ਸਾਬਕਾ ਬਰਾਂਚ ਮੈਨੇਜਰ ਸਮੇਤ 2 ਖ਼ਿਲਾਫ਼ 9 ਕਰੋੜ ਤੋਂ ਵੱਧ ਦੀ ਧੋਖਾਧੜੀ ਦਾ ਕੇਸ ਦਰਜ

- 62 ਸ਼ੱਕੀ ਲੋਨ ਖਾਤਿਆਂ ਰਾਹੀਂ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ 'ਤੇ ਹੋਇਆ ਫਰੌਡ; ਪੁਲਿਸ ਨੇ ਕੀਤੀ ਛਾਣਬੀਣ ਸ਼ੁਰੂ
ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੰਜਾਬ ਸਟੇਟ ਕਰਾਈਮ ਪੁਲਿਸ, ਐੱਸਏਐੱਸ ਨਗਰ ਨੇ ਪੰਜਾਬ ਗ੍ਰਾਮੀਣ ਬੈਂਕ ਦੀ ਨਰਾਇਣਗੜ੍ਹ ਝੁੱਗੀਆਂ, ਡੇਰਾਬੱਸੀ ਬਰਾਂਚ ਵਿਚ ਹੋਈ 9,06,61,890/- ਰੁਪਏ (ਨੌਂ ਕਰੋੜ ਛੇ ਲੱਖ ਇਕਾਹਟ ਹਜ਼ਾਰ ਅੱਠ ਸੌ ਨੱਬੇ ਰੁਪਏ) ਦੀ ਵੱਡੀ ਵਿੱਤੀ ਧੋਖਾਧੜੀ ਦੇ ਮਾਮਲੇ ਵਿਚ ਐੱਫਆਈਆਰ ਨੰਬਰ 0009 ਦਰਜ ਕੀਤੀ ਹੈ। ਸ਼ਿਕਾਇਤਕਰਤਾ ਅਨਿਲ ਕੁਮਾਰ ਚੀਫ਼ ਮੈਨੇਜਰ ਖੇਤਰੀ ਦਫ਼ਤਰ ਮੁਹਾਲੀ ਵੱਲੋਂ ਦਿੱਤੀ ਗਈ ਦਰਖ਼ਾਸਤ ਅਤੇ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਦੀ ਤੱਥ ਅਤੇ ਖੋਜ ਰਿਪੋਰਟ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ ਹੈ।
ਧੋਖਾਧੜੀ ਦੀ ਪ੍ਰਕਿਰਿਆ : ਐੱਫਆਈਆਰ ਅਨੁਸਾਰ ਮੁਅੱਤਲ ਚੱਲ ਰਹੇ ਬ੍ਰਾਂਚ ਮੈਨੇਜਰ ਹਰਜੀਤ ਸਿੰਘ ਨੇ 04 ਜੁਲਾਈ 2022 ਤੋਂ 22 ਨਵੰਬਰ 2024 ਦੇ ਵਿਚਕਾਰ ਆਪਣੀ ਤਾਇਨਾਤੀ ਦੌਰਾਨ ਏਜੰਟ ਨੀਰਜ ਕੁਮਾਰ ਕੋਚਰ, ਆਪਣੀ ਪਤਨੀ ਅਮਰਜੋਤ ਕੌਰ ਅਤੇ ਹੋਰ ਕਰਜ਼ਦਾਰਾਂ ਨਾਲ ਮਿਲੀਭੁਗਤ ਕਰ ਕੇ ਫਰੌਡ ਨੂੰ ਅੰਜਾਮ ਦਿੱਤਾ। 