ਕਾਂਗਰਸ ਸਿਆਸਤ ਦੀ ਡੁੱਬ ਰਹੀ ਕਿਸ਼ਤੀ ਨੂੰ ਮਨਰੇਗਾ ਦਾ ਚੱਪੂ ਪਾਰ ਨਹੀਂ ਲੰਘਾ ਸਕਦੀ : ਰਾਮੂਵਾਲੀਆ
ਕਾਂਗਰਸ ਸਿਆਸਤ ਦੀ ਡੁੱਬ ਰਹੀ ਕਿਸ਼ਤੀ ਨੂੰ ਮਨਰੇਗਾ ਦਾ ਚੱਪੂ ਪਾਰ ਨਹੀਂ ਲੰਘਾ ਸਕਦੀ : ਅਮਨਜੋਤ ਕੌਰ ਰਾਮੂਵਾਲੀਆ
Publish Date: Sat, 10 Jan 2026 07:18 PM (IST)
Updated Date: Sat, 10 Jan 2026 07:21 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੈਂਬਰ ਬੀਬਾ ਅਮਨਜੋਤ ਕੌਰ ਰਾਮੂਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਵਿਕਸਿਤ ਭਾਰਤ ‘ਜੀ ਰਾਮ ਜੀ’ ਸਕੀਮ ਦਾ ਬੇਲੋੜਾ ਵਿਰੋਧ ਕਰਕੇ ਲੋਕਾਂ ਵਿਚ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਲੋਕ ਭਲੀ ਭਾਂਤ ਜਾਣਦੇ ਹਨ ਕਿ ਇਸ ਸਕੀਮ ਵਿਚ ਪਹਿਲਾਂ ਨਾਲੋਂ 25 ਦਿਨ ਰੁਜ਼ਗਾਰ ਦਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਿਆਸਤ ਦੀ ਕਿਸ਼ਤੀ ਡੁੱਬ ਚੁੱਕੀ ਹੈ। ਹੁਣ ਕਾਂਗਰਸ ਕੋਲ ਕੋਈ ਵੀ ਮੁੱਖ ਮੁੱਦਾ ਨਹੀਂ, ਜੋ ਕੇਂਦਰ ਸਰਕਾਰ ਖ਼ਿਲਾਫ਼ ਹੋਵੇ, ਇਸ ਲਈ ਉਹ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਅਮਨਜੋਤ ਕੌਰ ਨੇ ਕਾਂਗਰਸ ਦੀ ਮਨਰੇਗਾ ਬਚਾਓ ਮੁਹਿੰਮ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਕਾਂਗਰਸ ਦੁਨੀਆ ਦੀ ਇਕੋ ਇਕ ਪਾਰਟੀ ਹੈ, ਜੋ ਗਰੀਬਾਂ ਤੇ ਪੇਂਡੂ ਲੋਕਾਂ ਨੂੰ ਰੁਜ਼ਗਾਰ ਪ੍ਰਧਾਨ ਕਰਨ ਅਤੇ ਵਿਕਾਸ ਦਾ ਵਿਰੋਧ ਕਰਦੀ ਹੈ। ਉਨ੍ਹਾਂ ਕਿਹਾ ਕਿ ਇਹ ਐਕਟ ਪਿੰਡ ਦੇ ਵਿਕਾਸ, ਗਰੀਬਾਂ ਲਈ ਰੁਜ਼ਗਾਰ ਉੱਚ ਉਜਰਤਾਂ ਅਤੇ 100 ਤੋਂ 125 ਦਿਨ ਦੀ ਗਰੰਟੀ ਦਿੰਦਾ ਹੈ ਤੇ ਇਸ ਵਿਚ ਬੁਰਾ ਕੀ ਹੈ। ਅਮਨਜੋਤ ਕੌਰ ਨੇ ਕਿਹਾ ਕਿ ਕਾਂਗਰਸ ਕਹਿ ਰਹੀ ਹੈ ਕਿ ਉਨ੍ਹਾਂ ਨੇ ਮਹਾਤਮਾ ਗਾਂਧੀ ਦੇ ਨਾਮ ਨੂੰ ਹਟਾ ਦਿੱਤਾ ਹੈ। ਕੀ ਮਹਾਤਮਾ ਗਾਂਧੀ ਭਗਵਾਨ ਰਾਮ ਤੋਂ ਉਪਰ ਹਨ, ਜਦਕਿ ਕਾਂਗਰਸ ਨੂੰ ਇਹ ਸਮਝ ਹੀ ਨਹੀਂ ਕਿ ਮਹਾਤਮਾ ਗਾਂਧੀ ਖ਼ੁਦ ਭਗਵਾਨ ਰਾਮ ਦੇ ਪੁਜਾਰੀ ਸਨ ਅਤੇ ਉਨ੍ਹਾਂ ਨੇ ਹਮੇਸ਼ਾ ਭਗਵਾਨ ਰਾਮ ਦੇ ਦਰਸਾਏ ਅਸੂਲਾਂ ’ਤੇ ਪਹਿਰਾ ਦਿੱਤਾ, ਜਦਕਿ ਕਾਂਗਰਸ ਉਨ੍ਹਾਂ ਅਸੂਲਾਂ ਤੋਂ ਕੋਹਾਂ ਦੂਰ ਹੈ ਫਿਰ ਰੌਲਾ ਕਿਸ ਗੱਲ ਦਾ ਹੈ।