ਬਰਗਰ ਕਿੰਗ ਨੂੰ 33 ਰੁਪਏ ਦਾ ਵਾਧੂ ਚਾਰਜ ਪਿਆ ਮਹਿੰਗਾ : ਖਪਤਕਾਰ ਅਦਾਲਤ ਨੇ ਲਾਇਆ 30 ਹਜ਼ਾਰ ਰੁਪਏ ਜੁਰਮਾਨਾ
ਬਰਗਰ ਕਿੰਗ ਨੂੰ ਪਿਆ ਮਹਿੰਗਾ 33 ਰੁਪਏ ਦਾ ਵਾਧੂ ਚਾਰਜ: ਮੁਹਾਲੀ ਖਪਤਕਾਰ ਅਦਾਲਤ ਨੇ ਲਗਾਇਆ 30 ਹਜ਼ਾਰ ਰੁਪਏ ਦਾ ਜੁਰਮਾਨਾ
Publish Date: Wed, 28 Jan 2026 06:22 PM (IST)
Updated Date: Wed, 28 Jan 2026 06:25 PM (IST)
ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਦੀ ਖਪਤਕਾਰ ਅਦਾਲਤ ਨੇ ਮਸ਼ਹੂਰ ਫੂਡ ਚੇਨ 'ਬਰਗਰ ਕਿੰਗ' ਨੂੰ ਸੇਵਾਵਾਂ ਵਿਚ ਕੁਤਾਹੀ ਅਤੇ ਗ਼ਲਤ ਵਪਾਰਕ ਅਭਿਆਸ ਦਾ ਦੋਸ਼ੀ ਪਾਉਂਦੇ ਹੋਏ ਵੱਡਾ ਜੁਰਮਾਨਾ ਲਾਇਆ ਹੈ। ਅਦਾਲਤ ਨੇ ਬਰਗਰ ਕਿੰਗ ਨੂੰ ਸ਼ਿਕਾਇਤਕਰਤਾ ਨੂੰ 30,000 ਰੁਪਏ ਮੁਆਵਜ਼ਾ ਦੇਣ ਅਤੇ ਵੱਖ-ਵੱਖ ਭਲਾਈ ਫੰਡਾਂ ਵਿਚ 20 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਹਨ।
ਫੇਜ਼-6, ਐੱਸਏਐੱਸ ਨਗਰ (ਮੁਹਾਲੀ) ਦੀ ਰਹਿਣ ਵਾਲੀ ਸਰਬਜੀਤ ਕੌਰ ਨੇ ਛੇ ਫਰਵਰੀ 2022 ਨੂੰ ਬਰਗਰ ਕਿੰਗ (ਫੇਜ਼ 3ਬੀ2) ਤੋਂ ਸਵਿੱਗੀ ਰਾਹੀਂ ਆਨਲਾਈਨ ਬਰਗਰ ਆਰਡਰ ਕੀਤੇ ਸਨ। ਕੁੱਲ 479.88 ਰੁਪਏ ਦੇ ਬਿੱਲ ਵਿਚ ਬਰਗਰ ਕਿੰਗ ਨੇ 33 ਰੁਪਏ 'ਰੈਸਟੋਰੈਂਟ/ਹੈਂਡਲਿੰਗ ਚਾਰਜਿਸ' ਵਜੋਂ ਵਸੂਲੇ ਸਨ। ਸ਼ਿਕਾਇਤਕਰਤਾ ਅਨੁਸਾਰ ਆਰਡਰ ਦੇਣ ਵੇਲੇ ਇਨ੍ਹਾਂ ਵਾਧੂ ਖਰਚਿਆਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਜਦੋਂ ਰੈਸਟੋਰੈਂਟ ਨੇ ਇਹ ਪੈਸੇ ਵਾਪਸ ਕਰਨ ਤੋਂ ਮਨ੍ਹਾ ਕਰ ਦਿੱਤਾ, ਤਾਂ ਸਰਬਜੀਤ ਕੌਰ ਨੇ ਆਪਣੀ ਵਕੀਲ ਰਿਚਾ ਸ਼ਰਮਾ ਰਾਹੀਂ ਖਪਤਕਾਰ ਅਦਾਲਤ ਵਿਚ ਸ਼ਿਕਾਇਤ ਦਰਜ ਕਰਵਾਈ।
ਅਦਾਲਤ ਦੇ ਪ੍ਰਧਾਨ ਐੱਸਕੇ ਅਗਰਵਾਲ ਅਤੇ ਮੈਂਬਰਾਂ (ਸ੍ਰੀਮਤੀ ਪਰਮਜੀਤ ਕੌਰ ਅਤੇ ਸ੍ਰੀ ਜੇਐੱਸ ਬਾਠ) ਨੇ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਪਾਇਆ ਕਿ ਬਰਗਰ ਕਿੰਗ ਕੋਲ ਗਾਹਕਾਂ ਤੋਂ ਵਾਧੂ ਹੈਂਡਲਿੰਗ ਚਾਰਜ ਵਸੂਲਣ ਦਾ ਕੋਈ ਜਾਇਜ਼ ਸਬੂਤ ਜਾਂ ਅਧਿਕਾਰ ਨਹੀਂ ਹੈ। ਅਦਾਲਤ ਨੇ ਕਿਹਾ ਕਿ ਆਨਲਾਈਨ ਆਰਡਰ ਵੇਲੇ ਅਜਿਹੇ ਲੁਕਵੇਂ ਖਰਚੇ ਵਸੂਲਣਾ ਖਪਤਕਾਰਾਂ ਨਾਲ ਧੋਖਾ ਹੈ।
ਬਰਗਰ ਕਿੰਗ ਨੂੰ ਸ਼ਿਕਾਇਤਕਰਤਾ ਨੂੰ ਮਾਨਸਿਕ ਪਰੇਸ਼ਾਨੀ ਅਤੇ ਖੱਜਲ-ਖੁਆਰੀ ਲਈ 30 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਗਿਆ ਹੈ। ਇਸ ਦੇ ਨਾਲ ਹੀ
ਰੈਸਟੋਰੈਂਟ ਨੂੰ 10 ਹਜ਼ਾਰ ਰੁਪਏ 'ਟ੍ਰਾਈਸਿਟੀ ਕੰਜ਼ਿਊਮਰ ਕੋਰਟਸ ਵੈਲਫੇਅਰ ਐਸੋਸੀਏਸ਼ਨ' ਅਤੇ 10,000 ਰੁਪਏ 'ਪੀਜੀਆਈ ਗਰੀਬ ਮਰੀਜ਼ ਰਾਹਤ ਫੰਡ' ਵਿਚ ਜਮ੍ਹਾਂ ਕਰਵਾਉਣ ਦੇ ਵੀ ਹੁਕਮ ਦਿੱਤੇ ਗਏ ਹਨ।
ਅਦਾਲਤ ਨੇ ਸਪੱਸ਼ਟ ਕੀਤਾ ਕਿ ਜੇਕਰ 30 ਦਿਨਾਂ ਦੇ ਅੰਦਰ ਮੁਆਵਜ਼ੇ ਦੀ ਰਾਸ਼ੀ ਅਦਾ ਨਹੀਂ ਕੀਤੀ ਜਾਂਦੀ, ਤਾਂ ਇਸ 'ਤੇ 9 ਫ਼ੀਸਦੀ ਸਾਲਾਨਾ ਵਿਆਜ ਵੀ ਦੇਣਾ ਪਵੇਗਾ।