ਵਿਕਾਸ ਕਾਰਜਾਂ ਦੇ ਉਦਘਾਟਨਾਂ ਨੂੰ ਲੈ ਕੇ ਨਗਰ ਕੌਂਸਲ ਪ੍ਰਧਾਨ ਅਤੇ ਹਲਕਾ ਵਿਧਾਇਕ ਵਿਚਕਾਰ ਛਿੜੀ ਕ੍ਰੈਡਿਟ ਵਾਰ
ਵਿਕਾਸ ਕਾਰਜਾਂ ਦੇ ਉਦਘਾਟਨਾਂ ਨੂੰ ਲੈ ਕੇ ਨਗਰ ਕੌਂਸਲ ਪ੍ਰਧਾਨ ਅਤੇ ਹਲਕਾ ਵਿਧਾਇਕ ਵਿਚਕਾਰ ਛਿੜੀ ਕ੍ਰੈਡਿਟ ਵਾਰ,
Publish Date: Thu, 20 Nov 2025 07:15 PM (IST)
Updated Date: Thu, 20 Nov 2025 07:16 PM (IST)

ਦੋ ਦਿਨਾਂ ’ਚ ਇਕੋ ਟਿਊਬਵੈੱਲ ਦਾ ਕੰਮ ਆਰੰਭ ਕਰਵਾਉਣ ਦਾ ਦੋ ਵਾਰੀ ਉਦਘਾਟਨ ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਢਕੌਲੀ ਖੇਤਰ ਦੇ ਵਾਰਡ ਨੰ. 9 ਵਿਚ ਲਗਾਏ ਜਾ ਰਹੇ ਟਿਊਬਵੈੱਲ ਨੂੰ ਲੈ ਕੇ ਨਗਰ ਕੌਂਸਲ ਪ੍ਰਧਾਨ ਅਤੇ ਸਥਾਨਕ ਵਿਧਾਇਕ ਵਿਚਕਾਰ ਕ੍ਰੈਡਿਟ ਦੀ ਲੜਾਈ ਸ਼ੁਰੂ ਹੋ ਗਈ ਹੈ। ਸਥਿਤੀ ਇਸ ਹੱਦ ਤੱਕ ਵਧ ਗਈ ਕਿ ਇਕੋ ਟਿਊਬਵੈੱਲ ਦਾ ਦੋ ਦਿਨਾਂ ਵਿਚ ਦੋ ਵਾਰ ਉਦਘਾਟਨ ਕੀਤਾ ਗਿਆ, ਪਹਿਲਾਂ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਅਤੇ ਫਿਰ ਨਗਰ ਕੌਂਸਲ ਪ੍ਰਧਾਨ ਵੱਲੋਂ ਕੀਤਾ ਗਿਆ। ਕਮਿਊਨਿਟੀ ਹੈਲਥ ਸੈਂਟਰ ਕੰਪਲੈਕਸ ਵਿਚ ਲਗਭਗ 40.53 ਲੱਖ ਦੀ ਲਾਗਤ ਨਾਲ ਲਗਾਇਆ ਜਾ ਰਿਹਾ ਇਹ ਨਵਾਂ ਟਿਊਬਵੈੱਲ ਵਾਰਡ 9 ਦੀਆਂ ਦਰਜਨਾਂ ਸੁਸਾਇਟੀਆਂ ਨੂੰ ਪਾਣੀ ਸਪਲਾਈ ਕਰੇਗਾ। ਇਹ ਖੇਤਰ ਲੰਬੇ ਸਮੇਂ ਤੋਂ ਪਾਣੀ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ, ਅਤੇ ਇਸ ਨੂੰ ਹੱਲ ਕਰਨ ਲਈ ਨਵਾਂ ਟਿਊਬਵੈੱਲ ਲਗਾਇਆ ਜਾ ਰਿਹਾ ਹੈ। ਹਾਲਾਂਕਿ, ਚਰਚਾ ਕੰਮ ਨਾਲੋਂ ਇਸਦੇ ਉਦਘਾਟਨ ਬਾਰੇ ਜ਼ਿਆਦਾ ਹੈ। ਇਸ ਤੋਂ ਇਲਾਵਾ ਵਾਰਡ ਨੰ. 