ਚੰਡੀਗੜ੍ਹ ਦੇ ਮੱਖਣ ਮਾਜਰਾ ਸਥਿਤ ਗੌਸ਼ਾਲਾ ਵਿੱਚ ਵੱਡੀ ਗਿਣਤੀ ਵਿੱਚ ਗਾਵਾਂ ਦੀਆਂ ਲਾਸ਼ਾਂ ਮਿਲਣ ਨਾਲ ਸ਼ਹਿਰ ਵਿੱਚ ਤਰਥੱਲੀ ਮੱਚ ਗਈ। ਮੰਗਲਵਾਰ ਦੇਰ ਸਨਾਤਨ ਟਾਸਕ ਫੋਰਸ (ਐਸਟੀਐਫ) ਦੀ ਟੀਮ ਨੇ ਸ਼ਿਕਾਇਤ ਵਿੱਚ ਦੋਸ਼ ਲਗਾਇਆ ਹੈ ਕਿ ਗਊਸ਼ਾਲਾ ਦੇ ਵਿਹੜੇ ਵਿੱਚ 60 ਤੋਂ ਵੱਧ ਗਾਂਵਾਂ ਅਤੇ ਬੱਚੇ ਮਰੇ ਹੋਏ ਮਿਲੇ, ਜਦਕਿ ਜੀਵਤ ਪਸ਼ੂਆਂ ਦੀ ਹਾਲਤ ਵੀ ਬਹੁਤ ਹੀ ਮਾੜੀ ਸੀ।

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਚੰਡੀਗੜ੍ਹ ਦੇ ਮੱਖਣ ਮਾਜਰਾ ਸਥਿਤ ਗਊਸ਼ਾਲਾ ਵਿੱਚ ਵੱਡੀ ਗਿਣਤੀ ਵਿੱਚ ਗਾਵਾਂ ਦੀਆਂ ਲਾਸ਼ਾਂ ਮਿਲਣ ਨਾਲ ਸ਼ਹਿਰ ਵਿੱਚ ਤਰਥੱਲੀ ਮੱਚ ਗਈ। ਮੰਗਲਵਾਰ ਦੇਰ ਸਨਾਤਨ ਟਾਸਕ ਫੋਰਸ (ਐਸਟੀਐਫ) ਦੀ ਟੀਮ ਨੇ ਸ਼ਿਕਾਇਤ ਵਿੱਚ ਦੋਸ਼ ਲਗਾਇਆ ਹੈ ਕਿ ਗਊਸ਼ਾਲਾ ਦੇ ਵਿਹੜੇ ਵਿੱਚ 60 ਤੋਂ ਵੱਧ ਗਾਂਵਾਂ ਅਤੇ ਬੱਚੇ ਮਰੇ ਹੋਏ ਮਿਲੇ, ਜਦਕਿ ਜੀਵਤ ਪਸ਼ੂਆਂ ਦੀ ਹਾਲਤ ਵੀ ਬਹੁਤ ਹੀ ਮਾੜੀ ਸੀ।
ਬੁੱਧਵਾਰ ਸਵੇਰੇ ਹੀ ਜਦੋਂ ਇਹ ਜਾਣਕਾਰੀ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਤੱਕ ਪਹੁੰਚੀ ਤਾਂ ਪੂਰਾ ਪ੍ਰਸ਼ਾਸਨ ਐਕਸ਼ਨ ਮੋੜ ਵਿਚ ਆ ਗਿਆ। ਸੂਚਨਾ ਮਿਲਦੇ ਹੀ ਮੇਅਰ, ਡਿਪਟੀ ਕਮਿਸ਼ਨਰ ਸਮੇਤ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀ ਮੌਕੇ ਤੇ ਪੁੱਜੇ। ਵੱਡੀ ਗਿਣਤੀ ਵਿੱਚ ਪਸ਼ੂਆਂ ਦੀਆਂ ਲਾਸ਼ਾਂ ਮਿਲਣ ਨਾਲ ਪਸ਼ੂ ਭਲਾਈ ਅਤੇ ਪ੍ਰਸ਼ਾਸਕੀ ਲਾਪਰਵਾਹੀ ’ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਪ੍ਰਸਾਸ਼ਕ ਗੁਲਾਬ ਚੰਦ ਕਟਾਰੀਆ ਦੇ ਮਾਮਲੇ ਵਿੱਚ ਖੁਦ ਦਖ਼ਲ ਦੇਣ ਤੋਂ ਬਾਅਦ ਡਿਪਟੀ ਕਮਿਸ਼ਨਰ ਵਲੋਂ ਘਟਨਾ ਦੀ ਮੈਜਿਸਟ੍ਰੇਟ ਜਾਂਚ ਦੇ ਆਦੇਸ਼ ਦਿੱਤੇ ਗਏ ਹਨ ਅਤੇ ਕਈ ਜ਼ ਇਕ ਜ਼ਿੰਮੇਵਾਰ ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ।
ਗਾਵਾਂ ਦਾ ਹੋਇਆ ਪੋਸਟਮਾਰਟਮ
ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਡਾਕਟਰਾਂ ਦਾ ਇਕ ਪੈਨਲ ਤਿਆਰ ਕਰਕੇ ਗਾਵਾਂ ਦਾ ਪੋਸਟਮਾਰਟਮ ਕੀਤਾ ਗਿਆ ਅਤੇ ਰਿਪੋਰਟ ਆਉਣ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ । ਮਿਲੀ ਜਾਣਕਾਰੀ ਅਨੁਸਾਰ ਮੈਜਿਸਟ੍ਰੇਟ ਜਾਂਚ ਦਾ ਜਿੰਮਾਂ ਏ ਡੀ ਸੀ ਨੂੰ ਸੌਂਪਿਆ ਗਿਆ ਹੈ । ਜੋ ਸੱਤ ਦੇ ਦਿਨਾਂ ਦੇ ਅੰਦਰ ਜਾਂਚ ਰਿਪੋਰਟ ਸੌਪਣਗੇ ।
ਵੈਟਨਰੀ ਅਫ਼ਸਰ ਸਮੇਤ ਸਟਾਫ ਨੂੰ ਨੌਕਰੀ ਤੋਂ ਕੱਢਿਆ
ਗਾਵਾਂ ਦੀ ਮੌਤ ਦੇ ਮਾਮਲੇ ਵਿੱਚ ਵੈਟਨਰੀ ਅਫਸਰ ਡਾ. ਰਵਿੰਦਰ ਧਾਲੀਵਾਲ ਸਮੇਤ ਪਸ਼ੂ ਲਾਸ਼ ਨਿਪਟਾਰਾ ਪਲਾਂਟ ਦੇ ਪੂਰੇ ਸਟਾਫ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਇਹ ਸਾਰਾ ਸਟਾਫ ਆਉਟਸੋਰਸ ’ਤੇ ਕੰਮ ਕਰ ਰਿਹਾ ਸੀ। ਲਾਪਰਵਾਹੀ ਨੂੰ ਇਸ ਦੀ ਮੁੱਖ ਵਜ੍ਹਾ ਮੰਨਿਆ ਜਾ ਰਿਹਾ ਹੈ। ਇੱਥੇ ਕੁੱਲ 27 ਕਰਮਚਾਰੀਆਂ ਦਾ ਸਟਾਫ ਸੀ। ਡਾ. ਧਾਲੀਵਾਲ ਖ਼ਿਲਾਫ਼ ਮੈਜਿਸਟਰੀਅਲ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਕਾਂਗਰਸ ਨੇ ਕੀਤੀ ਸਖ਼ਤ ਕਾਰਵਾਈ ਦੀ ਮੰਗ
ਮਖਣ ਮਾਜਰਾ ਗਊਸ਼ਾਲਾ ਨਾਲ ਲੱਗਦੇ ਮੋਰਚਰੀ ਸਥਾਨ ਤੋਂ ਅੱਜ ਸਵੇਰੇ ਸਾਹਮਣੇ ਆਈਆਂ ਮਰੀਆਂ ਗਾਵਾਂ ਅਤੇ ਵੱਛਿਆਂ ਦੀਆਂ ਤਸਵੀਰਾਂ ਨੇ ਸ਼ਹਿਰ ਭਰ ਵਿੱਚ ਗਹਿਰਾ ਰੋਸ ਪੈਦਾ ਕਰ ਦਿੱਤਾ। ਘਟਨਾ ਦੀ ਜਾਣਕਾਰੀ ਮਿਲਦੇ ਹੀ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਐਚ.ਐਸ. ਲੱਕੀ, ਡਿਪਟੀ ਮੇਅਰ ਤਰੁਣਾ ਮਹਤਾ ਸਮੇਤ ਕਈ ਕਾਂਗਰਸੀ ਕੌਂਸਲਰਾਂ ਨੇ ਗਊਸ਼ਾਲਾ ਦਾ ਦੌਰਾ ਕੀਤਾ। ਦੌਰੇ ਦੌਰਾਨ ਉਨ੍ਹਾਂ ਨੇ ਬਦਇੰਤਜ਼ਾਮੀ, ਗੰਦੀ ਸਫ਼ਾਈ ਅਤੇ ਬੁਨਿਆਦੀ ਸੁਵਿਧਾਵਾਂ ਦੀ ਭਾਰੀ ਕਮੀ ਨੂੰ ਪ੍ਰਸ਼ਾਸਨ ਦੀ ਨਾਕਾਮੀ ਕਰਾਰ ਦਿੱਤਾ।
ਕਾਂਗਰਸ ਪਾਰਟੀ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਤੁਰੰਤ ਅਤੇ ਸਖ਼ਤ ਕਾਰਵਾਈ ਕੀਤੀ ਜਾਵੇ। ਪਾਰਟੀ ਨੇ ਇਹ ਵੀ ਸਪਸ਼ਟ ਕਰਨ ਦੀ ਮੰਗ ਕੀਤੀ ਹੈ ਕਿ ਗਾਊਆਂ ਦੀ ਮੌਤ ਗਊਸ਼ਾਲਾ ਵਿੱਚ ਲਾਪਰਵਾਹੀ, ਸਮੇਂ ਸਿਰ ਇਲਾਜ ਦੀ ਕਮੀ ਅਤੇ ਸਖ਼ਤ ਠੰਢ ਕਾਰਨ ਹੋਈ ਜਾਂ ਉਹ ਪਹਿਲਾਂ ਹੀ ਸ਼ਹਿਰ ਦੇ ਹੋਰ ਹਿੱਸਿਆਂ ਤੋਂ ਮਰੀ ਹੋਈਆਂ ਮਿਲੀਆਂ ਸਨ।
ਐਚ.ਐਸ. ਲੱਕੀ ਨੇ ਕਿਹਾ ਕਿ ਗੌ-ਕਲਿਆਣ ਦੇ ਨਾਂ ‘ਤੇ ਇਕੱਠੀ ਕੀਤੀ ਗਈ ਰਕਮ ਦਾ ਸਹੀ ਵਰਤੋਂ ਨਾ ਹੋਣਾ ਬਰਦਾਸ਼ਤਯੋਗ ਨਹੀਂ। ਉਨ੍ਹਾਂ ਨੇ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਦੀ ਮੰਗ ਕਰਦਿਆਂ ਗਊਸ਼ਾਲਾ ਵਿੱਚ ਤੁਰੰਤ ਸੁਧਾਰਾਂ ਦੀ ਲੋੜ ‘ਤੇ ਜ਼ੋਰ ਦਿੱਤਾ। ਲੱਕੀ ਨੇ ਐਲਾਨ ਕੀਤਾ ਕਿ ਇਹ ਮਾਮਲਾ ਆਉਣ ਵਾਲੀ ਨਗਰ ਨਿਗਮ ਹਾਊਸ ਮੀਟਿੰਗ ਵਿੱਚ ਉਠਾਇਆ ਜਾਵੇਗਾ। ਨਾਲ ਹੀ ਦਾਦੂ ਮਾਜਰਾ ਡੰਪਿੰਗ ਗ੍ਰਾਊਂਡ ਨਾਲ ਜੁੜੇ ਮਸਲੇ ਨੂੰ ਵੀ ਕਾਂਗਰਸ ਨਗਰ ਨਿਗਮ ਵਿੱਚ ਰੱਖੇਗੀ।
ਆਪ ਵੱਲੋਂ ਸੁਤੰਤਰ ਜਾਂਚ ਦੀ ਮੰਗ
ਮੱਖਣ ਮਾਜਰਾ ਖੇਤਰ ਸਥਿਤ ਗੌਸ਼ਾਲਾ ਵਿੱਚ ਵੱਡੀ ਗਿਣਤੀ ਵਿੱਚ ਗਾਂਵਾਂ ਅਤੇ ਬਛੜਿਆਂ ਦੀ ਮੌਤ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਚੰਡੀਗੜ੍ਹ ਦੇ ਪ੍ਰਧਾਨ ਵਿਜੈਪਾਲ ਸਿੰਘ ਨੇ ਭਾਜਪਾ-ਸ਼ਾਸਤ ਪ੍ਰਸ਼ਾਸਨ ’ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਇਹ ਘਟਨਾ ਭਿਆਨਕ ਪ੍ਰਸ਼ਾਸਕੀ ਲਾਪਰਵਾਹੀ ਅਤੇ ਅਮਾਨਵੀ ਸੰਵੇਦਨਹੀਨਤਾ ਦਾ ਨਤੀਜਾ ਹੈ।
ਵਿਜੈਪਾਲ ਸਿੰਘ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਉਨ੍ਹਾਂ ਨੇ ਆਪਣੇ ਸਾਰੇ ਨਿੱਜੀ ਪ੍ਰੋਗਰਾਮ ਰੱਦ ਕਰਕੇ ਗਊਸ਼ਾਲਾ ਦਾ ਦੌਰਾ ਕੀਤਾ। ਮੌਕੇ ’ਤੇ ਉਨ੍ਹਾਂ ਨੇ ਵੇਖਿਆ ਕਿ ਕਈ ਗਾਂਵਾਂ ਦੀ ਮੌਤ ਹੋ ਚੁੱਕੀ ਸੀ ਅਤੇ ਲਾਸ਼ਾਂ ਦੀ ਹਾਲਤ ਬਹੁਤ ਹੀ ਦਰਦਨਾਕ ਸੀ। ਤਿੰਨ ਘੰਟਿਆਂ ਤੋਂ ਵੱਧ ਸਮੇਂ ਤੱਕ ਉੱਥੇ ਮੌਜੂਦ ਰਹਿਣ ਦੇ ਬਾਵਜੂਦ ਕੋਈ ਵੀ ਪਸ਼ੂ ਚਿਕਿਤਸਕ ਨਹੀਂ ਪਹੁੰਚਿਆ, ਜੋ ਪ੍ਰਸ਼ਾਸਨ ਦੀ ਨਾਕਾਮੀ ਨੂੰ ਦਰਸਾਉਂਦਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਗਊਸ਼ਾਲਾ ਵਿੱਚ ਲਗਾਇਆ ਗਿਆ ਨਵਾਂ ਸੈਨਿਟੇਸ਼ਨ ਪਲਾਂਟ ਖਰਾਬ ਪਿਆ ਹੈ ਅਤੇ ਗੈਸ ਸਿਲੰਡਰ ਤੱਕ ਵੇਚੇ ਜਾ ਚੁੱਕੇ ਹਨ। ਆਪ ਆਗੂ ਨੇ ਕਿਹਾ ਕਿ ਪਹਿਲਾਂ ਮਲੋਆ ਵਿੱਚ ਹੋਈ ਗੌ-ਮੌਤਾਂ ਤੋਂ ਵੀ ਪ੍ਰਸ਼ਾਸਨ ਨੇ ਕੋਈ ਸਬਕ ਨਹੀਂ ਲਿਆ।
ਵਿਜੈਪਾਲ ਸਿੰਘ ਨੇ ਕਾਉ ਸੈਸ ਦੇ ਕਰੋੜਾਂ ਰੁਪਏ ਦੇ ਹਿਸਾਬ ’ਤੇ ਸਵਾਲ ਉਠਾਉਂਦਿਆਂ ਪੂਰੇ ਮਾਮਲੇ ਦੀ ਸੁਤੰਤਰ ਅਤੇ ਨਿਰਪੱਖ ਜਾਂਚ, ਆਡਿਟ ਜਨਤਕ ਕਰਨ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਤੁਰੰਤ ਕਾਰਵਾਈ ਨਾ ਹੋਈ ਤਾਂ ਇਹ ਮਸਲਾ ਸੜਕ ਤੋਂ ਅਦਾਲਤ ਤੱਕ ਲਿਜਾਇਆ ਜਾਵੇਗਾ।
ਸਨਾਤਨ ਟਾਸਕ ਫੋਰਸ ਨੇ ਦਿੱਤੀ ਸੀ ਸ਼ਿਕਾਇਤ
ਸ਼ਿਕਾਇਤ ਅਨੁਸਾਰ, ਸਨਾਤਨ ਟਾਸਕ ਫੋਰਸ ਨੂੰ ਗਊਸ਼ਾਲਾ ਵਿੱਚ ਗੋਵੰਸ਼ ਨਾਲ ਹੋ ਰਹੀ ਲਾਪਰਵਾਹੀ ਅਤੇ ਬੁਰੀ ਹਾਲਤ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਸੰਸਥਾ ਦੇ 25 ਮੈਂਬਰਾਂ ਦੀ ਟੀਮ ਮੰਗਲਵਾਰ ਰਾਤ ਕਰੀਬ 10:40 ਵਜੇ ਗੌਸ਼ਾਲਾ ਪਹੁੰਚੀ ਅਤੇ ਨਿਰੀਖਣ ਕੀਤਾ।
ਟੀਮ ਦਾ ਕਹਿਣਾ ਹੈ ਕਿ ਨਿਰੀਖਣ ਦੌਰਾਨ 40 ਤੋਂ 50 ਗਾਂਵਾਂ ਅਤੇ 15 ਤੋਂ 20 ਬਛੜੇ ਮਰੇ ਹੋਏ ਮਿਲੇ। ਇਸ ਤੋਂ ਇਲਾਵਾ ਕੁਝ ਗਾਂਵਾਂ ਜੀਵਤ ਵੀ ਮਿਲੀਆਂ, ਪਰ ਉਨ੍ਹਾਂ ਦੀ ਹਾਲਤ ਇੰਨੀ ਖ਼ਰਾਬ ਸੀ ਕਿ ਉਹ ਖੜ੍ਹਾ ਹੋਣ ਜਾਂ ਤੁਰਨ-ਫਿਰਣ ਦੇ ਵੀ ਯੋਗ ਨਹੀਂ ਸਨ।
ਐਸਟੀਐਫ ਨੇ ਦੋਸ਼ ਲਗਾਇਆ ਕਿ ਗੌਸ਼ਾਲਾ ਵਿਹੜੇ ਵਿੱਚ ਹਰ ਪਾਸੇ ਗੰਦਗੀ ਫੈਲੀ ਹੋਈ ਸੀ। ਮਰੇ ਹੋਏ ਪਸ਼ੂਆਂ ਦੀਆਂ ਲਾਸ਼ਾਂ ਖੁੱਲ੍ਹੇ ਵਿੱਚ ਪਈਆਂ ਸਨ। ਟੀਮ ਨੇ ਇਹ ਵੀ ਦੋਸ਼ ਲਗਾਇਆ ਕਿ ਗੌਸ਼ਾਲਾ ਦੇ ਨਾਮ ‘ਤੇ ਧਾਰਮਿਕ ਆਸਥਾ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਅਤੇ ਗੋਵੰਸ਼ ਨਾਲ ਅਮਾਨਵੀ ਸਲੂਕ ਹੋ ਰਿਹਾ ਹੈ।
ਗਾਵਾਂ ਦੇ ਸਸਕਾਰ ਲਈ ਬਣੀ ਮਸ਼ੀਨ ਖਰਾਬ
