ਟ੍ਰੈਫਿਕ ਪੁਲਿਸ ਦੀ ਵੱਡੀ ਕਾਰਵਾਈ, ਤਿੰਨ ਦਿਨਾਂ 'ਚ 120 ਵਾਹਨਾਂ ਦੇ ਕੀਤੇ ਚਾਲਾਨ
ਟ੍ਰੈਫਿਕ ਪੁਲਿਸ ਦੀ ਵੱਡੀ ਕਾਰਵਾਈ, ਤਿੰਨ ਦਿਨਾਂ 'ਚ 120 ਵਾਹਨਾਂ ਦੇ ਕੀਤੇ ਚਾਲਾਨ
Publish Date: Wed, 19 Nov 2025 06:05 PM (IST)
Updated Date: Wed, 19 Nov 2025 06:07 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਵਿਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਟ੍ਰੈਫਿਕ ਪੁਲਿਸ ਨੇ ਇਕ ਵੱਡੀ ਮੁਹਿੰਮ ਵਿੱਢੀ ਹੈ। ਪੁਲਿਸ ਨੇ ਸਿਰਫ਼ ਤਿੰਨ ਦਿਨਾਂ ਦੇ ਅੰਦਰ ਹੀ ਵੱਖ-ਵੱਖ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 120 ਵਾਹਨਾਂ ਦੇ ਚਾਲਾਨ ਕੀਤੇ ਹਨ। ਟ੍ਰੈਫਿਕ ਇੰਚਾਰਜ ਡੇਰਾਬੱਸੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਸ਼ਹਿਰ ਵਿਚ ਵੱਧਦੇ ਟ੍ਰੈਫਿਕ ਜਾਮ ਅਤੇ ਸੜਕੀ ਹਾਦਸਿਆਂ ਨੂੰ ਰੋਕਣ ਦੇ ਮਕਸਦ ਨਾਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਵਾਰ-ਵਾਰ ਚੇਤਾਵਨੀ ਦੇਣ ਦੇ ਬਾਵਜੂਦ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਸਨ, ਜਿਸ ਕਾਰਨ ਇਹ ਸਖ਼ਤ ਕਦਮ ਚੁੱਕਿਆ ਗਿਆ ਹੈ। ਚਾਲਾਨ ਕੀਤੇ ਗਏ ਵਾਹਨਾਂ ਵਿਚ ਜ਼ਿਆਦਾਤਰ ਬਿਨਾਂ ਹੈਲਮੇਟ ਚਲਾਉਣਾ, ਤਿੰਨ ਸਵਾਰੀਆਂ ਬਿਠਾਉਣਾ, ਪ੍ਰਦੂਸ਼ਣ ਨਿਯਮਾਂ ਦੀ ਉਲੰਘਣਾ, ਗ਼ਲਤ ਥਾਂ ਤੇ ਪਾਰਕਿੰਗ ਕਰਨਾ, ਟ੍ਰੈਫਿਕ ਲਾਈਟਾਂ ਦੀ ਉਲੰਘਣਾ ਕਰਨ ਦੇ ਚਾਲਾਨ ਕੀਤੇ ਗਏ। ਟ੍ਰੈਫਿਕ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਇਹ ਮੁਹਿੰਮ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹੇਗੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੁਰੱਖਿਅਤ ਸਫ਼ਰ ਲਈ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ।