ਆਲ-ਇੰਡੀਆ ਇੰਟਰ-ਯੂਨੀਵਰਸਿਟੀ ਕੁਸ਼ਤੀ ਚੈਂਪੀਅਨਸ਼ਿਪ ਵਿਚ 11 ਸੋਨ ਤਗ਼ਮਿਆਂ ਨਾਲ ਸੀਯੂ ਬਣੀ ਓਵਰਆਲ ਚੈਂਪੀਅਨ
ਕੁਸ਼ਤੀ ਚੈਂਪੀਅਨਸ਼ਿਪ ਵਿਚ 11 ਸੋਨ ਤਗ਼ਮਿਆਂ ਨਾਲ ਸੀਯੂ ਬਣੀ ਓਵਰਆਲ ਚੈਂਪੀਅਨ
Publish Date: Sat, 10 Jan 2026 08:32 PM (IST)
Updated Date: Sat, 10 Jan 2026 08:33 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਚੰਡੀਗੜ੍ਹ ਯੂਨੀਵਰਸਿਟੀ (ਸੀਯੂ) ਵਿਖੇ ਕਰਵਾਈ ਗਈ ਪੰਜ ਰੋਜ਼ਾ ਆਲ-ਇੰਡੀਆ ਇੰਟਰ-ਯੂਨੀਵਰਸਿਟੀ ਕੁਸ਼ਤੀ (ਗਰੀਕੋ-ਰੋਮਨ ਅਤੇ ਫਰੀਸਟਾਈਲ) ਚੈਂਪੀਅਨਸ਼ਿਪ ਯੂਨੀਵਰਸਿਟੀ ਦੇ ਦਬਦਬੇ ਨਾਲ ਸੰਪੰਨ ਹੋ ਗਈ। ਚੰਡੀਗੜ੍ਹ ਯੂਨੀਵਰਸਿਟੀ ਨੇ ਦੋਵਾਂ ਸ਼੍ਰੇਣੀਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 16 ਤਗ਼ਮੇ (11 ਸੋਨੇ, 3 ਚਾਂਦੀ ਅਤੇ 2 ਕਾਂਸੀ) ਜਿੱਤ ਕੇ ਓਵਰਆਲ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਮ ਕਰਕੇ ਨਵਾਂ ਇਤਿਹਾਸ ਸਿਰਜਿਆ ਹੈ। ਗਰੀਕੋ-ਰੋਮਨ ਸ਼੍ਰੇਣੀ ਵਿਚ ਸੀਯੂ ਨੇ 6 ਸੋਨੇ ਅਤੇ 1 ਕਾਂਸੀ ਦੇ ਤਗ਼ਮੇ ਨਾਲ ਪਹਿਲਾ ਸਥਾਨ ਹਾਸਲ ਕੀਤਾ, ਜਦੋਂਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੂਜੇ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਤੀਜੇ ਸਥਾਨ ਤੇ ਰਹੀ। ਫਰੀਸਟਾਈਲ ਮੁਕਾਬਲਿਆਂ ਵਿਚ ਵੀ ਸੀਯੂ ਨੇ 5 ਸੋਨੇ, 3 ਚਾਂਦੀ ਅਤੇ ਇਕ ਕਾਂਸੀ ਦਾ ਤਗ਼ਮਾ ਜਿੱਤ ਕੇ ਐੱਮਡੀਯੂ ਰੋਹਤਕ ਨੂੰ ਪਛਾੜਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਚੈਂਪੀਅਨਸ਼ਿਪ ਵਿਚ ਦੇਸ਼ ਭਰ ਦੀਆਂ 200 ਤੋਂ ਵੱਧ ਯੂਨੀਵਰਸਿਟੀਆਂ ਦੇ 2700 ਤੋਂ ਵੱਧ ਪਹਿਲਵਾਨਾਂ ਨੇ ਹਿੱਸਾ ਲਿਆ। ਕੜਾਕੇ ਦੀ ਠੰਡ ਦੇ ਬਾਵਜੂਦ ਖਿਡਾਰੀਆਂ ਦਾ ਜੋਸ਼ ਦੇਖਣਯੋਗ ਸੀ ਅਤੇ 20 ਭਾਰ ਵਰਗਾਂ ਵਿਚ 2000 ਤੋਂ ਵੱਧ ਮੁਕਾਬਲੇ ਕਰਵਾਏ ਗਏ। ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਸੰਧੂ ਪਾਪਾ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ, ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਪਹਿਲਵਾਨਾਂ ਨੇ 11 ਸੋਨ ਤਗ਼ਮੇ ਜਿੱਤ ਕੇ ਰਾਸ਼ਟਰੀ ਪੱਧਰ ਤੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ ਹੈ। ਕੁਸ਼ਤੀ ਸਾਡੇ ਸੱਭਿਆਚਾਰ ਦਾ ਮਾਣ ਹੈ ਅਤੇ ਅਸੀਂ ਆਪਣੇ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਅਤੇ 6.5 ਕਰੋੜ ਰੁਪਏ ਦਾ ਸਾਲਾਨਾ ਖੇਡ ਸਕਾਲਰਸ਼ਿਪ ਬਜਟ ਪ੍ਰਦਾਨ ਕਰ ਰਹੇ ਹਾਂ ਤਾਂ ਜੋ ਉਹ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਸਕਣ। ਉਨ੍ਹਾਂ ਅੱਗੇ ਦੱਸਿਆ ਕਿ ਸੀਯੂ ਲਗਾਤਾਰ ਦੋ ਸਾਲ (2024 ਅਤੇ 2025) ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਦੀ ਚੈਂਪੀਅਨ ਰਹੀ ਹੈ ਅਤੇ ਵੱਕਾਰੀ ਮਾਕਾ ਟਰਾਫ਼ੀ ਜਿੱਤਣ ਵਾਲੀ ਦੇਸ਼ ਦੀ ਪਹਿਲੀ ਪ੍ਰਾਈਵੇਟ ਯੂਨੀਵਰਸਿਟੀ ਹੈ।