ਕੋਰ ਕਮੇਟੀ ਦੀ ਕੇਂਦਰ ਤੇ ਸੂਬਾ ਸਰਕਾਰ ਨੂੰ ਚਿਤਾਵਨੀ, ਕਿਹਾ- ਸਿੱਖਾਂ ਦੇ ਧਾਰਮਿਕ ਮਾਮਲਿਆਂ ’ਚ ਨਾ ਦਿੱਤੀ ਜਾਵੇ ਦਖ਼ਲ
ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਸੋਮਵਾਰ ਨੂੰ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਵਿਚ ਪਾਰਟੀ ਦਫ਼ਤਰ ਵਿਚ ਹੋਈ, ਜਿਸ ਵਿਚ ਸਿੱਖਾਂ ਦੇ ਧਾਰਮਿਕ ਮਾਮਲਿਆਂ ’ਚ ਹੋ ਰਹੇ ਦਖ਼ਲ ’ਤੇ ਚਰਚਾ ਹੋਈ। ਕੋਰ ਕਮੇਟੀ ਨੇ ਕੇਂਦਰ ਤੇ ਸੂਬਾ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ, ਖ਼ਾਲਸਾ ਪੰਥ ਦੇ ਪਵਿੱਤਰ ਤਖ਼ਤਾਂ ਸਣੇ ਸਿੱਖ ਸੰਸਥਾਵਾਂ ਅਤੇ ਧਾਰਮਿਕ ਥਾਵਾਂ ਵਿਚ ਦਖ਼ਲ ਨਾ ਦੇਵੇ।
Publish Date: Tue, 25 Nov 2025 09:23 AM (IST)
Updated Date: Tue, 25 Nov 2025 09:26 AM (IST)

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਸੋਮਵਾਰ ਨੂੰ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਵਿਚ ਪਾਰਟੀ ਦਫ਼ਤਰ ਵਿਚ ਹੋਈ, ਜਿਸ ਵਿਚ ਸਿੱਖਾਂ ਦੇ ਧਾਰਮਿਕ ਮਾਮਲਿਆਂ ’ਚ ਹੋ ਰਹੇ ਦਖ਼ਲ ’ਤੇ ਚਰਚਾ ਹੋਈ। ਕੋਰ ਕਮੇਟੀ ਨੇ ਕੇਂਦਰ ਤੇ ਸੂਬਾ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ, ਖ਼ਾਲਸਾ ਪੰਥ ਦੇ ਪਵਿੱਤਰ ਤਖ਼ਤਾਂ ਸਣੇ ਸਿੱਖ ਸੰਸਥਾਵਾਂ ਅਤੇ ਧਾਰਮਿਕ ਥਾਵਾਂ ਵਿਚ ਦਖ਼ਲ ਨਾ ਦੇਵੇ। ਸਿੱਖ ਸੰਗਤ ਤੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਦਾ ਕੰਟਰੋਲ ਖੋਹਣਾ ਅਤੇ ਹਰਿਆਣਾ ਵਿਚ ਇਕ ਵੱਖਰੀ ਬਾਡੀ ਸਥਾਪਤ ਕਰ ਕੇ ਐੱਸਜੀਪੀਸੀ ਨੂੰ ਜਬਰਨ ਵੰਡਣਾ ਮਹਾਨ ਗੁਰੂ ਸਾਹਿਬਾਨ ਨੂੰ ਸ਼ਰਧਾਂਜਲੀ ਦੇਣ ਦਾ ਸਹੀ ਤਰੀਕਾ ਨਹੀਂ ਹੈ, ਜਿਨ੍ਹਾਂ ਧਾਰਮਿਕ ਦਖ਼ਲ ਤੇ ਦਮਨ ਖ਼ਿਲਾਫ਼ ਸਰਬਉੱਚ ਕੁਰਬਾਨੀ ਦਿੱਤੀ।
ਕੋਰ ਕਮੇਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬੇਅਦਬੀ ਕਰਨ ਦੇ ਤਰੀਕੇ ’ਤੇ ਵੀ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਕਿਹਾ ਕਿ ਅਕਾਲੀ ਦਲ ਇਸ ਤਰ੍ਹਾਂ ਦੇ ਅਪਮਾਨਜਨਕ ਵਿਵਹਾਰ ਨੂੰ ਬਰਦਾਸ਼ਤ ਨਹੀਂ ਕਰੇਗਾ। ਕੋਰ ਕਮੇਟੀ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦਾ ਉਨ੍ਹਾਂ ਦੀ ਪ੍ਰੇਰਣਾਦਾਇਕ ਅਗਵਾਈ ਲਈ ਧੰਨਵਾਦ ਪ੍ਰਗਟ ਕੀਤਾ, ਜਿਸ ਦੇ ਨਤੀਜੇ ਵਜੋਂ ਤਰਨਤਾਰਨ ਜ਼ਿਮਨੀ ਚੋਣ ਵਿਚ ਅਕਾਲੀ ਦਲ ਨੂੰ ਭਾਰੀ ਸਮਰਥਨ ਮਿਲਿਆ। ਕੋਰਟ ਕਮੇਟੀ ਨੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਪਾਰਟੀ ਚਿੰਨ੍ਹ ’ਤੇ ਲੜਨ ਦਾ ਐਲਾਨ ਕੀਤਾ।
