ਧਮਾਕਿਆਂ 'ਤੇ ਬਿਆਨਬਾਜ਼ੀ ਪਈ ਭਾਰੀ: ਤਰੁਣ ਚੁੱਘ ਦਾ CM ਮਾਨ 'ਤੇ ਪਲਟਵਾਰ, ਭਾਜਪਾ ਨੇ ਮੁੱਖ ਮੰਤਰੀ ਨੂੰ ਭੇਜਿਆ ਕਾਨੂੰਨੀ ਨੋਟਿਸ
ਚੁੱਘ ਨੇ ਕਿਹਾ ਕਿ ਪੰਜਾਬ ਅੱਜ ਨਸ਼ੇ, ਬੰਬ ਧਮਾਕਿਆਂ, ਗੈਂਸਟਰ ਨੈੱਟਵਰਕ ਤੇ ਆਰਥਿਕਸੰਕਟ ਨਾਲ ਜੂਝ ਰਿਹਾ ਹੈ ਪਰ ਭਗਵੰਤ ਮਾਨ ਸਰਕਾਰ ਆਪਣੀ ਹਰ ਨਾਕਾਮੀ ਨੂੰ ਲੁਕਾਉਣ ਲਈ ਭਾਜਪਾ ’ਤੇ ਝੂਠੇ ਦੋਸ਼ ਲਗਾ ਰਹੀ ਹੈ।
Publish Date: Fri, 08 May 2026 09:25 AM (IST)
Updated Date: Fri, 08 May 2026 09:27 AM (IST)
ਸਟੇਟ ਬਿਊਰੋ, ਚੰਡੀਗੜ੍ਹ : ਮੁੱਖ ਮੰਤਰੀ ਭਗੰਵਤ ਮਾਨ ਵੱਲੋਂ ਜਲੰਧਰ ਤੇ ਅੰਮ੍ਰਿਤਸਰ ’ਚ ਹੋਏ ਧਮਾਕਿਆਂ ਪਿੱਛੇ ਭਾਜਪਾ ਦਾ ਹੱਥ ਹੋਣ ਦੇ ਦੋਸ਼ਾਂ ਤੋਂ ਬਾਅਦ ਭਾਜਪਾ ਨੇ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਮੁੱਖ ਮੰਤਰੀ ਦੇ ਬਿਆਨ ਆਪਣੇ ਡੀਜੀਪੀ ਦੇ ਬਿਆਨ ਦੇ ਉਲਟ ਹੈ।
ਭਾਜਪਾ ਨੇ ਸਪਸ਼ਟ ਕੀਤਾ ਕਿ ਜੇਕਰ ਸੱਤ ਦਿਨਾਂ ਦੇ ਅੰਦਰ ਮੁੱਖ ਮੰਤਰੀ ਆਪਣਾ ਬਿਆਨ ਵਾਪਸ ਲੈਕੇ ਜਨਤਕ ਮਾਫ਼ੀ ਨਹੀਂ ਮੰਗਦੇ, ਤਾਂ ਉਨ੍ਹਾਂ ਖ਼ਿਲਾਫ਼ ਅਪਰਾਧਕ ਤੇ ਦੀਵਾਨੀ ਜਾਂ ਦੋਵਾਂ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ। ਚੁੱਘ ਨੇ ਕਿਹਾ ਕਿ ਪੰਜਾਬ ਅੱਜ ਨਸ਼ੇ, ਬੰਬ ਧਮਾਕਿਆਂ, ਗੈਂਸਟਰ ਨੈੱਟਵਰਕ ਤੇ ਆਰਥਿਕਸੰਕਟ ਨਾਲ ਜੂਝ ਰਿਹਾ ਹੈ ਪਰ ਭਗਵੰਤ ਮਾਨ ਸਰਕਾਰ ਆਪਣੀ ਹਰ ਨਾਕਾਮੀ ਨੂੰ ਲੁਕਾਉਣ ਲਈ ਭਾਜਪਾ ’ਤੇ ਝੂਠੇ ਦੋਸ਼ ਲਗਾ ਰਹੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਪੂਰਾ ਦੇਸ਼ ਆਪ੍ਰੇਸ਼ਨ ਸਿੰਧੂਰ ਦੀ ਵਰ੍ਹੇਗੰਢ ’ਤੇ ਆਪਣੀ ਬਹਾਦਰ ਫ਼ੌਜ ਦੇ ਹਿੰਮਤ ਤੇ ਸ਼ੂਰਵੀਰਤਾ ਦਾ ਜਸ਼ਨ ਮਨਾ ਰਿਹਾ ਹੈ, ਮੁੱਖ ਮੰਤਰੀ ਮਾਨ ਵੱਲੋਂ ਭਾਜਪਾ ਵਰਗੇ ਇਕ ਲੋਕਤੰਤਰੀ ਤੇ ਰਾਸ਼ਟਰਵਾਦੀ ਪਾਰਟੀ ਨੂੰ ਅੱਤਵਾਦੀ ਘਟਨਾਵਾਂ ਨਾਲ ਜੋੜਨਾ ਸਿਰਫ਼ ਇਕ ਸਿਆਸੀ ਝੂਠ ਨਹੀਂ, ਬਲਕਿ ਕਰੋੜਾਂ ਦੇਸ਼ਵਾਸੀਆਂ ਦੇ ਲੋਕ ਫ਼ਤਵੇ ਤੇ ਭਰੋਸੇ ਦਾ ਅਪਮਾਨ ਹੈ। ਭਮੁੱਖ ਮੰਤਰੀ ਨੂੰ ਸਿਆਸੀ ਲਾਭ ਲਈ ਜਨਤਕ ਵਿਵਸਥਾ ਤੇ ਰਾਸ਼ਟਰੀ ਸੁਰੱਖਿਆ ਨਾਲ ਖਿਲਵਾੜ ਕਰਨ ਦਾ ਕੋਈ ਅਧਿਕਾਰ ਨਹੀਂ ਹੈ।