ਅੱਤਵਾਦੀ-ਗੈਂਗਸਟਰ ਗਠਜੋੜ ਖ਼ਿਲਾਫ਼ ਐੱਨਆਈਏ ਦੀ ਕਾਰਵਾਈ ਸਭ ਤੋਂ ਮਹੱਤਵਪੂਰਨ ਮੰਨੀ ਜਾ ਰਹੀ ਹੈ। 2024 ਤੋਂ ਅਪ੍ਰੈਲ 2026 ਤੱਕ ਐੱਨਆਈਏ ਨੇ ਬਠਿੰਡਾ, ਮੁਕਤਸਰ, ਮੋਗਾ, ਫਿਰੋਜ਼ਪੁਰ ਅਤੇ ਅੰਮ੍ਰਿਤਸਰ ਸਮੇਤ ਕਈ ਜ਼ਿਲ੍ਹਿਆਂ ਵਿੱਚ 100 ਤੋਂ ਵੱਧ ਥਾਵਾਂ ’ਤੇ ਛਾਪੇਮਾਰੀ ਕੀਤੀ।

ਰੋਹਿਤ ਕੁਮਾਰ, ਚੰਡੀਗੜ੍ਹ : ਪਿਛਲੇ ਕਰੀਬ ਦੋ ਸਾਲਾਂ ਦੌਰਾਨ ਪੰਜਾਬ ਵਿੱਚ ਕੇਂਦਰੀ ਜਾਂਚ ਏਜੰਸੀਆਂ ਦੀ ਸਰਗਰਮੀ ਕਾਫ਼ੀ ਵਧੀ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ), ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਤੇ ਸੈਂਟਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਸੀਬੀਆਈ) ਨੇ ਅੱਤਵਾਦੀ ਗਤੀਵਿਧੀਆਂ, ਗੈਂਗਸਟਰ ਨੈੱਟਵਰਕ, ਨਸ਼ਾ ਤਸਕਰੀ ਅਤੇ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲਿਆਂ ਵਿੱਚ ਕਈ ਵੱਡੀਆਂ ਕਾਰਵਾਈਆਂ ਕੀਤੀਆਂ ਹਨ। ਮੌਜੂਦਾ ਅਤੇ ਸਾਬਕਾ ਮੰਤਰੀਆਂ ਸਮੇਤ ਦਰਜਨ ਤੋਂ ਵੱਧ ਸਿਆਸੀ ਚਿਹਰੇ ਈਡੀ ਅਤੇ ਸੀਬੀਆਈ ਦੀ ਜਾਂਚ ਦੇ ਘੇਰੇ ਵਿੱਚ ਹਨ।
ਅੱਤਵਾਦੀ-ਗੈਂਗਸਟਰ ਗਠਜੋੜ ਖ਼ਿਲਾਫ਼ ਐੱਨਆਈਏ ਦੀ ਕਾਰਵਾਈ ਸਭ ਤੋਂ ਮਹੱਤਵਪੂਰਨ ਮੰਨੀ ਜਾ ਰਹੀ ਹੈ। 2024 ਤੋਂ ਅਪ੍ਰੈਲ 2026 ਤੱਕ ਐੱਨਆਈਏ ਨੇ ਬਠਿੰਡਾ, ਮੁਕਤਸਰ, ਮੋਗਾ, ਫਿਰੋਜ਼ਪੁਰ ਅਤੇ ਅੰਮ੍ਰਿਤਸਰ ਸਮੇਤ ਕਈ ਜ਼ਿਲ੍ਹਿਆਂ ਵਿੱਚ 100 ਤੋਂ ਵੱਧ ਥਾਵਾਂ ’ਤੇ ਛਾਪੇਮਾਰੀ ਕੀਤੀ। ਇਹ ਕਾਰਵਾਈ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ), ਖਾਲਿਸਤਾਨ ਟਾਈਗਰ ਫੋਰਸ (ਕੇਟੀਐੱਫ) ਅਤੇ ਵਿਦੇਸ਼ਾਂ ਵਿੱਚ ਬੈਠੇ ਹੈਂਡਲਰਾਂ ਨਾਲ ਜੁੜੇ ਨੈੱਟਵਰਕਾਂ ’ਤੇ ਕੇਂਦਰਿਤ ਰਹੀ।
ਐੱਨਆਈਏ ਮੁਤਾਬਕ ਕੁਝ ਸਥਾਨਕ ਗੈਂਗਸਟਰ ਇਨ੍ਹਾਂ ਸੰਗਠਨਾਂ ਲਈ ਹਥਿਆਰਾਂ ਦੀ ਸਪਲਾਈ ਅਤੇ ਸ਼ਰਨ ਦੇਣ ਵਿੱਚ ਸ਼ਾਮਲ ਰਹੇ ਹਨ। ਅੰਮ੍ਰਿਤਸਰ ਅਤੇ ਜਲੰਧਰ ਵਿੱਚ ਹੋਏ ਗ੍ਰਨੇਡ ਹਮਲਿਆਂ ਦੀ ਜਾਂਚ ਵੀ ਜਾਰੀ ਹੈ। ਏਜੰਸੀ ਨੇ ਇਹ ਵੀ ਦਾਅਵਾ ਕੀਤਾ ਕਿ ਨਸ਼ਾ ਤਸਕਰੀ ਤੋਂ ਕਮਾਇਆ ਪੈਸਾ ਅੱਤਵਾਦੀ ਨੈੱਟਵਰਕਾਂ ਨੂੰ ਫੰਡਿੰਗ ਲਈ ਵਰਤਿਆ ਜਾ ਰਿਹਾ ਸੀ।
ਦੂਜੇ ਪਾਸੇ ਈਡੀ ਅਤੇ ਸੀਬੀਆਈ ਨੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਵੀ ਕਾਰਵਾਈ ਤੇਜ਼ ਕੀਤੀ ਹੈ। ਹਾਲ ਹੀ ਵਿੱਚ ਸੀਬੀਆਈ ਨੇ ਮੋਹਾਲੀ ਸਥਿਤ ਪੰਜਾਬ ਵਿਜੀਲੈਂਸ ਬਿਊਰੋ ਹੈੱਡਕੁਆਰਟਰ ’ਤੇ ਛਾਪਾ ਮਾਰ ਕੇ 20 ਲੱਖ ਰੁਪਏ ਦੀ ਰਿਸ਼ਵਤਖੋਰੀ ਮਾਮਲੇ ਵਿੱਚ ਦੋ ਬਿਚੌਲੀਆਂ ਅਤੇ ਇੱਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ। ਵਿਜੀਲੈਂਸ ਡੀਜੀਪੀ ਦਾ ਰੀਡਰ ਅਜੇ ਵੀ ਫਰਾਰ ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਅਕਤੂਬਰ 2025 ਵਿੱਚ ਪੰਜਾਬ ਪੁਲਿਸ ਦੇ ਤਤਕਾਲੀ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਵੀ ਸੀਬੀਆਈ ਨੇ ਭ੍ਰਿਸ਼ਟਾਚਾਰ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ।
ਕਈ ਸਿਆਸੀ ਆਗੂ ਜਾਂਚ ਦੇ ਘੇਰੇ ’ਚ
ਸਾਬਕਾ ਅਤੇ ਮੌਜੂਦਾ ਮੰਤਰੀਆਂ ਨਾਲ ਜੁੜੇ ਕਈ ਮਾਮਲੇ ਇਸ ਵੇਲੇ ਅਦਾਲਤਾਂ ਵਿੱਚ ਵਿਚਾਰ ਅਧੀਨ ਹਨ। ਸਾਬਕਾ ਮੰਤਰੀ ਸੰਜੀਵ ਅਰੋੜਾ, ਰਾਜ ਸਭਾ ਮੈਂਬਰ ਅਸ਼ੋਕ ਕੁਮਾਰ ਮਿੱਤਲ, ਸਾਧੂ ਸਿੰਘ ਧਰਮਸੋਤ, ਸੰਗਤ ਸਿੰਘ ਗਿਲਜ਼ੀਆਂ, ਬਿਕਰਮ ਸਿੰਘ ਮਜੀਠੀਆ ਅਤੇ ਸਰਵਣ ਸਿੰਘ ਫਿੱਲੌਰ ਸਮੇਤ ਕਈ ਆਗੂਆਂ ਖ਼ਿਲਾਫ਼ ਈਡੀ ਜਾਂਚ ਕਰ ਰਹੀ ਹੈ। ਇਨ੍ਹਾਂ ਮਾਮਲਿਆਂ ਵਿੱਚ ਮਨੀ ਲਾਂਡਰਿੰਗ, ਵਿੱਤੀ ਬੇਨਿਯਮੀਆਂ ਅਤੇ ਆਮਦਨ ਤੋਂ ਵੱਧ ਸੰਪਤੀ ਦੇ ਦੋਸ਼ਾਂ ਦੀ ਜਾਂਚ ਜਾਰੀ ਹੈ।
ਕੇਂਦਰੀ ਏਜੰਸੀਆਂ ਦੀ ਲਗਾਤਾਰ ਕਾਰਵਾਈ ਤੋਂ ਸਾਫ਼ ਹੈ ਕਿ ਪੰਜਾਬ ਵਿੱਚ ਸੁਰੱਖਿਆ, ਨਸ਼ਾ ਤਸਕਰੀ ਅਤੇ ਭ੍ਰਿਸ਼ਟਾਚਾਰ ਤਿੰਨਾਂ ਮੋਰਚਿਆਂ ’ਤੇ ਨਿਗਰਾਨੀ ਹੋਰ ਸਖ਼ਤ ਕੀਤੀ ਜਾ ਰਹੀ ਹੈ।