27 ਦੀ ਏਕੇਐੱਸ-1 ਦੇ ਵਿਚ ਲਗਾਏ ਜਾ ਰਹੇ ਟਿਊਬਵੈੱਲ ਦਾ ਕੰਮ ਦਾ ਉਦਘਾਟਨ ਬੁੱਧਵਾਰ ਨੂੰ ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਉਦੇਵੀਰ ਸਿੰਘ ਢਿੱਲੋਂ ਨੇ ਕੀਤਾ ਜਦਕਿ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਇਸੇ ਟਿਊਬਵੈੱਲ ਦਾ ਕੰਮ ਆਰੰਭ ਕਰਵਾਉਣ ਸਬੰਧੀ ਵੀਰਵਾਰ ਨੂੰ ਉਦਘਾਟਨ ਕੀਤਾ ਗਿਆ। ਵਿਧਾਇਕ ਨੇ ਦੋ ਦਿਨ ਪਹਿਲਾਂ ਟਿਊਬਵੈੱਲ ਦਾ ਉਦਘਾਟਨ ਕੀਤਾ ਸੀ 18 ਨਵੰਬਰ ਨੂੰ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਟਿਊਬਵੈੱਲ ਦਾ ਕੰਮ ਆਰੰਭ ਕਰਵਾਉਣ ਸਬੰਧੀ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਆਪ ਸਰਕਾਰ 2022 ਤੋਂ ਪਹਿਲਾਂ ਕੀਤੇ ਗਏ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ, ਖ਼ਾਸ ਕਰਕੇ ਸਿਹਤ, ਸਿੱਖਿਆ ਅਤੇ ਬੁਨਿਆਦੀ ਸਹੂਲਤਾਂ ਬਾਰੇ। ਰੰਧਾਵਾ ਨੇ ਦਾਅਵਾ ਕੀਤਾ ਕਿ ਨਵਾਂ ਟਿਊਬਵੈੱਲ ਲਗਾਉਣ ਨਾਲ ਇਲਾਕੇ ਦੇ ਹਜ਼ਾਰਾਂ ਲੋਕਾਂ ਨੂੰ ਰਾਹਤ ਮਿਲੇਗੀ। ਦੋ ਦਿਨ ਬਾਅਦ ਹੀ, ਜ਼ੀਰਕਪੁਰ ਨਗਰ ਕੌਂਸਲ ਦੇ ਪ੍ਰਧਾਨ ਉਦੇਵੀਰ ਸਿੰਘ ਢਿੱਲੋਂ ਨੇ ਉਸੇ ਟਿਊਬਵੈੱਲ ਦੇ ਕੰਮ ਦਾ ਦੁਬਾਰਾ ਉਦਘਾਟਨ ਕੀਤਾ। ਢਿੱਲੋਂ ਨੇ ਕਿਹਾ ਕਿ ਵਾਰਡ 9 ਵਿਚ ਪਾਣੀ ਦੀ ਸਮੱਸਿਆ ਪੁਰਾਣੀ ਹੈ ਅਤੇ ਇਸ ਟਿਊਬਵੈੱਲ ਦੀ ਮੰਗ ਲੰਬੇ ਸਮੇਂ ਤੋਂ ਚੱਲੀ ਆ ਰਹੀ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਇਕ ਪ੍ਰਸਤਾਵ 2024 ਵਿਚ ਪਾਸ ਕੀਤਾ ਗਿਆ ਸੀ, ਪਰ ਮੌਜੂਦਾ ਸਰਕਾਰ ਡੇਢ ਸਾਲ ਤੱਕ ਇਸ ਨੂੰ ਲਾਗੂ ਨਹੀਂ ਕਰ ਸਕੀ। ਢਿੱਲੋਂ ਨੇ ਕਿਹਾ ਕਿ ਦੁਬਾਰਾ ਅਹੁਦਾ ਸੰਭਾਲਣ ਤੋਂ ਬਾਅਦ, ਅਸੀਂ ਸਾਰੇ ਪੈਂਡਿੰਗ ਕੰਮ ਦੁਬਾਰਾ ਸ਼ੁਰੂ ਕਰ ਦਿੱਤੇ ਹਨ। ਅੱਜ, ਅਸੀਂ ਟਿਊਬਵੈੱਲ ਤੇ ਕੰਮ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਵਾਰਡ 9 ਦੀਆਂ ਸੁਸਾਇਟੀਆਂ ਦੀ ਪਾਣੀ ਦੀ ਸਮੱਸਿਆ ਹੱਲ ਹੋ ਜਾਵੇਗੀ।