ਕੋਰ ਕਮੇਟੀ ਨੇ ਇਕ ਮਤਾ ਪਾਸ ਕੀਤਾ, ਜਿਸ ਵਿਚ ਕਿਹਾ ਗਿਆ ਕਿ ਗੁਰੂ ਤੇਗ ਬਹਾਦੁਰ ਸਾਹਿਬ ਨੇ ਹੋਰ ਧਰਮਾਂ ਦੀਆਂ ਧਾਰਮਿਕ ਮਾਨਤਾਵਾਂ, ਪ੍ਰਥਾਵਾਂ ਅਤੇ ਮਾਮਲਿਆਂ ਵਿਚ ਸਰਕਾਰੀ ਦਖ਼ਲ ਤੇ ਦਮਨ ਰੋਕਣ ਲਈ ਸਰਬਉੱਚ ਤੇ ਅਦੁੱਤੀ ਕੁਰਬਾਨੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡੀ ਦੁੱਖ ਦੀ ਗੱਲ ਹੈ ਕਿ ਜਿਸ ਧਾਰਮਿਕ ਦਖ਼ਲ ਤੇ ਦਮਨ ਦੇ ਖ਼ਿਲਾਫ਼ ਮਹਾਨ ਗੁਰੂਆਂ ਨੇ ਆਪਣੇ ਪ੍ਰਾਣ ਤੱਕ ਤਿਆਗ ਦਿੱਤੇ ਸਨ, ਕੇਂਦਰ ਤੇ ਮਹਾਰਾਸ਼ਟਰ, ਬਿਹਾਰ ਤੇ ਹਰਿਆਣਾ ਸਰਕਰਾਂ ਉਹੀ ਪਾਪ ਕਰ ਰਹੀਆਂ ਹਨ। ਇਹ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਅੱਜ ਸਰਕਾਰਾਂ ਗੁਰੂ ਸਾਹਿਬ ਦੇ ਆਪਣੇ ਦੇਸ਼ ਵਿਚ ਔਰੰਗਜ਼ੇਬ ਦੀ ਮਾਨਸਿਕਤਾ ਦਾ ਪਾਲਣ ਕਰ ਰਹੀਆਂ ਹਨ ਅਤੇ ਮਹਾਨ ਗੁਰੂਆਂ ਦੀ ਆਸਥਾ ਦਾ ਪਾਲਣ ਕਰਨ ਵਾਲੇ ਲੋਕਾਂ ਦੇ ਖ਼ਿਲਾਫ਼ ਹਨ।
ਮੀਟਿੰਗ ਵਿਚ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਬੇਹੱਦ ਚੰਗੀ ਗੱਲ ਹੈ ਕਿ ਪੂਰਾ ਦੇਸ਼ ਮਹਾਨ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ ਹੈ ਪਰ ਇਹ ਸ਼ਰਧਾਂਜਲੀ ਤੇ ਪ੍ਰੋਗਰਾਮ ਤਾਂ ਹੀ ਸਹੀ ਲੱਗਣਗੇ ਜਦੋਂ ਕੇਂਦਰ ਦੇ ਨਾਲ-ਨਾਲ ਬਿਹਾਰ, ਮਹਾਰਾਸ਼ਟਰ, ਦਿੱਲੀ ਤੇ ਹਰਿਆਣਾ ਅਤੇ ਹੋਰ ਸੂਬਿਆਂ ਦੀਆਂ ਸਰਕਾਰਾਂ ਸਿੱਖ ਧਾਰਮਿਕ ਮਾਮਲਿਆਂ ਵਿਚ ਉਨ੍ਹਾਂ ਦੇ ਚੱਲ ਰਹੇ ਦਖ਼ਲ ਅਤੇ ਸਿੱਖ ਧਾਰਮਿਕ ਸੰਸਥਾਵਾਂ ਅਤੇ ਪਵਿੱਤਰ ਗੁਰਧਾਮਾਂ ’ਤੇ ਕੀਤੇ ਜਾ ਰਹੇ ਹਮਲਿਆਂ ’ਤੇ ਰੋਕ ਲਗਾਈ ਜਾਵੇ। ਚੰਡੀਗੜ੍ਹ ਨੂੰ ਲੈ ਕੇ ਪਾਰਟੀ ਪ੍ਰਧਾਨ ਨੇ ਕਿਹਾ ਕਿ ਚੰਡੀਗੜ੍ਹ ਨੂੰ ਇਕ ਰੈਗੂਲਰ ਕੇਂਦਰ ਸ਼ਾਸਤ ਪ੍ਰਦੇਸ਼ ਬਣਾ ਕੇ ਉਸ ’ਤੇ ਪੰਜਾਬ ਦੇ ਅਧਿਕਾਰ ਨੂੰ ਸਮਾਪਤ ਕਰਨ ਦਾ ਕੇਂਦਰ ਦਾ ਨਵਾਂ ਕਦਮ, ਪੰਜਾਬ ਯੂਨੀਵਰਸਿਟੀ ਵਿਚ ਜਮਹੂਰੀ ਵਿਵਸਥਾ ਨੂੰ ਘੱਟ ਕਰਨ ਦੇ ਯਤਨ ਵੀ ਪੰਜਾਬ ਦੇ ਨਾਲ ਬੇਇਨਸਾਫ਼ੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ’ਤੇ ਪੰਜਾਬ ਦਾ ਅਧਿਕਾਰ ਹੈ ਅਤੇ ਅਕਾਲੀ ਦਲ ਪੰਜਾਬ ਤੋਂ ਇਸ ਨੂੰ ਖੋਹਣ ਦੇ ਕਿਸੇ ਵੀ ਯਤਨ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਪੰਜਾਬ ਨੂੰ ਸੌਂਪਣ ਦੀ ਮੰਗ ਕੀਤੀ।