ਯਾਤਰਾ ਦੀ ਸ਼ੁਰੂਆਤ 6 ਮਈ ਨੂੰ ਸ੍ਰੀ ਅਨੰਦਪੁਰ ਸਾਹਿਬ ਸਥਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਹੋਵੇਗੀ। ਇੱਥੇ ਅਰਦਾਸ ਤੋਂ ਬਾਅਦ ਮੁੱਖ ਮੰਤਰੀ ਅੰਮ੍ਰਿਤਸਰ ਲਈ ਰਵਾਨਾ ਹੋਣਗੇ, ਜਿੱਥੇ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣਗੇ। ਪਹਿਲੇ ਦਿਨ ਦਾ ਪ੍ਰੋਗਰਾਮ ਧਾਰਮਿਕ ਆਸਥਾ ਦੇ ਕੇਂਦਰਾਂ ਦੇ ਆਲੇ-ਦੁਆਲੇ ਕੇਂਦਰਿਤ ਰੱਖਿਆ ਗਿਆ ਹੈ, ਤਾਂ ਜੋ ਯਾਤਰਾ ਦੀ ਸ਼ੁਰੂਆਤ ਸ਼ਰਧਾ ਅਤੇ ਸ਼ੁਕਰਾਨੇ ਦੇ ਭਾਵ ਨਾਲ ਹੋ ਸਕੇ।

ਰੋਹਿਤ ਕੁਮਾਰ, ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 6 ਮਈ ਤੋਂ 9 ਮਈ 2026 ਤੱਕ ਚਾਰ ਦਿਨਾਂ ‘ਸ਼ੁਕਰਾਨਾ ਯਾਤਰਾ’ 'ਤੇ ਨਿਕਲ ਰਹੇ ਹਨ। ਇਹ ਯਾਤਰਾ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ-2026’ ਦੇ ਪਾਸ ਹੋਣ ਤੋਂ ਬਾਅਦ ਸੂਬੇ ਦੀ ਸੰਗਤ ਦਾ ਧੰਨਵਾਦ ਪ੍ਰਗਟ ਕਰਨ ਦੇ ਉਦੇਸ਼ ਨਾਲ ਉਲੀਕੀ ਗਈ ਹੈ। ਮੁੱਖ ਮੰਤਰੀ ਇਸ ਦੌਰਾਨ ਰਾਜ ਦੇ ਪ੍ਰਮੁੱਖ ਸਿੱਖ ਧਾਰਮਿਕ ਸਥਾਨਾਂ 'ਤੇ ਨਤਮਸਤਕ ਹੋਣਗੇ ਅਤੇ ਥਾਂ-ਥਾਂ ਲੋਕਾਂ ਨਾਲ ਸੰਵਾਦ ਵੀ ਕਰਨਗੇ।
ਯਾਤਰਾ ਦੀ ਸ਼ੁਰੂਆਤ 6 ਮਈ ਨੂੰ ਸ੍ਰੀ ਅਨੰਦਪੁਰ ਸਾਹਿਬ ਸਥਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਹੋਵੇਗੀ। ਇੱਥੇ ਅਰਦਾਸ ਤੋਂ ਬਾਅਦ ਮੁੱਖ ਮੰਤਰੀ ਅੰਮ੍ਰਿਤਸਰ ਲਈ ਰਵਾਨਾ ਹੋਣਗੇ, ਜਿੱਥੇ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣਗੇ। ਪਹਿਲੇ ਦਿਨ ਦਾ ਪ੍ਰੋਗਰਾਮ ਧਾਰਮਿਕ ਆਸਥਾ ਦੇ ਕੇਂਦਰਾਂ ਦੇ ਆਲੇ-ਦੁਆਲੇ ਕੇਂਦਰਿਤ ਰੱਖਿਆ ਗਿਆ ਹੈ, ਤਾਂ ਜੋ ਯਾਤਰਾ ਦੀ ਸ਼ੁਰੂਆਤ ਸ਼ਰਧਾ ਅਤੇ ਸ਼ੁਕਰਾਨੇ ਦੇ ਭਾਵ ਨਾਲ ਹੋ ਸਕੇ।
