ਛੱਤਬੀੜ ਚਿੜੀਆਘਰ ਨੇ ਪਹਿਲੀ ਵਾਰ ਅਧਿਕਾਰਿਕ ਕੈਲੰਡਰ ਜਾਰੀ ਕਰਕੇ ਰਚਿਆ ਇਤਿਹਾਸ
ਛੱਤਬੀੜ ਚਿੜੀਆਘਰ ਨੇ ਪਹਿਲੀ ਵਾਰ ਅਧਿਕਾਰਿਕ ਕੈਲੰਡਰ ਜਾਰੀ ਕਰਕੇ ਰਚਿਆ ਇਤਿਹਾਸ
Publish Date: Wed, 07 Jan 2026 08:16 PM (IST)
Updated Date: Wed, 07 Jan 2026 08:17 PM (IST)

-ਸਾਰਸ ਕਰੇਨ ਬਣਿਆ ਚਿੜੀਆ ਘਰ ਦੀ ਪਛਾਣ ਦਾ ਪ੍ਰਤੀਕ, ਜੰਗਲੀ ਜੀਵ ਸੰਰਖਣ ਲਈ ਜਾਗਰੂਕਤਾ ਤੇ ਜ਼ੋਰ ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਛੱਤਬੀੜ ਚਿੜੀਆ ਘਰ ਪ੍ਰਸ਼ਾਸਨ ਵੱਲੋਂ ਆਪਣੇ ਇਤਿਹਾਸ ਵਿੱਚ ਪਹਿਲੀ ਵਾਰ ਅਧਿਕਾਰਿਕ ਕੈਲੰਡਰ ਜਾਰੀ ਕਰਕੇ ਇੱਕ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਗਿਆ ਹੈ। ਛੱਤਬੀੜ ਚਿੜੀਆਘਰ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਲਗਭਗ ਪੰਜ ਦਹਾਕਿਆਂ ਦੇ ਸਫ਼ਰ ਦੌਰਾਨ ਇਹ ਪਹਿਲਾ ਮੌਕਾ ਹੈ, ਜਦੋਂ ਚਿੜੀਆ ਘਰ ਦੀ ਸੰਰਖਣ ਵਿਰਾਸਤ, ਉਪਲਬਧੀਆਂ ਅਤੇ ਵਿਲੱਖਣ ਪਛਾਣ ਨੂੰ ਦਰਸਾਉਂਦਾ ਵਿਸ਼ੇਸ਼ ਕੈਲੰਡਰ ਤਿਆਰ ਕੀਤਾ ਗਿਆ ਹੈ। ਇਸ ਕੈਲੰਡਰ ਦਾ ਕੇਂਦਰੀ ਵਿਸ਼ਾ ਚਿੜੀਆ ਘਰ ਦਾ ਬਰੈਂਡ ਅੰਬੈਸਡਰ ਪੰਛੀ ਸਾਰਸ ਕਰੇਨ ਹੈ, ਜੋ ਅੱਜ ਛੱਤਬੀੜ ਚਿੜੀਆ ਘਰ ਦੀ ਵਿਲੱਖਣ ਪਛਾਣ ਬਣ ਚੁੱਕਾ ਹੈ। ਚਿੜੀਆ ਘਰ ਪ੍ਰਸ਼ਾਸਨ ਵੱਲੋਂ ਜਾਰੀ ਕੀਤਾ ਗਿਆ ਇਹ ਕੈਲੰਡਰ ਕੁੱਲ 14 ਪੰਨਿਆਂ ਤੇ ਅਧਾਰਿਤ ਹੈ। ਕੈਲੰਡਰ ਦੇ ਹਰ ਪੰਨੇ ਤੇ ਸਾਰਸ ਕਰੇਨ ਨਾਲ ਸੰਬੰਧਿਤ ਜਾਣਕਾਰੀ ਨੂੰ ਆਸਾਨ ਅਤੇ ਦਿਲਚਸਪ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਇਸ ਵਿੱਚ ਸਾਰਸ ਕਰੇਨ ਦੇ ਸਰੀਰਕ ਲੱਛਣ, ਕੁਦਰਤੀ ਸੁਭਾਅ, ਖਾਣ-ਪੀਣ ਦੀਆਂ ਆਦਤਾਂ, ਪ੍ਰਜਨਨ ਪ੍ਰਕਿਰਿਆ ਅਤੇ ਸਮਾਜਿਕ ਵਿਹਾਰ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉੱਚ ਗੁਣਵੱਤਾ ਵਾਲੀਆਂ ਤਸਵੀਰਾਂ ਰਾਹੀਂ ਪੰਛੀ ਦੇ ਜੀਵਨ ਦੇ ਵੱਖ-ਵੱਖ ਪੱਖ ਦਰਸਾਏ ਗਏ ਹਨ। ਛੱਤਬੀੜ ਚਿੜੀਆ ਘਰ ਦੇ ਫੀਲਡ ਡਾਇਰੈਕਟਰ ਨਲਿਨ ਯਾਦਵ ਨੇ ਦੱਸਿਆ ਕਿ ਦੇਸ਼ ਵਿੱਚ ਛੱਤਬੀੜ ਚਿੜੀਆਘਰ ਇਕਲੌਤਾ ਅਜਿਹਾ ਚਿੜੀਆਘਰ ਹੈ, ਜਿੱਥੇ ਪਿਛਲੇ 20 ਸਾਲਾਂ ਤੋਂ ਲਗਾਤਾਰ ਸਾਰਸ ਕਰੇਨ ਦੀ ਸਫਲ ਪ੍ਰਜਨਨ ਪ੍ਰਕਿਰਿਆ ਚਲ ਰਹੀ ਹੈ। ਇਸ ਉਪਲਬਧੀ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਸਾਰਸ ਕਰੇਨ ਨੂੰ ਚਿੜੀਆ ਘਰ ਦਾ ਅਧਿਕਾਰਿਕ ਬਰੈਂਡ ਅੰਬੈਸਡਰ ਐਲਾਨਿਆ ਗਿਆ ਸੀ। ਚਿੜੀਆ ਘਰ ਦੇ ਐਜੂਕੇਸ਼ਨ ਅਫ਼ਸਰ ਹਰਪਾਲ ਸਿੰਘ ਨੇ ਕਿਹਾ ਕਿ ਸਾਰਸ ਕਰੇਨ ਇੱਕ ਦੁਰਲਭ ਪ੍ਰਜਾਤੀ ਦਾ ਪੰਛੀ ਹੈ, ਜੋ ਕੁਦਰਤੀ ਆਵਾਸ ਘਟਣ ਕਾਰਨ ਕਈ ਖੇਤਰਾਂ ਵਿੱਚ ਲੁਪਤ ਹੋਣ ਦੇ ਕਿਨਾਰੇ ਹੈ। ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਕੈਲੰਡਰ ਦੀ ਸੋਫਟ ਕਾਪੀ ਸਕੂਲਾਂ ਅਤੇ ਸੈਲਾਨੀਆਂ ਨੂੰ ਜਾਗਰੂਕਤਾ ਲਈ ਮੁਹੱਈਆ ਕਰਵਾਈ ਜਾ ਰਹੀ ਹੈ। ਚਿੜੀਆ ਘਰ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਹ ਕੈਲੰਡਰ ਲੋਕਾਂ ਨੂੰ ਜੰਗਲੀ ਜੀਵ ਸੰਰਖਣ ਲਈ ਪ੍ਰੇਰਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।