ਵਾਰਡਾਂ 'ਚ ਨਹੀਂ ਹੋ ਰਹੇ ਕੰਮ ਵਿਰੋਧ ਵਿਚ ਕੌਂਸਲਰਾਂ ਨੇ ਲਾਇਆ ਧਰਨਾ,

- ਨਗਰ ਕੌਂਸਲ ਦੀ ਬੈਠਕ ’ਚ ਕੌਂਸਲਰਾਂ ਨੇ ਕੀਤਾ ਹੰਗਾਮਾ
ਮਹਿਰਾ, ਪੰਜਾਬੀ ਜਾਗਰਣ
ਖਰੜ : ਨਗਰ ਕੌਂਸਲ ਦੀ ਬੈਠਕ ਜੋ ਕਿ ਨਗਰ ਕੌਂਸਲ ਪ੍ਰਧਾਨ ਬੀਬੀ ਅੰਜੂ ਚੰਦਰ ਦੀ ਅਗਵਾਈ ਵਿਚ ਹੋਈ ਪਰ ਇਸ ਬੈਠਕ ਵਿਚ ਕੋਈ ਵੀ ਮਸਲੇ ਨਾ ਪਾਸ ਹੋਣ ਅਤੇ ਵਾਰਡਾਂ ਵਿਚ ਕੰਮ ਨਾ ਹੋਣ ’ਤੇ ਨਗਰ ਕੌਂਸਲ ਦੇ ਕੌਂਸਲਰਾਂ ਨੇ ਮੀਟਿੰਗ ਹਾਲ ਵਿਚ ਧਰਨਾ ਲਾ ਦਿੱਤਾ ਅਤੇ ਦੋਸ਼ ਲਾਇਆ ਕਿ ਸ਼ਹਿਰ ਵਿਚ ਕੋਈ ਵੀ ਵਿਕਾਸ ਕਾਰਜ ਨਹੀਂ ਹੋਇਆ ਅਤੇ ਨਾ ਹੀ ਕੋਈ ਏਜੰਡਾ ਪਾਸ ਹੋਇਆ ਹੈ। ਕੌਂਸਲਰਾਂ ਦਾ ਕਹਿਣਾ ਸੀ ਕਿ ਆਮ ਆਦਮੀ ਪਾਰਟੀ ਦੀ ਪ੍ਰਧਾਨ ਚੁਣਨ ਦਾ ਉਨ੍ਹਾਂ ਦਾ ਇਕੋ ਇਕ ਮਕਸਦ ਸੀ ਕਿ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਕੰਮ ਸਿਰੇ ਚੜ੍ਹਾਉਣੇ ਪਰ ਹਾਲੇ ਤਕ ਨਗਰ ਕੌਂਸਲ ਪ੍ਰਧਾਨ ਵੱਲੋਂ ਇੱਕ ਹੀ ਬੈਠਕ ਕੀਤੀ ਗਈ ਹੈ ਅਤੇ ਕੋਈ ਵੀ ਏਜੰਡੇ ਮੁਤਾਬਿਕ ਕੋਈ ਵੀ ਕੰਮ ਪਾਸ ਨਹੀਂ ਹੋਏ। ਇਸ ਮੌਕੇ ਕੌਂਸਲਰ ਮਨਪ੍ਰੀਤ ਮੰਨਾ ਦਾ ਕਹਿਣਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਾਬਕਾ ਨਗਰ ਕੌਂਸਲ ਪ੍ਰਧਾਨ ਦਾ ਵਿਰੋਧ ਉਨ੍ਹਾਂ ਨੇ ਇਸੇ ਕਾਰਨ ਕੀਤਾ ਸੀ ਕਿਉਂਕਿ ਉਹ ਆਮ ਆਦਮੀ ਪਾਰਟੀ ਦੀ ਉਮੀਦਵਾਰ ਨਹੀਂ ਸੀ ਅਤੇ ਜਿਸ ਕਾਰਨ ਸ਼ਹਿਰ ਦੇ ਸਾਰੇ ਕੰਮ ਰੁਕੇ ਹੋਏ ਸਨ ਪਰ ਹੁਣ ਜਦੋਂ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਦੇ ਹੱਕ ਵਿਚ ਆਪਣੀ ਵੋਟ ਦਿੱਤੀ ਸੀ ਪਰ ਕੰਮ ਹਾਲੇ ਵੀ ਅਧੂਰੇ ਹੀ ਪਏ ਹਨ ਅਤੇ ਕੋਈ ਵੀ ਏਜੰਡੇ ਪਾਸ ਨਹੀਂ ਹੋ ਰਹੇ।