ਦੂਜੇ ਦਿਨ 7 ਮਈ ਨੂੰ ਮੁੱਖ ਮੰਤਰੀ ਤਲਵੰਡੀ ਸਾਬੋ ਪਹੁੰਚਣਗੇ, ਜਿੱਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣਗੇ। ਇਸ ਤੋਂ ਬਾਅਦ ਉਨ੍ਹਾਂ ਦਾ ਕਾਫਲਾ ਫਰੀਦਕੋਟ ਪਹੁੰਚੇਗਾ। ਸਥਾਨਕ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਨੁਸਾਰ ਫਰੀਦਕੋਟ ਵਿੱਚ ਵੀ ਮੁੱਖ ਮੰਤਰੀ ਦਾ ਸਵਾਗਤ ਕੀਤਾ ਜਾਵੇਗਾ ਅਤੇ ਉਹ ਇੱਥੇ ਸੰਗਤ ਨਾਲ ਗੱਲਬਾਤ ਕਰਨਗੇ। ਇਸ ਦੌਰਾਨ ਪ੍ਰਸ਼ਾਸਨ ਨੇ ਸੁਰੱਖਿਆ ਅਤੇ ਟ੍ਰੈਫਿਕ ਵਿਵਸਥਾ ਨੂੰ ਲੈ ਕੇ ਵਿਸ਼ੇਸ਼ ਤਿਆਰੀਆਂ ਕੀਤੀਆਂ ਹਨ।
8 ਮਈ ਨੂੰ ਯਾਤਰਾ ਮਸਤੂਆਣਾ ਸਾਹਿਬ ਪਹੁੰਚੇਗੀ, ਜਿੱਥੇ ਮੁੱਖ ਮੰਤਰੀ ਦਰਸ਼ਨ ਕਰਨਗੇ। ਇਸ ਤੋਂ ਬਾਅਦ ਉਹ ਪਟਿਆਲਾ ਪਹੁੰਚਣਗੇ। ਪਟਿਆਲਾ ਵਿੱਚ 8 ਅਤੇ 9 ਮਈ ਨੂੰ ਗੁਰਦੁਆਰਾ ਸ੍ਰੀ ਦੁੱਖ ਨਿਵਾਰਣ ਸਾਹਿਬ ਵਿਖੇ ਪ੍ਰੋਗਰਾਮ ਤੈਅ ਕੀਤਾ ਗਿਆ ਹੈ। ਇੱਥੇ ਵੀ ਮੁੱਖ ਮੰਤਰੀ ਅਰਦਾਸ ਕਰਨਗੇ ਅਤੇ ਲੋਕਾਂ ਨਾਲ ਮੁਲਾਕਾਤ ਕਰਨਗੇ।
ਯਾਤਰਾ ਦੌਰਾਨ ਵੱਖ-ਵੱਖ ਥਾਵਾਂ 'ਤੇ ਸਥਾਨਕ ਪੱਧਰ 'ਤੇ ਸਵਾਗਤੀ ਪ੍ਰੋਗਰਾਮ ਵੀ ਕਰਵਾਏ ਜਾਣਗੇ। ਚਾਰ ਦਿਨਾਂ ਇਸ ਯਾਤਰਾ ਦੀ ਸਮਾਪਤੀ 9 ਮਈ ਨੂੰ ਫਤਹਿਗੜ੍ਹ ਸਾਹਿਬ ਵਿਖੇ ਹੋਵੇਗੀ। ਇਤਿਹਾਸਕ ਮਹੱਤਵ ਵਾਲੇ ਇਸ ਸਥਾਨ 'ਤੇ ਮੁੱਖ ਮੰਤਰੀ ਅੰਤਿਮ ਅਰਦਾਸ ਕਰਕੇ ਯਾਤਰਾ ਦੀ ਸਮਾਪਤੀ ਕਰਨਗੇ। ਪ੍ਰਸ਼ਾਸਨਿਕ ਸੂਤਰਾਂ ਮੁਤਾਬਕ ਯਾਤਰਾ ਦੇ ਰਸਤੇ 'ਚ ਆਉਣ ਵਾਲੇ ਸ਼ਹਿਰਾਂ ਅਤੇ ਕਸਬਿਆਂ 'ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।
ਸਰਕਾਰ ਦਾ ਕਹਿਣਾ ਹੈ ਕਿ ਇਹ ਯਾਤਰਾ ਕੇਵਲ ਧਾਰਮਿਕ ਪ੍ਰੋਗਰਾਮ ਨਹੀਂ ਹੈ, ਸਗੋਂ ਲੋਕਾਂ ਨਾਲ ਸਿੱਧੇ ਸੰਵਾਦ ਦਾ ਵੀ ਮਾਧਿਅਮ ਬਣੇਗੀ। ਮੁੱਖ ਮੰਤਰੀ ਵੱਖ-ਵੱਖ ਥਾਵਾਂ 'ਤੇ ਰੁਕ ਕੇ ਸੰਗਤ ਦੀਆਂ ਸਮੱਸਿਆਵਾਂ ਸੁਣ ਸਕਦੇ ਹਨ ਅਤੇ ਸਰਕਾਰ ਦੀਆਂ ਯੋਜਨਾਵਾਂ ਦੀ ਜਾਣਕਾਰੀ ਵੀ ਸਾਂਝੀ ਕਰਨਗੇ।