CM ਭਗਵੰਤ ਮਾਨ ਨੇ ਪੰਜਾਬ ਤੇ ਬਰਤਾਨੀਆ ਦੇ ਦੁਵੱਲੇ ਵਪਾਰਕ ਤੇ ਨਿਵੇਸ਼ ਸਬੰਧਾਂ ਦੀ ਪ੍ਰਗਟਾਈ ਆਸ
ਮੁੱਖ ਮੰਤਰੀ ਭਗਵੰਤ ਮਾਨ ਨੇ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਐਲਬਾ ਸਮੈਰੀਗਲੀਓ ਅਤੇ ਯੂਕੇ ਨਾਲ ਸਬੰਧਤ ਵੱਖ-ਵੱਖ ਤੇ ਬਹੁ-ਕੌਮੀ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਪੰਜਾਬ ਰਵਾਇਤੀ ਤੇ ਨਵੇਂ ਉੱਭਰ ਰਹੇ ਖੇਤਰਾਂ ਵਿਚ ਯੂਕੇ ਨਾਲ ਮਜ਼ਬੂਤ ਕਾਰੋਬਾਰੀ ਸਬੰਧਾਂ ਦੀ ਸਾਂਝ ਪਾਉਣ ਦਾ ਇਛੁੱਕ ਹੈ। ਉਨ੍ਹਾਂ ਕਿਹਾ ਕਿ ਸੂਬੇ ਨੇ ਸਹਿਯੋਗ ਦੇ ਪੰਜ ਮੁੱਖ ਖੇਤਰਾਂ ਜਿਨ੍ਹਾਂ ਵਿਚ ਉਚੇਰੀ ਸਿੱਖਿਆ, ਟੈਕਸਟਾਈਲ, ਇੰਜੀਨੀਅਰਿੰਗ, ਆਟੋ ਕੰਪੋਨੈਂਟਸ ਅਤੇ ਖੇਤੀਬਾੜੀ ਤੇ ਫੂਡ ਪ੍ਰੋਸੈਸਿੰਗ ਸ਼ਾਮਲ ਹਨ, ਦੇ ਨਾਲ-ਨਾਲ ਫਾਰਮਾਸਿਊਟੀਕਲ ਤੇ ਸਿਹਤ ਸੰਭਾਲ, ਸੂਚਨਾ ਤਕਨਾਲੋਜੀ ਅਤੇ ਵਪਾਰਕ ਸੇਵਾਵਾਂ ਸਮੇਤ ਨਵੇਂ ਉੱਭਰ ਰਹੇ ਖੇਤਰਾਂ
Publish Date: Wed, 17 Dec 2025 08:43 AM (IST)
Updated Date: Wed, 17 Dec 2025 08:44 AM (IST)

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਮਾਨ ਨੇ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਐਲਬਾ ਸਮੈਰੀਗਲੀਓ ਅਤੇ ਯੂਕੇ ਨਾਲ ਸਬੰਧਤ ਵੱਖ-ਵੱਖ ਤੇ ਬਹੁ-ਕੌਮੀ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਪੰਜਾਬ ਰਵਾਇਤੀ ਤੇ ਨਵੇਂ ਉੱਭਰ ਰਹੇ ਖੇਤਰਾਂ ਵਿਚ ਯੂਕੇ ਨਾਲ ਮਜ਼ਬੂਤ ਕਾਰੋਬਾਰੀ ਸਬੰਧਾਂ ਦੀ ਸਾਂਝ ਪਾਉਣ ਦਾ ਇਛੁੱਕ ਹੈ। ਉਨ੍ਹਾਂ ਕਿਹਾ ਕਿ ਸੂਬੇ ਨੇ ਸਹਿਯੋਗ ਦੇ ਪੰਜ ਮੁੱਖ ਖੇਤਰਾਂ ਜਿਨ੍ਹਾਂ ਵਿਚ ਉਚੇਰੀ ਸਿੱਖਿਆ, ਟੈਕਸਟਾਈਲ, ਇੰਜੀਨੀਅਰਿੰਗ, ਆਟੋ ਕੰਪੋਨੈਂਟਸ ਅਤੇ ਖੇਤੀਬਾੜੀ ਤੇ ਫੂਡ ਪ੍ਰੋਸੈਸਿੰਗ ਸ਼ਾਮਲ ਹਨ, ਦੇ ਨਾਲ-ਨਾਲ ਫਾਰਮਾਸਿਊਟੀਕਲ ਤੇ ਸਿਹਤ ਸੰਭਾਲ, ਸੂਚਨਾ ਤਕਨਾਲੋਜੀ ਅਤੇ ਵਪਾਰਕ ਸੇਵਾਵਾਂ ਸਮੇਤ ਨਵੇਂ ਉੱਭਰ ਰਹੇ ਖੇਤਰਾਂ ਦੀ ਪਛਾਣ ਕੀਤੀ ਹੈ। ਮਾਨ ਨੇ ਕਿਹਾ ਕਿ ਪੰਜਾਬ ਵਿਚ ਪੰਜ ਹਵਾਈ ਅੱਡਿਆਂ ਤੇ ਮਜ਼ਬੂਤ ਕੌਮੀ ਰਾਜਮਾਰਗ ਲਿੰਕਾਂ ਨਾਲ ਵਿਸ਼ਵ ਪੱਧਰੀ ਤੇ ਮਜ਼ਬੂਤ ਸੰਪਰਕ ਨੈਟਵਰਕ ਹੈ, ਜੋ ਘਰੇਲੂ ਤੇ ਅੰਤਰਰਾਸ਼ਟਰੀ ਬਾਜ਼ਾਰਾਂ ਤੱਕ ਨਿਰਵਿਘਨ ਪਹੁੰਚ ਯਕੀਨੀ ਬਣਾਉਂਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਕੋਲ ਵਧੇਰੇ ਹੁਨਰਮੰਦ ਕਾਰਜਬਲ ਹੈ, ਜੋ ਹਰ ਖੇਤਰ ਦੇ ਵਿਕਾਸ ਦੀ ਕੁੰਜੀ ਹੈ। ਪੰਜਾਬ ਹੋਰਨਾਂ ਦੇ ਮੁਕਾਬਲੇ ਕਿਫ਼ਾਇਤੀ ਤੇ ਸ਼ਾਂਤਮਈ ਲੇਬਰ ਪੂਲ ਦੀ ਪੇਸ਼ਕਸ਼ ਕਰਦਾ ਹੈ, ਜੋ ਇਸ ਨੂੰ ਨਿਵੇਸ਼ ਲਈ ਇਕ ਪਸੰਦੀਦਾ ਸਥਾਨ ਵਜੋਂ ਸਥਾਪਤ ਕਰਦਾ ਹੈ। ਇਨਵੈਸਟ ਪੰਜਾਬ, ਇਕ ਸਿੰਗਲ ਵਿੰਡੋ ਸਿਸਟਮ ਵਜੋਂ ਕੰਮ ਕਰਦਾ ਹੈ, ਜੋ ਡੀਮਡ ਅਪਰੂਵਲ ਢਾਂਚੇ ਦੇ ਨਾਲ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਪ੍ਰਦਾਨ ਕਰਦਾ ਹੈ, ਜਿਸ ਨਾਲ ਸਿਸਟਮ ਵਿਚ ਨਿਵੇਸ਼ਕਾਂ ਦਾ ਵਿਸ਼ਵਾਸ ਬੱਝਦਾ ਹੈ। ਉਨ੍ਹਾਂ ਨੇ ਸੂਬੇ ਦੇ ਫਾਸਟ-ਟਰੈਕ ਪੋਰਟਲ ਤੇ ਸਿੰਗਲ-ਵਿੰਡੋ ਸਹੂਲਤ ’ਤੇ ਵੀ ਚਾਨਣਾ ਪਾਇਆ, ਜਿਸ ਦਾ ਉਦੇਸ਼ ਪ੍ਰਕਿਰਿਆਵਾਂ ਨੂੰ ਸਰਲ ਬਣਾਉਣਾ, ਪਾਲਣਾਵਾਂ ਤੇ ਸ਼ਰਤਾਂ ਦੇ ਬੋਝ ਨੂੰ ਘਟਾਉਣਾ ਅਤੇ ਪੰਜਾਬ ਵਿਚ ਕਾਰੋਬਾਰ ਕਰਨ ਦੀ ਸੌਖ ਨੂੰ ਵਧੇਰੇ ਸਹਿਜ ਬਣਾਉਣਾ ਹੈ।
ਮੁੱਖ ਮੰਤਰੀ ਨੇ ਯੂਕੇ ਦੇ ਨਿਵੇਸ਼ਕਾਂ ਨੂੰ ਮੋਹਾਲੀ ਵਿਖੇ ਪੰਜਾਬ ਪ੍ਰਗਤੀਸ਼ੀਲ ਨਿਵੇਸ਼ਕ ਸੰਮੇਲਨ (ਪੀਪੀਆਈਐੱਸ) ਵਿਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਇਸ ਸੰਮੇਲਨ ਦੌਰਾਨ ਇਕ ਵਿਸ਼ੇਸ਼ ਯੂਕੇ ਕੇਂਦ੍ਰਿਤ ਸੈਸ਼ਨ ਦਾ ਪ੍ਰਸਤਾਵ ਰੱਖਿਆ। ਉਨ੍ਹਾਂ ਨੇ ਟਾਇਨੋਰ, ਹਿੰਦੁਸਤਾਨ ਯੂਨੀਲੀਵਰ, ਬੈੱਡਫੋਰਡ ਸਕੂਲ, ਮੁੰਜਾਲ ਬਰਮਿੰਘਮ ਯੂਨੀਵਰਸਿਟੀ, ਗੰਗਾ ਐਕਰੋਵੂਲਜ਼, ਨੈੱਟਸਮਾਰਟਜ਼, ਰੌਕਪੈਕਰ ਅਤੇ ਹੋਰ ਕੰਪਨੀਆਂ ਦਾ ਵਿਚਾਰ ਚਰਚਾ ਵਿਚ ਹਿੱਸਾ ਲੈਣ ’ਤੇ ਸਵਾਗਤ ਕੀਤਾ। ਪੰਜਾਬ ਅਤੇ ਯੂਕੇ ਦਰਮਿਆਨ ਪੁਰਾਣੀ ਤੇ ਭਾਵਨਾਤਮਕ ਸਾਂਝ ਦੀ ਪੁਸ਼ਟੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਯੂਕੇ ਹਮੇਸ਼ਾ ਭਾਰਤ, ਖ਼ਾਸ ਕਰ ਕੇ ਪੰਜਾਬ ਦਾ ਇਕ ਭਰੋਸੇਮੰਦ ਭਾਈਵਾਲ ਰਿਹਾ ਹੈ ਅਤੇ ਪੰਜਾਬੀ ਇਨ੍ਹਾਂ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਤੇ ਉਤਸੁਕ ਹਨ। ਉਨ੍ਹਾਂ ਯੂਕੇ ਦੀਆਂ ਯੂਨੀਵਰਸਿਟੀਆਂ ਨੂੰ ਮੋਹਾਲੀ ਤੇ ਪੰਜਾਬ ਦੇ ਹੋਰ ਹਿੱਸਿਆਂ ਵਿਚ ਆਪਣੇ ਕੈਂਪਸ ਸਥਾਪਤ ਕਰਨ ਲਈ ਉਤਸ਼ਾਹਤ ਕੀਤਾ। ਉਨ੍ਹਾਂ ਯੂਕੇ ਦੇ ਉਦਯੋਗਪਤੀਆਂ ਤੇ ਪੰਜਾਬੀ ਪਰਵਾਸੀ ਭਾਈਚਾਰੇ ਨੂੰ ਸੂਬੇ ਲਈ ਨਿਵੇਸ਼ ਆਕਰਸ਼ਿਤ ਕਰਨ ਵਾਸਤੇ ਪੰਜਾਬ ਦੇ ਬ੍ਰਾਂਡ ਅੰਬੈਸਡਰ ਵਜੋਂ ਕੰਮ ਕਰਨ ਦੀ ਅਪੀਲ ਕੀਤੀ। ਮਾਨ ਨੇ ਉਦਯੋਗਪਤੀਆਂ ਵੱਲੋਂ ਚੁੱਕੀ ਗਈ ਮੋਹਾਲੀ ਤੇ ਲੰਡਨ ਦਰਮਿਆਨ ਸਿੱਧੀ ਉਡਾਣ ਦੀ ਮੰਗ ਦਾ ਵੀ ਸਮਰਥਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਸ਼ਵ ਪੱਧਰ ’ਤੇ ਆਪਣੇ ਉੱਚ-ਗੁਣਵੱਤਾ ਵਾਲੇ ਖੇਡ ਉਪਕਰਣਾਂ, ਸਾਈਕਲ ਨਿਰਮਾਣ ਅਤੇ ਆਟੋ ਉਪਕਰਣਾਂ ਲਈ ਜਾਣਿਆ ਜਾਂਦਾ ਹੈ। ਯੂਕੇ ਦੀਆਂ ਫਰਮਾਂ ਨਾਲ ਭਾਈਵਾਲੀ ਇਨ੍ਹਾਂ ਖੇਤਰਾਂ ਦਾ ਹੋਰ ਵਿਸਥਾਰ ਕਰ ਸਕਦੀ ਹੈ।
ਮਾਨ ਨੇ ਦੱਸਿਆ ਕਿ ਮੋਹਾਲੀ ਦੇ ਮਜ਼ਬੂਤ ਈਕੋਸਿਸਟਮ, ਸੁਚੱਜੀ ਬਿਜਲੀ ਸਪਲਾਈ ਅਤੇ ਮਜ਼ਬੂਤ ਬੁਨਿਆਦੀ ਢਾਂਚੇ ਨੂੰ ਵੇਖਦਿਆਂ ਭਾਰਤੀ ਤੇ ਵਿਦੇਸ਼ੀ ਆਈਟੀ ਕੰਪਨੀਆਂ ਇੱਥੇ ਆਪਣੀਆਂ ਯੂਨਿਟਾਂ ਸਥਾਪਤ ਕਰਨ ਲਈ ਉਤਸੁਕ ਹਨ। ਇਸ ਦੌਰਾਨ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਐਲਬਾ ਸਮੈਰੀਗਲੀਓ ਨੇ ਦੋਵਾਂ ਧਿਰਾਂ ਦੀ ਸਰਗਰਮ ਭਾਈਵਾਲੀ ਨਾਲ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਆਸ ਪ੍ਰਗਟਾਉਂਦਿਆਂ ਕਿਹਾ ਕਿ ਪੰਜਾਬੀ ਪਰਵਾਸੀ ਭਾਈਚਾਰੇ ਦੇ ਉਦਯੋਗਪਤੀਆਂ ਨਾਲ ਕੰਮ ਕਰਨਾ ਉਨ੍ਹਾਂ ਲਈ ਇਕ ਦਿਲਚਸਪ ਅਨੁਭਵ ਸੀ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਯੂਕੇ ਦਰਮਿਆਨ ਕਈ ਖੇਤਰਾਂ ਵਿਚ ਸਹਿਯੋਗ ਨੂੰ ਹੋਰ ਡੂੰਘਾ ਕਰਨ ਦੀਆਂ ਅਥਾਹ ਸੰਭਾਵਨਾਵਾਂ ਹਨ।