ਗਊਸ਼ਾਲਾ ਦੇ ਨੇੜੇ ਗਾਂਵਾਂ ਦੇ ਸੰਸਕਾਰ ਲਈ ਬਣੇ ਐਨੀਮਲ ਕਾਰਕਸ ਇੰਸਿਨਰੇਟਰ ਪਲਾਂਟ ਵਿੱਚ ਲਗਾਈ ਗਈ ਮਸ਼ੀਨ ਪਿਛਲੇ ਕਈ ਦਿਨਾਂ ਤੋਂ ਖਰਾਬ ਪਈ ਹੈ। ਇਸ ਕਾਰਨ ਇੱਥੇ ਮਰੀਆਂ ਗਾਂਵਾਂ ਦਾ ਢੇਰ ਲੱਗ ਗਿਆ ਹੈ। ਦੱਸਿਆ ਗਿਆ ਕਿ ਇੱਥੇ ਗਾਂਵਾਂ ਦਾ ਸੰਸਕਾਰ ਕੀਤਾ ਜਾਂਦਾ ਹੈ ਅਤੇ ਆਲੇ-ਦੁਆਲੇ ਤੋਂ ਵੀ ਮਰੀਆਂ ਗਾਂਵਾਂ ਇੱਥੇ ਲਿਆਂਦੀਆਂ ਜਾਂਦੀਆਂ ਹਨ। ਮਸ਼ੀਨ ਖਰਾਬ ਹੋਣ ਕਾਰਨ ਸਸਕਾਰ ਨਹੀਂ ਹੋ ਪਾ ਰਹੇ, ਇਸ ਲਈ ਗਾਂਵਾਂ ਇਕੱਠੀਆਂ ਹੋ ਗਈਆਂ ਹਨ। ਸਾਰੀਆਂ ਗਾਂਵਾਂ ਇੱਕੋ ਸਮੇਂ ਮਰਨ ਦੀ ਕੋਈ ਗੱਲ ਨਹੀਂ ਹੈ।
ਮੱਖਣ ਮਾਜਰਾ ਵਿੱਚ ਸ਼ਹਿਰ ਦੀ ਸਭ ਤੋਂ ਵੱਡੀ ਗੌਸ਼ਾਲਾ
ਮੱਖਣ ਮਾਜਰਾ ਵਿੱਚ ਸ਼ਹਿਰ ਦੀ ਸਭ ਤੋਂ ਵੱਡੀ ਗਊਸ਼ਾਲਾ ਹੈ, ਜਿਸ ਵਿੱਚ ਦੋ ਹਜ਼ਾਰ ਤੋਂ ਵੱਧ ਗਾਂਵਾਂ ਰੱਖਣ ਦੀ ਸਮਰਥਾ ਹੈ। ਇਸ ਗਊਸ਼ਾਲਾ ਦਾ ਉਦਘਾਟਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤਾ ਸੀ। ਹਾਲ ਹੀ ਵਿੱਚ ਨਿਗਮ ਸਦਨ ਵਿੱਚ ਗਊਸ਼ਾਲਾ ਵਿੱਚ ਸ਼ੈਡ ਵਧਾਉਣ ਲਈ 14 ਕਰੋੜ ਰੁਪਏ ਖਰਚ ਕਰਨ ਦਾ ਪ੍ਰਸਤਾਵ ਲਿਆਂਦਾ ਗਿਆ ਸੀ, ਪਰ ਰਕਮ ਬਹੁਤ ਜ਼ਿਆਦਾ ਹੋਣ ਕਰਕੇ
ਸਦਨ ਨੇ ਇਸਨੂੰ ਮਨਜ਼ੂਰੀ ਨਹੀਂ ਦਿੱਤੀ।
ਮਲੋਆ ਵਿੱਚ ਵੀ ਕਰੰਟ ਨਾਲ ਮਰੀਆਂ ਸਨ ਗਾਵਾਂ
ਇਸ ਤੋਂ ਪਹਿਲਾਂ ਮਲੋਆ ਸਥਿਤ ਗਊਸ਼ਾਲਾ ਵਿੱਚ ਵੀ ਵੱਡੀ ਗਿਣਤੀ ਵਿੱਚ ਗੋਵੰਸ਼ ਮਰਨ ਦੀ ਖ਼ਬਰ ਨੇ ਪੂਰੇ ਸ਼ਹਿਰ ਨੂੰ ਝੰਝੋੜ ਦਿੱਤਾ ਸੀ। ਇੱਥੇ ਲੋਹੇ ਦੇ ਸ਼ੈਡ ਨਾਲ ਬਿਜਲੀ ਦੀ ਤਾਰ ਟਕਰਾਉਣ ਕਾਰਨ ਪੂਰੇ ਪਸ਼ੂ ਬਾੜੇ ਵਿੱਚ ਕਰੰਟ ਫੈਲ ਗਿਆ ਸੀ, ਜਿਸ ਨਾਲ 14 ਤੋਂ ਵੱਧ ਗਾਂਵਾਂ ਅਤੇ ਵੱਛਿਆਂ ਦੀ ਜਾਨ ਚਲੀ ਗਈ ਸੀ। ਇਸ ਮਾਮਲੇ ਵਿੱਚ ਕਈ ਤਰ੍ਹਾਂ ਦੀ ਲਾਪਰਵਾਹੀ ਵੀ ਸਾਹਮਣੇ ਆਈ ਸੀ।