62 ਸ਼ੱਕੀ ਕਰਜ਼ਾ ਖਾਤਿਆਂ ਵਿਚ ਕਰਜ਼ੇ ਮਨਜ਼ੂਰ ਕੀਤੇ ਗਏ। ਜ਼ਿਆਦਾਤਰ ਕਰਜ਼ਾ ਮੈਨੇਜਰ ਹਰਜੀਤ ਸਿੰਘ ਵੱਲੋਂ ਖ਼ੁਦ ਪਾਸ ਕੀਤੇ ਗਏ ਸਨ। ਕਰਜ਼ਾ ਦੇਣ ਲਈ ਫਰਜ਼ੀ/ਜਾਅਲੀ ਸੈਲਰੀ ਸਲਿੱਪਾਂ, ਫਰਜ਼ੀ ਬੈਂਕ ਸਟੇਟਮੈਂਟਾਂ, ਫਰਜ਼ੀ ਸਿਬਲ ਰਿਪੋਰਟਾਂ ਅਤੇ ਸਰਕਾਰੀ ਆਈਡੀ ਕਾਰਡਾਂ ਦੀ ਵਰਤੋਂ ਕੀਤੀ ਗਈ। ਕੁਝ ਕਰਜ਼ਾ ਗ਼ੈਰ-ਮੌਜੂਦ ਵਿਅਕਤੀਆਂ ਦੇ ਨਾਮ ’ਤੇ ਵੀ ਮਨਜ਼ੂਰ ਕੀਤੇ ਗਏ। ਜਾਂਚ ਵਿਚ ਇਹ ਵੀ ਪਾਇਆ ਗਿਆ ਕਿ ਲੋਨ ਦੇ ਪੈਸੇ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਮੈਨੇਜਰ ਹਰਜੀਤ ਸਿੰਘ ਦੇ ਪੰਜਾਬ ਨੈਸ਼ਨਲ ਬੈਂਕ ਖਾਤੇ ਅਤੇ ਨੀਰਜ ਕੁਮਾਰ ਕੋਚਰ ਦੇ ਐਕਸ ਬੈਂਕ ਖਾਤੇ ਵਿਚ ਟਰਾਂਸਫਰ ਕੀਤੇ ਗਏ।
ਦਰਜ ਧਾਰਾਵਾਂ : ਹਰਜੀਤ ਸਿੰਘ ਅਤੇ ਨੀਰਜ ਕੁਮਾਰ ਕੋਚਰ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਬੀਐੱਨਐੱਸ, 2023 ਦੀਆਂ ਵੱਖ-ਵੱਖ ਧਾਰਾਵਾਂ ਜਿਵੇਂ ਕਿ 316(5), 318(3), 318(4) ਧੋਖਾਧੜੀ, ਜਾਅਲਸਾਜ਼ੀ ਅਤੇ ਦਸਤਾਵੇਜ਼ਾਂ ਦੀ ਬੇਈਮਾਨੀ ਨਾਲ ਵਰਤੋਂ ਨਾਲ ਸਬੰਧਿਤ ਤੋਂ ਇਲਾਵਾ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਵੀ ਮਾਮਲਾ ਦਰਜ ਕੀਤਾ ਗਿਆ ਹੈ।
ਤਫ਼ਤੀਸ਼ ਜਾਰੀ : ਮੁੱਢਲੀ ਸ਼ਿਕਾਇਤ ਸੀਬੀਆਈ ਕੋਲ ਦਰਜ ਕਰਵਾਈ ਗਈ ਸੀ, ਪਰ ਪੰਜਾਬ ਸਰਕਾਰ ਵੱਲੋਂ ਸਹਿਮਤੀ ਨਾ ਦੇਣ ਕਾਰਨ ਇਹ ਮਾਮਲਾ ਅੱਗੇ ਦੀ ਜਾਂਚ ਲਈ ਪੰਜਾਬ ਪੁਲਿਸ ਨੂੰ ਤਬਦੀਲ ਕੀਤਾ ਗਿਆ। ਇੰਸਪੈਕਟਰ ਨਵਪ੍ਰੀਤ ਕੌਰ ਨੂੰ ਜਾਂਚ ਸੌਂਪੀ ਗਈ ਹੈ ਅਤੇ ਤਫ਼ਤੀਸ਼ ਦੌਰਾਨ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਉਣ ’ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।