ਫ਼ਰਜ਼ੀ ਏਅਰ ਟਿਕਟਾਂ ਦੇ ਕੇ ਠੱਗੀ ਮਾਰਨ ਦੇ ਦੋਸ਼ ਹੇਠ 'ਸਾਈਂ ਟਰੈਵਲ' ਦੇ ਮਾਲਕ 'ਤੇ ਮਾਮਲਾ ਦਰਜ
ਫ਼ਰਜ਼ੀ ਏਅਰ ਟਿਕਟਾਂ ਦੇ ਕੇ ਠੱਗੀ ਮਾਰਨ ਦੇ ਦੋਸ਼ ਹੇਠ ਟਰੈਵਲ ਏਜੰਟ ਦੇ ਮਾਲਕ 'ਤੇ ਮਾਮਲਾ ਦਰਜ
Publish Date: Sun, 07 Dec 2025 07:59 PM (IST)
Updated Date: Sun, 07 Dec 2025 08:00 PM (IST)

ਦਿੱਲੀ–ਕੈਨੇਡਾ ਦੀਆਂ ਜਾਅਲੀ ਟਿਕਟਾਂ ਭੇਜ ਕੇ 76 ਹਜ਼ਾਰ ਰੁਪਏ ਠੱਗੇ; ਮੁਲਜ਼ਮ ਦੀ ਏਜੰਸੀ ਬਿਨਾਂ ਲਾਇਸੈਂਸ ਚੱਲ ਰਹੀ ਸੀ ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਵਿਚ ਫ਼ਰਜ਼ੀ ਏਅਰ ਟਿਕਟਾਂ ਦੇ ਕੇ ਵਿਦੇਸ਼ ਯਾਤਰਾ ਦੇ ਨਾਂ ਤੇ ਲੋਕਾਂ ਨੂੰ ਠੱਗਣ ਦਾ ਇਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਸਾਈਂ ਟਰੈਵਲ ਦੇ ਮਾਲਕ ਦੀਪਕ ਰਾਜ ਖ਼ਿਲਾਫ਼ ਆਈਟੀ ਸਿਟੀ ਥਾਣੇ ’ਚ ਮਾਮਲਾ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਸ਼ਿਕਾਇਤਕਰਤਾ ਵਿਸ਼ਾਲ ਸ਼ਰਮਾ (ਨਿਵਾਸੀ ਹਰਮਿਲਾਪ ਨਗਰ, ਬਲਟਾਣਾ) ਦੀ ਸ਼ਿਕਾਇਤ ਅਤੇ ਪੁਲਿਸ ਜਾਂਚ ਰਿਪੋਰਟ ਦੇ ਆਧਾਰ ਤੇ ਸੀਨੀਅਰ ਪੁਲਿਸ ਕਪਤਾਨ (ਐੱਸਐੱਸਪੀ) ਦੇ ਨਿਰਦੇਸ਼ਾਂ ਤੇ ਕੀਤੀ ਗਈ। ਪੀੜਤ ਵਿਸ਼ਾਲ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ 19 ਫਰਵਰੀ 2025 ਨੂੰ ਸਾਈਂ ਟਰੈਵਲ ਰਾਹੀਂ ਦਿੱਲੀ ਤੋਂ ਵੈਨਕੂਵਰ (ਕੈਨੇਡਾ) ਲਈ ਜਹਾਜ਼ ਦੀਆਂ ਟਿਕਟਾਂ ਬੁੱਕ ਕਰਵਾਈਆਂ ਸਨ। ਇਸ ਲਈ ਉਨ੍ਹਾਂ ਨੇ ਕ੍ਰੈਡਿਟ ਕਾਰਡ ਰਾਹੀਂ 76,035 ਰੁਪਏ ਦਾ ਭੁਗਤਾਨ ਕੀਤਾ ਸੀ। ਅਗਲੇ ਦਿਨ, ਏਜੰਸੀ ਵੱਲੋਂ ਉਨ੍ਹਾਂ ਨੂੰ ਕੈਥੇ ਪੈਸੀਫਿਕ ਏਅਰਲਾਈਨਜ਼ ਦੀ ਟਿਕਟ ਭੇਜੀ ਗਈ, ਪਰ ਜਦੋਂ ਉਨ੍ਹਾਂ ਨੇ ਏਅਰਲਾਈਨ ਦੇ ਕਸਟਮਰ ਕੇਅਰ ਨਾਲ ਪੁਸ਼ਟੀ ਕੀਤੀ ਤਾਂ ਪਤਾ ਲੱਗਾ ਕਿ ਟਿਕਟ ਨੰਬਰ ਫ਼ਰਜ਼ੀ ਹੈ ਅਤੇ ਇਸ ਪੀਐੱਨਆਰ ਤੇ ਕੋਈ ਵੀ ਬੁਕਿੰਗ ਦਰਜ ਨਹੀਂ ਹੈ। ਪੁਲਿਸ ਦੀ ਵਿਸਤ੍ਰਿਤ ਜਾਂਚ ਵਿਚ ਇਹ ਸਾਹਮਣੇ ਆਇਆ ਕਿ ਮੁਲਜ਼ਮ ਦੀਪਕ ਰਾਜ ਨੇ ਪੈਸੇ ਲੈਣ ਦੇ ਬਾਵਜੂਦ ਟਿਕਟ ਬੁੱਕ ਨਹੀਂ ਕੀਤੀ ਅਤੇ ਪੀੜਤ ਨੂੰ ਜਾਅਲੀ ਟਿਕਟਾਂ ਤਿਆਰ ਕਰਕੇ ਭੇਜੀਆਂ। ਏਅਰਲਾਈਨ ਨੇ ਵੀ ਲਿਖਤੀ ਰੂਪ ਵਿਚ ਪੁਸ਼ਟੀ ਕੀਤੀ ਹੈ ਕਿ ਟਿਕਟ ਉਨ੍ਹਾਂ ਦੇ ਸਿਸਟਮ ਵਿਚ ਮੌਜੂਦ ਨਹੀਂ ਹੈ। ਜ਼ਿਲ੍ਹਾ ਮੈਜਿਸਟਰੇਟ ਦਫ਼ਤਰ ਤੋਂ ਹੋਈ ਜਾਂਚ ਤੋਂ ਇਹ ਵੀ ਖ਼ੁਲਾਸਾ ਹੋਇਆ ਹੈ ਕਿ ਸਾਈਂ ਟਰੈਵਲ ਦੇ ਨਾਂ ਤੇ ਕੋਈ ਵੀ ਲਾਇਸੈਂਸ ਜਾਰੀ ਨਹੀਂ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਏਜੰਸੀ ਗ਼ੈਰ-ਕਾਨੂੰਨੀ ਤਰੀਕੇ ਨਾਲ ਚਲਾਈ ਜਾ ਰਹੀ ਸੀ। ਪੁਲਿਸ ਰਿਪੋਰਟ ਵਿਚ ਇਹ ਤੱਥ ਵੀ ਦਰਜ ਹੈ ਕਿ ਦੀਪਕ ਰਾਜ ਪਹਿਲਾਂ ਵੀ ਲੁਧਿਆਣਾ ਵਿਚ ਠੱਗੀ ਦੇ ਇਕ ਕੇਸ ’ਚ ਨਾਮਜ਼ਦ ਹੈ ਅਤੇ ਲੋਕਾਂ ਨੂੰ ਝਾਂਸਾ ਦੇ ਕੇ ਪੈਸੇ ਹੜੱਪਣ ਦਾ ਆਦੀ ਹੈ। ਐੱਸਐੱਸਪੀ ਦੇ ਆਦੇਸ਼ਾਂ ਤੇ ਮੁਲਜ਼ਮ ਖ਼ਿਲਾਫ਼ ਬੀਐੱਨਐੱਸ ਦੀਆਂ ਧਾਰਾਵਾਂ 316(2), 318(4), 336, 339, 340 ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ ਦੀਆਂ ਧਾਰਾਵਾਂ 3 ਅਤੇ 13 ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਜਾਂਚ ਏਐੱਸਆਈ ਰਜਿੰਦਰ ਸਿੰਘ ਨੂੰ ਸੌਂਪੀ ਗਈ ਹੈ।