ਉਨ੍ਹਾਂ ਕਿਹਾ ਕਿ ਹੁਣ ਸਿਰਫ ਚਾਰ ਮਹੀਨੇ ਰਹਿ ਗਏ ਹਨ ਅਤੇ ਚਾਰ ਮਹੀਨਿਆਂ ਦੌਰਾਨ ਵੀ ਦੋ ਮਹੀਨੇ ਪਹਿਲਾਂ ਕੋਡ ਕੰਡਕਟ ਲੱਗ ਜਾਵੇਗਾ ਅਤੇ ਕੰਮ ਵੀ ਠੰਢੇ ਬਸਤੇ ਵਿਚ ਪੈ ਜਾਣਗੇ। ਉਨ੍ਹਾਂ ਕਿਹਾ ਕਿ ਪਿਛਲੀ ਪ੍ਰਧਾਨ ਦੇ ਸਮੇਂ ਵਿਚ 48 ਮਹੀਨਿਆਂ ਵਿਚ 39 ਬੈਠਕਾਂ ਰੱਖੀਆਂ ਗਈਆਂ ਸਨ ਅਤੇ 700 ਕਰੋੜ ਦੇ ਏਜੰਡੇ ਦੇ ਕੰਮਾਂ ਵਿਚੋਂ 400 ਕਰੋੜ ਦੇ ਕੰਮ ਪਾਸ ਹੋ ਚੁੱਕੇ ਸਨ ਪਰ ਹੁਣ ਮਾਮਲਾ ਇਹ ਹੈ ਕਿ ਪਿਛਲੇ ਚਾਰ ਮਹੀਨਿਆਂ ਵਿਚ ਆਮ ਆਦਮੀ ਪਾਰਟੀ ਦੀ ਨਗਰ ਕੌਂਸਲ ਪ੍ਰਧਾਨ ਬੀਬੀ ਅੰਜੂ ਚੰਦਰ ਦੀ ਪ੍ਰਧਾਨਗੀ ਹੇਠ ਸਿਰਫ ਇੱਕ ਹੀ ਬੈਠਕ ਹੋਈ ਹੈ, ਜਿਸ ਦਾ ਵੀ ਕੋਈ ਏਜੰਡਾ ਪਾਸ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਚੋਣਾਂ ਆਉਣ ਵਾਲੀਆਂ ਹਨ ਅਤੇ ਉਨ੍ਹਾਂ ਕੋਲ ਸਮਾਂ ਘੱਟ ਹੈ। ਉਹ ਵਾਰਡਾਂ ਦੇ ਵਸਨੀਕਾਂ ਨੂੰ ਕੰਮ ਨਾ ਹੋਣ ਦੀ ਇਵਜ ਵਿਚ ਕੀ ਜਵਾਬ ਦੇਣਗੇ। ਇਸ ਦੇ ਜਵਾਬ ਵਿਚ ਐੱਮਐੱਲਏ ਅਨਮੋਲ ਗਗਨ ਮਾਨ, ਜੋ ਕਿ ਬੈਠਕ ਵਿਚ ਮੌਜੂਦ ਨਹੀਂ ਸਨ ਪਰ ਫੋਨ ’ਤੇ ਉਨ੍ਹਾਂ ਕਿਹਾ ਕਿ ਕੌਂਸਲਰਾਂ ਵੱਲੋਂ ਧਰਨੇ ’ਤੇ ਬੈਠਣਾ ਸਰਾਸਰ ਗ਼ਲਤ ਹੈ। ਜੇਕਰ ਵਾਰਡ ਦੇ ਕੰਮ ਨਹੀਂ ਹੋ ਰਹੇ ਤਾਂ ਕੌਂਸਲਰ ਬੈਠਕ ਏਜੰਡੇ ਵਿਚ ਪਵਾਉਣ ਤਾਂ ਜੋ ਕਿ ਕੰਮ ਪਾਸ ਕਰਵਾਏ ਜਾ ਸਕਣ। ਉਨ੍ਹਾਂ ਨਗਰ ਕੌਂਸਲ ਪ੍ਰਧਾਨ ਨੂੰ ਵੀ ਕਿਹਾ ਕਿ ਕੌਂਸਲਰਾਂ ਦੇ ਨਾਲ ਬੈਠਕ ਰੱਖਣ ਤੋਂ ਪਹਿਲਾਂ ਬੈਠਕ ਕਰ ਲਈ ਜਾਵੇ ਤਾਂ ਜੋ ਕਿ ਅਜਿਹੇ ਕਲੇਸ਼ ਨਾ ਪੈਣ। ਇਸ ਤੋਂ ਇਲਾਵਾ ਕਾਰਜਸਾਧਕ ਅਫ਼ਸਰ ਨੂੰ ਹਦਾਇਤ ਕੀਤੀ ਕਿ ਜੇਕਰ ਕੋਈ ਠੇਕੇਦਾਰ ਕੰਮ ਨਹੀਂ ਕਰ ਰਿਹਾ ਤਾਂ ਉਸ ਨੂੰ ਤੁਰੰਤ ਬਦਲਿਆ ਜਾਵੇ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਅੰਜੂ ਚੰਦਰ ਨੇ ਕਿਹਾ ਕਿ ਵਾਰਡ ਦੇ ਮੁੱਖ ਮੁੱਦੇ ਲਿੰਕ ਸੜਕਾਂ ਸਨ, ਜੋ ਕਿ ਬਣ ਰਹੀਆਂ ਹਨ। ਇਸ ਤੋਂ ਇਲਾਵਾ 40 ਫ਼ੀਸਦੀ ਕੰਮ ਸ਼ਹਿਰ ਦੇ ਹੋ ਚੁੱਕੇ ਹਨ ਅਤੇ ਜੋ ਹੋਰ ਕੰਮ ਬਚੇ ਹਨ, ਉਹ ਬੈਠਕ ਮੁੱਦੇ ਵਿਚ ਪਾਏ ਜਾਣਗੇ ਅਤੇ ਜਲਦੀ ਤੋਂ ਜਲਦੀ ਪਾਸ ਕਰਵਾਏ ਜਾਣਗੇ। ਇਸ ਮੌਕੇ ਕੌਂਸਲਰ ਗੁਰਜੀਤ ਗੱਗੀ, ਗੋਬਿੰਦਰ ਚੀਮਾ, ਮਨਪ੍ਰੀਤ ਮੰਨਾ, ਸ਼ਿਵਾਨੀ ਚੱਡਾ ਸਮੇਤ ਹੋਰ ਕੌਂਸਲਰ ਆਦਿ ਮੌਜੂਦ ਸਨ।