ਗੁਰੂ ਸਾਹਿਬਾਨ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਲੜੀਵਾਰ ਕਥਾ ਵਿਚਾਰਾਂ ਦੀ ਸ਼ੁਰੂਆਤ
ਗੁਰੂ ਸਾਹਿਬਾਨ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਲੜੀਵਾਰ ਕਥਾ ਵਿਚਾਰਾਂ ਦੀ ਸ਼ੁਰੂਆਤ
Publish Date: Wed, 24 Dec 2025 06:51 PM (IST)
Updated Date: Wed, 24 Dec 2025 06:52 PM (IST)

ਇਕਬਾਲ ਸਿੰਘ, ਪੰਜਾਬੀ ਜਾਗਰਣ, ਡੇਰਾਬੱਸੀ : ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜਥੇ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਅਮਰ ਸ਼ਹਾਦਤ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਲੜੀਵਾਰ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਲੜੀਵਾਰ ਕਥਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਰਧਾ ਅਤੇ ਭਾਵਨਾ ਨਾਲ ਕਰਵਾਈ ਜਾ ਰਹੀ ਹੈ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਅਮਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਲੜੀਵਾਰ ਕਥਾ 30 ਦਸੰਬਰ ਤੱਕ ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਵਿਖੇ ਰੋਜ਼ਾਨਾ ਸ਼ਾਮ 7:15 ਵਜੇ ਤੋਂ 8:15 ਵਜੇ ਤੱਕ ਹੋਵੇਗੀ। ਇਸ ਦੌਰਾਨ ਗੁਰੂ ਘਰ ਦੇ ਸੇਵਾਦਾਰ ਗਿਆਨੀ ਮਨਪ੍ਰੀਤ ਸਿੰਘ ਕਣਕਵਾਲ ਵੱਲੋਂ ਕਥਾ ਵਿਚਾਰ ਰਾਹੀਂ ਗੁਰੂ ਸਾਹਿਬਾਨ ਦੀਆਂ ਸ਼ਹਾਦਤਾਂ, ਉਨ੍ਹਾਂ ਦੇ ਜੀਵਨ ਸਿਧਾਂਤਾਂ ਅਤੇ ਮਨੁੱਖਤਾ ਲਈ ਦਿੱਤੇ ਬਲੀਦਾਨਾਂ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਮਾਗਮ ਸੰਗਤਾਂ ਵਿਚ ਗੁਰੂ ਸਾਹਿਬਾਨ ਦੀ ਬਾਣੀ, ਇਤਿਹਾਸ ਅਤੇ ਕੁਰਬਾਨੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ 31 ਦਸੰਬਰ ਨੂੰ ਨਵੇਂ ਸਾਲ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਸ਼ਾਮ 7 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਕਰਵਾਇਆ ਜਾਵੇਗਾ, ਜਿਸ ਵਿਚ ਪ੍ਰਸਿੱਧ ਰਾਗੀ ਜਥੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਨ੍ਹਾਂ ਸਾਰੇ ਸਮਾਗਮਾਂ ਦੌਰਾਨ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਸਮਾਪਤੀ ਦੇ ਮੌਕੇ 31 ਦਸੰਬਰ ਨੂੰ ਦੁੱਧ ਅਤੇ ਪਕੌੜਿਆਂ ਦਾ ਵਿਸ਼ੇਸ਼ ਲੰਗਰ ਵੀ ਵਰਤਾਇਆ ਜਾਵੇਗਾ। ਗੁਰਦੁਆਰਾ ਪ੍ਰਬੰਧਕਾਂ ਵੱਲੋਂ ਸਾਰੀ ਸੰਗਤ ਨੂੰ ਇਨ੍ਹਾਂ ਧਾਰਮਿਕ ਸਮਾਗਮਾਂ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ।