ਰੋਡ ਜਾਮ ਦੇ ਦੋਸ਼ ਹੇਠ ਮਹਿਲਾ ਕਾਂਗਰਸੀ ਕੌਂਸਲਰ ਸਮੇਤ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ

ਦੋ ਦਿਨਾਂ ਵਿਚ ਦੋ ਕਾਂਗਰਸੀ ਕੌਂਸਲਰਾਂ ਖ਼ਿਲਾਫ਼ ਮਾਮਲੇ ਦਰਜ, ਸ਼ਹਿਰ ਵਿਚ ਸਿਆਸੀ ਹੰਗਾਮਾ
ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਬਲਟਾਣਾ ਦੇ ਵਾਰਡ ਨੰ. 7 ਵਿਖੇ ਸਥਿਤ ਵਿਕਾਸ ਨਗਰ ਕਾਲੋਨੀ ਵਿਚ ਸੀਵਰੇਜ ਪਾਈਪ ਵਿਛਾਉਣ ਲਈ ਕੀਤੀ ਜਾ ਰਹੀ ਖ਼ੁਦਾਈ ਕਾਰਨ ਪਾਣੀ ਦੀ ਪਾਈਪ ਨੂੰ ਨੁਕਸਾਨ ਪੁੱਜਿਆ ਸੀ। ਇਸ ਕਾਰਨ ਕਾਲੋਨੀ ਵਿਚ ਪਾਣੀ ਦੀ ਕਿੱਲਤ ਹੋ ਗਈ ਸੀ। ਮੰਗਲਵਾਰ ਨੂੰ ਵਾਰਡ ਕੌਂਸਲਰ ਸ਼ਿਵਾਨੀ ਗੋਇਲ ਦੇ ਨਾਲ ਵਸਨੀਕਾਂ ਨੇ ਪੰਚਕੂਲਾ ਹਾਈਵੇ ਦੀ ਸਲਿੱਪ ਰੋਡ ਜਾਮ ਕਰ ਦਿੱਤੀ ਅਤੇ ਨਗਰ ਕੌਂਸਲ ਅਤੇ ਸਰਕਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ। ਲੋਕਾਂ ਦੇ ਰੋਹ ਤੋਂ ਬਾਅਦ, ਪ੍ਰਸ਼ਾਸਨ ਹਰਕਤ ਵਿਚ ਆਇਆ, ਦੇਰ ਰਾਤ ਟੁੱਟੀ ਪਾਈਪ ਦੀ ਮੁਰੰਮਤ ਕੀਤੀ ਅਤੇ ਪਾਣੀ ਦੀ ਸਪਲਾਈ ਬਹਾਲ ਕੀਤੀ। ਵਧੀਕ ਡਿਪਟੀ ਕਮਿਸ਼ਨਰ ਮੁਹਾਲੀ (ਸ਼ਹਿਰੀ) ਅਨਮੋਲ ਸਿੰਘ ਧਾਲੀਵਾਲ ਨੇ ਅਗਲੇ ਦਿਨ ਪਾਈਪ ਲਾਈਨ ਦੀ ਮੁਰੰਮਤ ਦਾ ਐਲਾਨ ਕੀਤਾ। ਹੁਣ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਪੁਲਿਸ ਨੇ ਆਪਣੀ ਸਮੱਸਿਆ ਦਾ ਵਿਰੋਧ ਕਰਨ ਲਈ ਸਲਿੱਪ ਰੋਡ ਰੋਕਣ ਵਾਲੇ ਲੋਕਾਂ ਦੇ ਨਾਲ-ਨਾਲ ਵਾਰਡ ਕੌਂਸਲਰ ਖ਼ਿਲਾਫ਼ ਵੀ ਮਾਮਲਾ ਦਰਜ ਕਰ ਲਿਆ ਹੈ। ਜ਼ੀਰਕਪੁਰ ਪੁਲਿਸ ਨੇ ਵਾਰਡ ਨੰ. 7 ਦੀ ਕੌਂਸਲਰ ਸ਼ਿਵਾਨੀ ਗੋਇਲ ਅਤੇ ਲਗਭਗ 40 ਅਣਪਛਾਤੇ ਪੁਰਸ਼ਾਂ ਅਤੇ ਔਰਤਾਂ ਵਿਰੁੱਧ ਹਾਈਵੇ ਸਲਿੱਪ ਰੋਡ ਨੂੰ ਜਾਮ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ।
‘‘‘‘‘‘‘‘‘‘‘‘‘‘‘
ਬਾਕਸ :
ਕੌਂਸਲਰ ਨੇ ਕਾਰਵਾਈ ਦਾ ਖਦਸ਼ਾ ਪ੍ਰਗਟਾਇਆ
ਕੌਂਸਲਰ ਸ਼ਿਵਾਨੀ ਗੋਇਲ ਨੇ ਪਹਿਲਾਂ ਆਪਣੇ ਵਿਰੁੱਧ ਕਾਨੂੰਨੀ ਕਾਰਵਾਈ ਦਾ ਸ਼ੱਕ ਜਤਾਇਆ ਸੀ। ਉਸ ਨੇ ਕਿਹਾ ਕਿ ਉਸ ਨੂੰ ਜ਼ੀਰਕਪੁਰ ਨਗਰ ਕੌਂਸਲ ਵਿਚ ਕੌਂਸਲ ਪ੍ਰਧਾਨ ਉਦੈਵੀਰ ਢਿੱਲੋਂ ਦਾ ਸਮਰਥਨ ਕਰਨ ਲਈ ਪਹਿਲਾਂ ਹੀ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਮਿਲ ਚੁੱਕੀਆਂ ਸਨ। ਉਸ ਨੇ ਆਪਣੇ ਪਰਿਵਾਰ ਨਾਲ ਰੁੜਕੀ ਦੇ ਇਕ ਹੋਟਲ ਵਿਚ ਠਹਿਰਦੇ ਸਮੇਂ ਮਾਨਸਿਕ ਪਰੇਸ਼ਾਨੀ ਦਾ ਵੀ ਸਾਹਮਣਾ ਕੀਤਾ। ਇਕ ਦਿਨ ਪਹਿਲਾਂ, ਭਾਜਪਾ ਕੌਂਸਲਰ ਹਰਜੀਤ ਮਿੰਟਾ ਦੀ ਸ਼ਿਕਾਇਤ ਦੇ ਆਧਾਰ 'ਤੇ, ਪੰਚਕੂਲਾ ਪੁਲਿਸ ਨੇ ਵਾਰਡ ਨੰ. 27 ਦੀ ਕਾਂਗਰਸੀ ਕੌਂਸਲਰ ਰੇਨੂ ਨਹਿਰੂ, ਉਸ ਦੇ ਪਤੀ ਪਵਨ ਨਹਿਰੂ ਅਤੇ ਉਸ ਦੇ ਪੁੱਤਰ ਸ਼ੁਭਮ ਨਹਿਰੂ ਵਿਰੁੱਧ ਕੈਨੇਡੀਅਨ ਪੀਆਰ ਪ੍ਰਾਪਤ ਕਰਨ ਦੇ ਨਾਮ 'ਤੇ 31 ਲੱਖ ਰੁਪਏ ਦੀ ਠੱਗੀ ਦੇ ਦੋਸ਼ ਹੇਠ ਐੱਫਆਈਆਰ ਦਰਜ ਕੀਤੀ ਸੀ।
ਬਲਟਾਣਾ ਦੇ ਇਕ ਨਿਵਾਸੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਉਹ ਦਿਲ ਦਾ ਮਰੀਜ਼ ਹੈ। ਜਿਸ ਦਿਨ ਸ਼ਿਵਾਨੀ ਗੋਇਲ ਨੇ ਵਿਕਾਸ ਨਗਰ ਕਾਲੋਨੀ ਦੇ ਨਿਵਾਸੀਆਂ ਨਾਲ ਮਿਲ ਕੇ ਜ਼ੀਰਕਪੁਰ-ਪੰਚਕੂਲਾ ਸੜਕ 'ਤੇ ਸਲਿੱਪ ਰੋਡ ਨੂੰ ਰੋਕ ਦਿੱਤਾ, ਉਸ ਦਿਨ ਉਸ ਦੀ ਸਿਹਤ ਅਚਾਨਕ ਵਿਗੜ ਗਈ। ਜਦੋਂ ਉਸ ਦੇ ਸਾਥੀ ਉਸ ਨੂੰ ਇਲਾਜ ਲਈ ਢਕੌਲੀ ਹਸਪਤਾਲ ਲੈ ਜਾ ਰਹੇ ਸਨ, ਤਾਂ ਟ੍ਰੈਫਿਕ ਜਾਮ ਕਾਰਨ ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ, ਬਲਟਾਣਾ ਪੁਲਿਸ ਨੇ ਇਕ ਸ਼ਿਕਾਇਤ ਦੇ ਆਧਾਰ 'ਤੇ ਕੌਂਸਲਰ ਸ਼ਿਵਾਨੀ ਗੋਇਲ ਅਤੇ 40 ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ।
‘‘‘‘‘‘‘‘‘‘‘‘‘
ਕੋਡਸ ’ਚ..
ਕਾਂਗਰਸੀ ਕੌਂਸਲਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਲਗਾਤਾਰ ਦੋ ਦਿਨਾਂ ਤੋਂ ਉਨ੍ਹਾਂ ਵਿਰੁੱਧ ਕੇਸ ਦਰਜ ਕੀਤੇ ਜਾ ਰਹੇ ਹਨ। ਰਾਜਨੀਤਿਕ ਪ੍ਰੇਰਣਾ ਅਧੀਨ ਕੌਂਸਲਰਾਂ ਵਿਰੁੱਧ ਇਹ ਕੇਸ ਦਰਜ ਕੀਤੇ ਜਾ ਰਹੇ ਹਨ। ਡੇਰਾਬੱਸੀ ਹਲਕੇ ਵਿਚ ਰਾਜਨੀਤੀ ਬਹੁਤ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ ਪਰ ਸਾਡੀ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ, ਸਾਡੇ ਵਰਕਰਾਂ ਵਿਰੁੱਧ ਕੀਤੀ ਗਈ ਹਰ ਕਾਰਵਾਈ ਦਾ ਬਦਲਾ ਲਿਆ ਜਾਵੇਗਾ। ਜੇਕਰ ਸਰਕਾਰ ਸੜਕ ਜਾਮ ਕਾਰਨ ਹੋਣ ਵਾਲੀ ਅਸੁਵਿਧਾ ਬਾਰੇ ਚਿੰਤਤ ਹੈ, ਤਾਂ ਲੋਕਾਂ ਨੂੰ ਅਜਿਹੇ ਸਖ਼ਤ ਕਦਮ ਚੁੱਕਣ ਤੋਂ ਪਹਿਲਾਂ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣਾ ਚਾਹੀਦਾ ਸੀ।
ਦੀਪਇੰਦਰ ਸਿੰਘ ਢਿੱਲੋਂ, ਕਾਂਗਰਸ ਇੰਚਾਰਜ,
ਹਲਕਾ ਡੇਰਾਬੱਸੀ।
‘‘‘‘‘‘‘‘‘‘‘
ਕੋਡਸ ’ਚ..
ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਸੱਤਾ ’ਚ ਆਈ ਹੈ, ਮੇਰੇ ਵਾਰਡ ਵਿਚ ਸਾਰੇ ਵਿਕਾਸ ਕਾਰਜ ਲਗਭਗ ਠੱਪ ਹੋ ਗਏ ਹਨ, ਜਿਸ ਕਾਰਨ ਵਸਨੀਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਮੇਰੇ ਵਾਰਡ ਦੇ ਵਸਨੀਕਾਂ ਨੂੰ ਇਕ ਹਫ਼ਤੇ ਤੋਂ ਵੱਧ ਸਮੇਂ ਤੱਕ ਪੀਣ ਵਾਲੇ ਪਾਣੀ ਲਈ ਸੰਘਰਸ਼ ਕਰਨਾ ਪਿਆ, ਤਾਂ ਮੈਂ ਲੋਕਾਂ ਦੀ ਬੇਨਤੀ 'ਤੇ ਹਾਈਵੇ 'ਤੇ ਗਈ। ਉੱਥੇ ਵੀ, ਮੈਂ ਉਨ੍ਹਾਂ ਨੂੰ ਹਾਈਵੇ ’ਤੇ ਜਾਮ ਲਗਾਉਣ ਦੀ ਬਜਾਏ ਸਲਿੱਪ ਰੋਡ 'ਤੇ ਧਰਨਾ ਦੇਣ ਲਈ ਮਨਾ ਲਿਆ ਤਾਂ ਜੋ ਕਿਸੇ ਨੂੰ ਵੀ ਕੋਈ ਅਸੁਵਿਧਾ ਨਾ ਹੋਵੇ। ਮੈਂ ਆਪਣੇ ਵਾਰਡ ਵਾਸੀਆਂ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ ਅਤੇ ਕਿਸ ਤਰ੍ਹਾਂ ਇਹ ਮਾਮਲਾ ਦਰਜ ਹੋਇਆ ਹੈ, ਸਮਾਂ ਆਉਣ ’ਤੇ ਸੱਚ ਲੋਕਾਂ ਦੇ ਸਾਹਮਣੇ ਆ ਜਾਵੇਗਾ।
ਸ਼ਿਵਾਨੀ ਗੋਇਲ, ਕੌਂਸਲਰ,
ਵਾਰਡ ਨੰ. 7, ਜ਼ੀਰਕਪੁਰ ਨਗਰ ਕੌਂਸਲ।