ਸਿਵਲ ਸਰਜਨ ਵੱਲੋਂ ਟੀਬੀ ਦੇ ਮਰੀਜ਼ਾਂ ਦੀ ਮਦਦ ਕਰਨ ਦੀ ਅਪੀਲ
ਸਿਵਲ ਸਰਜਨ ਵੱਲੋਂ ਟੀਬੀ ਦੇ ਮਰੀਜ਼ਾਂ ਦੀ ਮਦਦ ਕਰਨ ਦੀ ਅਪੀਲ
Publish Date: Thu, 08 Jan 2026 06:11 PM (IST)
Updated Date: Thu, 08 Jan 2026 06:12 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਜ਼ਿਲ੍ਹਾ ਵਾਸੀਆਂ ਨੂੰ ਤਪਦਿਕ ਦੇ ਮਰੀਜ਼ਾਂ ਦੀ ਮਦਦ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਪ੍ਰੋਗਰਾਮ ‘ਨਿਕਸ਼ੇ ਮਿੱਤਰਾ’ ਤਹਿਤ ਕੋਈ ਵੀ ਪ੍ਰਾਈਵੇਟ ਵਿਅਕਤੀ, ਚੁਣਿਆ ਹੋਇਆ ਪ੍ਰਤੀਨਿਧੀ, ਸਰਕਾਰੀ ਜਾਂ ਗ਼ੈਰ-ਸਰਕਾਰੀ ਸੰਸਥਾ ਦੇ ਮੁਲਾਜ਼ਮ, ਕੋਈ ਵੀ ਸੰਸਥਾ, ਕਾਰਪੋਰੇਸ਼ਨ ਜਾਂ ਕੰਪਨੀ ਜ਼ਿਲ੍ਹੇ ਦੇ ਕਿਸੇ ਵੀ ਟੀਬੀ ਮਰੀਜ਼ ਨੂੰ ਗੋਦ ਲੈ ਸਕਦੇ ਹਨ, ਜਿਸ ਤਹਿਤ ਉਹ ਮਰੀਜ਼ਾਂ ਨੂੰ ਛੇ ਮਹੀਨੇ ਤਕ ਆਪਣੇ ਖ਼ਰਚੇ ’ਤੇ ਖਾਣ-ਪੀਣ ਦਾ ਸਾਮਾਨ ਜਿਵੇਂ ਦਾਲਾਂ, ਅਨਾਜ, ਤੇਲ, ਦੁੱਧ ਆਦਿ ਮੁਹੱਈਆ ਕਰਵਾਉਣਗੇ। ਡਾ. ਸੰਗੀਤਾ ਜੈਨ ਅਤੇ ਜ਼ਿਲ੍ਹਾ ਟੀਬੀ ਅਫ਼ਸਰ ਡਾ. ਨਵਦੀਪ ਸਿੰਘ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਮਕਸਦ ਤਪਦਿਕ ਦੀ ਬਿਮਾਰੀ ਦਾ ਮੁਕੰਮਲ ਖ਼ਾਤਮਾ ਕਰਨਾ ਹੈ, ਜਿਸ ਲਈ ਸਿਵਲ ਸੁਸਾਇਟੀ ਦਾ ਸਹਿਯੋਗ ਲੋੜੀਂਦਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਜਾਂ ਅਦਾਰਾ ਤਪਦਿਕ ਦੇ ਮਰੀਜ਼ਾਂ ਨੂੰ ਅਪਣਾਅ ਕੇ ਉਨ੍ਹਾਂ ਦੀਆਂ ਖੁਰਾਕੀ ਲੋੜਾਂ ਤੇ ਹੋਰ ਤਰੀਕਿਆਂ ਨਾਲ ਮਦਦ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਆਪਣੇ ਵੱਲੋਂ ਵੱਡੇ ਯਤਨ ਕਰ ਰਹੀ ਹੈ ਪਰ ਇਸ ਪ੍ਰੋਗਰਾਮ ਦਾ ਮਕਸਦ ਟੀਬੀ ਮੁਕਤ ਮੁਹਿੰਮ ਨੂੰ ਲੋਕ ਲਹਿਰ ਬਣਾਉਣਾ ਹੈ। ਇਸ ਪ੍ਰੋਗਰਾਮ ਬਾਰੇ ਵਿਸਥਾਰ ਨਾਲ ਦੱਸਦਿਆਂ ਸਿਵਲ ਸਰਜਨ ਨੇ ਕਿਹਾ ਕਿ ਮਰੀਜ਼ ਨੂੰ ਪੌਸ਼ਟਿਕ ਖੁਰਾਕ ਦੇਣ ਤੋਂ ਇਲਾਵਾ ਉਸ ਦੀ ਜਾਂ ਉਸ ਦੇ ਪਰਿਵਾਰਕ ਜੀਆਂ ਦੀ ਕਿੱਤਾਮੁਖੀ ਸਿਖਲਾਈ, ਨੌਕਰੀ ਦਿਵਾਉਣ ਤੇ ਇਲਾਜ ਪ੍ਰਬੰਧਨ ’ਚ ਵੀ ਮਦਦ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਜੋ ਕੋਈ ਵੀ ਟੀਬੀ ਦੇ ਮਰੀਜ਼ਾਂ ਨੂੰ ਅਪਣਾਏਗਾ, ਉਸ ਲਈ ਮਰੀਜ਼ਾਂ ਨੂੰ ਘੱਟੋ-ਘੱਟ ਇਕ ਸਾਲ ਲਈ ਅਪਣਾਉਣਾ ਪਵੇਗਾ ਤੇ ਛੇ ਮਹੀਨੇ ਲਈ ਉਸ ਨੂੰ ਸੁਝਾਈਆਂ ਗਈਆਂ ਖੁਰਾਕੀ ਵਸਤਾਂ ਮੁਹੱਈਆ ਕਰਵਾਉਣੀਆਂ ਪੈਣਗੀਆਂ। ਅਜਿਹੇ ਦਾਨੀ ਵਿਅਕਤੀਆਂ ਜਾਂ ਸੰਸਥਾਵਾਂ ਨੂੰ ‘ਨਿਕਸ਼ੇ ਮਿੱਤਰ’ ਦਾ ਨਾਮ ਦਿੱਤਾ ਜਾਵੇਗਾ। ਇਕ ਵਿਅਕਤੀ ਜਾਂ ਅਦਾਰਾ ਇਕ ਜਾਂ ਇਕ ਤੋਂ ਵੱਧ ਜਿੰਨੇ ਮਰਜ਼ੀ ਟੀਬੀ ਰੋਗੀਆਂ ਨੂੰ ਅਪਣਾ ਸਕਦਾ ਹੈ। ਸਿਵਲ ਸਰਜਨ ਨੇ ਦੱਸਿਆ ਕਿ ਕੋਈ ਵੀ ਚਾਹਵਾਨ ਵਿਅਕਤੀ ਜਾਂ ਅਦਾਰਾ ਨਿਕਸ਼ੇ ਮਿੱਤਰਾ ਰਜਿਸਟਰੇਸ਼ਨ ਫ਼ਾਰਮ ’ਤੇ ਪੰਜੀਕਰਣ ਕਰ ਸਕਦਾ ਹੈ। ਇਸ ਪੋਰਟਲ ’ਤੇ ਆਪਣੀ ਸਹੂਲਤ ਮੁਤਾਬਕ ਟੀਬੀ ਦੇ ਮਰੀਜ਼ਾਂ ਦੀ ਚੋਣ ਕੀਤੀ ਜਾ ਸਕਦੀ ਹੈ। ਇਸ ਸਬੰਧੀ ਕਿਸੇ ਵੀ ਜਾਣਕਾਰੀ ਲਈ ਜਾਂ ਪੰਜੀਕਰਣ ਫਾਰਮ ਭਰਨ ਲਈ ਜ਼ਿਲ੍ਹਾ ਸਿਹਤ ਵਿਭਾਗ ਦੇ ਟੀਬੀ ਅਧਿਕਾਰੀ ਨਾਲ ਮੋਬਾਈਲ ਫੋਨ ਨੰਬਰ 79730 24849 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਡਾ. ਸੰਗੀਤਾ ਜੈਨ ਨੇ ਕਿਹਾ ਕਿ ਜ਼ਿਲ੍ਹਾ ਮੁਹਾਲੀ ਵਿਚ ਭਾਰੀ ਗਿਣਤੀ ’ਚ ਕਾਰੋਬਾਰੀ ਅਦਾਰੇ ਹਨ, ਜਿਹੜੇ ਇਸ ਨੇਕ ਕਾਰਜ ਵਿਚ ਵੱਡਮੁੱਲਾ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਟੀਬੀ ਦੇ ਮਰੀਜ਼ਾਂ ਦੇ ਨਿਕਸ਼ੇ ਮਿੱਤਰ ਬਣ ਕੇ ਉਨ੍ਹਾਂ ਦੀ ਵੱਧ ਤੋਂ ਵੱਧ ਮਦਦ ਕਰਨ।