ਅਰਸ਼ ਧਾਲੀਵਾਲ 'ਸਰਕਾਰ-ਏ-ਖ਼ਾਲਸਾ' ਐਵਾਰਡ ਨਾਲ ਸਨਮਾਨਿਤ
ਸੀਜੀਸੀ ਯੂਨੀਵਰਸਿਟੀ ਦੇ ਐੱਮਡੀ ਅਰਸ਼ ਧਾਲੀਵਾਲ 'ਸਰਕਾਰ-ਏ-ਖ਼ਾਲਸਾ' ਐਵਾਰਡ ਨਾਲ ਸਨਮਾਨਿਤ
Publish Date: Wed, 21 Jan 2026 06:01 PM (IST)
Updated Date: Wed, 21 Jan 2026 06:03 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸੀਜੀਸੀ ਯੂਨੀਵਰਸਿਟੀ ਮੁਹਾਲੀ ਲਈ ਬੇਹੱਦ ਮਾਣ ਵਾਲੀ ਗੱਲ ਹੈ ਕਿ ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੂੰ ਸਿੱਖਿਆ ਅਤੇ ਰਾਸ਼ਟਰ ਨਿਰਮਾਣ ਦੇ ਖੇਤਰ ’ਚ ਪਾਏ ਗਏ ਵਡਮੁੱਲੇ ਯੋਗਦਾਨ ਲਈ ਵੱਕਾਰੀ ਸਰਕਾਰ-ਏ-ਖ਼ਾਲਸਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਲੁਧਿਆਣਾ ਵਿਖੇ ਹੋਏ ਇਕ ਵਿਸ਼ੇਸ਼ ਸਮਾਗਮ ਦੌਰਾਨ ਇਹ ਸਨਮਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਸੰਤ ਬਾਬਾ ਗੁਰਜੀਤ ਸਿੰਘ ਅਤੇ ਸੰਤ ਬਲਬੀਰ ਸਿੰਘ ਸੀਚੇਵਾਲ, ਮੈਂਬਰ ਪਾਰਲੀਮੈਂਟ ਵੱਲੋਂ ਪ੍ਰਦਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਅਰਸ਼ ਧਾਲੀਵਾਲ ਨੂੰ ਇਹ ਐਵਾਰਡ ਉਨ੍ਹਾਂ ਦੀ ਦੂਰਅੰਦੇਸ਼ੀ ਅਗਵਾਈ ਅਤੇ ਭਾਰਤ ਵਿਚ ਆਧੁਨਿਕ ਸਿੱਖਿਆ ਪ੍ਰਣਾਲੀ ਨੂੰ ਨਵਾਂ ਰੂਪ ਦੇਣ ਲਈ ਦਿੱਤਾ ਗਿਆ ਹੈ। ਉਨ੍ਹਾਂ ਨੇ ਹਮੇਸ਼ਾ ਅਕਾਦਮਿਕ ਉੱਤਮਤਾ, ਤਕਨੀਕੀ ਸੁਮੇਲ ਅਤੇ ਮੁੱਲ-ਅਧਾਰਿਤ ਸਿੱਖਿਆ ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਦੀ ਅਗਵਾਈ ਹੇਠ ਸੀਜੀਸੀ ਯੂਨੀਵਰਸਿਟੀ ਅੱਜ ਦੇ ਤੇਜ਼ੀ ਨਾਲ ਬਦਲਦੇ ਵਿਸ਼ਵ ਪੱਧਰ ਤੇ ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕਰਨ ਵਾਲਾ ਇਕ ਪ੍ਰਮੁੱਖ ਕੇਂਦਰ ਬਣ ਕੇ ਉਭਰੀ ਹੈ। ਇਸ ਮੌਕੇ ਸਮਾਗਮ ਦੌਰਾਨ ਅਰਸ਼ ਧਾਲੀਵਾਲ ਦੀ ਸ਼ਖ਼ਸੀਅਤ ਨੂੰ ਸਾਂਝਾ ਕਰਦੇ ਹੋਏ ਦੱਸਿਆ ਗਿਆ ਕਿ ਅਰਸ਼ ਧਾਲੀਵਾਲ ਦੀ ਸੋਚ ਅਜੋਕੀ ਪੀੜ੍ਹੀ ਦੀਆਂ ਲੋੜਾਂ ਨੂੰ ਬਾਖ਼ੂਬੀ ਸਮਝਦੀ ਹੈ। ਉਨ੍ਹਾਂ ਨੇ ਰਵਾਇਤੀ ਪੜ੍ਹਾਈ ਦੀ ਥਾਂ ਤੇ ਪ੍ਰੈਕਟੀਕਲ ਸਿੱਖਿਆ, ਉੱਦਮਤਾ ਅਤੇ ਗਲੋਬਲ ਐਕਸਪੋਜ਼ਰ ਨੂੰ ਉਤਸ਼ਾਹਤ ਕੀਤਾ ਹੈ। ਉਨ੍ਹਾਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਿਰਫ਼ ਨੌਕਰੀ ਲੱਭਣ ਵਾਲੇ ਹੀ ਨਹੀਂ, ਸਗੋਂ ਨੌਕਰੀਆਂ ਦੇਣ ਵਾਲੇ ਬਣਾਉਣਾ ਹੈ। ਫਾਦਰ ਆਫ਼ ਐਜੂਕੇਸ਼ਨ ਦੇ ਕੌਮਾਂਤਰੀ ਐਵਾਰਡ ਨਾਲ ਸਨਮਾਨੇ ਜਾ ਚੁੱਕੇ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਸੰਸਥਾਪਕ ਚਾਂਸਲਰ ਰਸ਼ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ‘ਸਰਕਾਰ-ਏ-ਖ਼ਾਲਸਾ ਐਵਾਰਡ’ ਸਿਰਫ਼ ਇਕ ਵਿਅਕਤੀਗਤ ਸਨਮਾਨ ਨਹੀਂ, ਸਗੋਂ ਪ੍ਰਗਤੀਸ਼ੀਲ ਸਿੱਖਿਆ ਦੀ ਉਸ ਲਹਿਰ ਦੀ ਪਛਾਣ ਹੈ, ਜੋ ਪਰੰਪਰਾ ਨੂੰ ਬਦਲਾਅ ਨਾਲ ਅਤੇ ਗਿਆਨ ਨੂੰ ਰਾਸ਼ਟਰ-ਨਿਰਮਾਣ ਨਾਲ ਜੋੜਦੀ ਹੈ। ਇਹ ਉਸ ਨੇਤਾ ਦਾ ਸਨਮਾਨ ਹੈ ਜੋ ਕਲਾਸਰੂਮਾਂ ਨੂੰ ਨਵੀਨਤਾ ਦੀਆਂ ਲੈਬੋਰੇਟਰੀਆਂ, ਕੈਂਪਸਾਂ ਨੂੰ ਇਨਕਿਊਬੇਸ਼ਨ ਹੱਬ ਅਤੇ ਵਿਦਿਆਰਥੀਆਂ ਨੂੰ ਭਾਰਤ ਦੇ ਡਿਜ਼ੀਟਲ ਭਵਿੱਖ ਦੇ ਨਿਰਮਾਤਾ ਵਜੋਂ ਦੇਖਦਾ ਹੈ। ਇਸ ਮੌਕੇ ’ਤੇ ਸੀਜੀਸੀ ਯੂਨੀਵਰਸਿਟੀ ਦੇ ਸਮੁੱਚੇ ਸਟਾਫ਼ ਵਿਚ ਖ਼ੁਸ਼ੀ ਦਾ ਮਾਹੌਲ ਬਣ ਗਿਆ।