨੂੰ ਧੀਆਂ ਦੇ ਸਨਮਾਨ ਨੂੰ ਸਮਰਪਿਤ ਕਰਦੇ ਹੋਏ ਸਮਾਜ ਵਿਚ ਬੇਟੀਆਂ ਦੀ ਮਹੱਤਤਾ, ਉਨ੍ਹਾਂ ਦੀ ਸਿਹਤ ਅਤੇ ਸੁਰੱਖਿਆ ਬਾਰੇ ਜਾਗਰੂਕਤਾ ਫੈਲਾਈ ਗਈ। ਇਸ ਮੌਕੇ ਨਵਜੰਮੀਆਂ ਬੱਚੀਆਂ ਦੀਆਂ ਮਾਵਾਂ ਨੂੰ ਤੋਹਫ਼ੇ ਵਜੋਂ ਕੰਬਲ ਵੀ ਵੰਡੇ ਗਏ, ਜਿਸ ਨਾਲ ਸਮਾਗਮ ਦੀ ਰੌਣਕ ਹੋਰ ਵਧ ਗਈ। ਮੌਕੇ ’ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੀਤ ਮੋਹਨ ਸਿੰਘ ਖੁਰਾਣਾ ਨੇ ਕਿਹਾ ਕਿ ਲੋਹੜੀ ਸਾਡੇ ਸਭਿਆਚਾਰ ਦਾ ਮਹੱਤਵਪੂਰਨ ਹਿੱਸਾ ਹੈ ਅਤੇ ਇਸਨੂੰ ‘ਧੀਆਂ ਦੀ ਲੋਹੜੀ’ ਵਜੋਂ ਮਨਾਉਂਦੇ ਹੋਏ ਅਸੀਂ ਸਮਾਜ ਨੂੰ ਇਹ ਸੁਨੇਹਾ ਦੇ ਰਹੇ ਹਾਂ ਕਿ ਧੀਆਂ ਸਿਰਫ਼ ਪਰਿਵਾਰ ਦੀ ਖੁਸ਼ੀ ਨਹੀਂ, ਸਗੋਂ ਦੇਸ਼ ਦੀ ਮਾਣ ਹਨ। ਮਹਿਲਾਵਾਂ ਦੀ ਸਿਹਤ, ਸੁਰੱਖਿਆ ਅਤੇ ਸਨਮਾਨ ਨੂੰ ਤਰਜੀਹ ਦੇਣਾ ਸਾਡਾ ਨੈਤਿਕ ਫ਼ਰਜ਼ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਨਵਜੰਮੀਆਂ ਬੱਚੀਆਂ ਦੀਆਂ ਮਾਵਾਂ ਦੀ ਸਿਹਤ ਅਤੇ ਦੇਖਭਾਲ ਲਈ ਪੀਐੱਚਸੀ ਪੱਧਰ ’ਤੇ ਕਈ ਸਿਹਤ ਸੇਵਾਵਾਂ ਉਪਲੱਬਧ ਹਨ, ਅਤੇ ਇਸ ਤਰ੍ਹਾਂ ਦੇ ਸਮਾਗਮ ਜਾਗਰੂਕਤਾ ਵਧਾਉਣ ਵਿਚ ਮਦਦਗਾਰ ਸਾਬਤ ਹੁੰਦੇ ਹਨ। ਇਸ ਪ੍ਰੋਗਰਾਮ ਦੌਰਾਨ ਸਟਾਫ਼ ਵੱਲੋਂ ਮਹਿਲਾਵਾਂ ਦੀ ਸਿਹਤ, ਪੋਸ਼ਣ ਅਤੇ ਸਿਹਤ ਵਿਭਾਗ ਦੀਆਂ ਸਰਕਾਰੀ ਯੋਜਨਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।