ਬੇਅੰਤ ਸਿੰਘ ਹੱਤਿਆਕਾਂਡ ਦੇ ਮੁੱਖ ਗਵਾਹ ਬਿੱਟੂ ਨੇ ਰਾਜਪਾਲ ਨੂੰ ਕੀਤੀ ਇਹ ਅਪੀਲ, ਹਾਈ ਕੋਰਟ ’ਚ ਵੀ ਦਾਖ਼ਲ ਕੀਤੀ ਪਟੀਸ਼ਨ
ਹਾਈ ਕੋਰਟ ਦੇ ਹੁਕਮਾਂ ’ਤੇ 2011 ਵਿਚ ਚੰਡੀਗੜ੍ਹ ਪੁਲਿਸ ਨੇ ਉਸ ਨੂੰ ਉੱਚ ਪੱਧਰੀ ਸੁਰੱਖਿਆ ਪ੍ਰਦਾਨ ਕੀਤੀ ਸੀ, ਜਿਸ ਵਿਚ ਪੰਜ ਪੀਐੱਸਓ, 24 ਘੰਟੇ 14 ਗਾਰਡ, ਐਸਕਾਰਟ ਮੋਟਰਸਾਈਕਲ ਅਤੇ ਉਨ੍ਹਾਂ ਦੇ ਘਰ ਦੇ ਬਾਹਰ ਪੈਟਰੋਲਿੰਗ ਗੱਡੀ ਸ਼ਾਮਲ ਸਨ। ਇਹ ਸੁਰੱਖਿਆ ਵਿਵਸਥਾ ਸਾਲਾਂ ਤੱਕ ਜਾਰੀ ਰਹੀ ਪਰ ਵਰਤਮਾਨ ਵਿਚ ਪੂਰੀ ਤਰ੍ਹਾਂ ਹਟਾ ਲਈ ਗਈ ਹੈ, ਜਿਸ ਨਾਲ ਉਸ ਦੀ ਚਿੰਤਾ ਵੱਧ ਗਈ ਹੈ।
Publish Date: Wed, 26 Nov 2025 08:55 AM (IST)
Updated Date: Wed, 26 Nov 2025 08:59 AM (IST)
ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆਕਾਂਡ ਦੇ ਮੁੱਖ ਗਵਾਹ ਬਲਵਿੰਦਰ ਸਿੰਘ ਬਿੱਟੂ ਇਕ ਵਾਰ ਮੁੜ ਗੰਭੀਰ ਸੁਰੱਖਿਆ ਸੰਕਟ ਵਿਚੋਂ ਲੰਘ ਰਹੇ ਹਨ। ਸੁਰੱਖਿਆ ਵਿਚ ਲਾਪਰਵਾਹੀ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮੰਗ ਪੱਤਰ ਦੇ ਕੇ ਦਖ਼ਲ ਦੀ ਮੰਗ ਕੀਤੀ ਹੈ। ਰਾਜਪਾਲ ਨੇ ਉਨ੍ਹਾਂ ਦਾ ਪੱਤਰ ਕਾਰਵਾਈ ਲਈ ਤੁਰੰਤ ਹੋਮ ਸੈਕਟਰੀ ਨੂੰ ਭੇਜ ਦਿੱਤਾ ਹੈ। ਬਿੱਟੂ ਉਹ ਗਵਾਹ ਹੈ, ਜਿਸ ਦੀ ਗਵਾਹੀ ’ਤੇ ਬੇਅੰਤ ਸਿੰਘ ਹੱਤਿਆਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਮਿਲੀ ਸੀ। ਇਸੇ ਕਾਰਨ ਉਸ ਨੂੰ ਪਿਛਲੇ ਦੋ ਦਹਾਕਿਆਂ ਤੋਂ ਲਗਾਤਾਰ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਤੇ ਚੰਡੀਗੜ੍ਹ ਪੁਲਿਸ, ਨਾਲ ਹੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੀ ਕਈ ਵਾਰ ਉਸ ਦੀ ਗੰਭੀਰ ਖ਼ਤਰਾ ਸਥਿਤੀ ਨੂੰ ਮੰਨ ਚੁੱਕੇ ਹਨ।
ਹਾਈ ਕੋਰਟ ਦੇ ਹੁਕਮਾਂ ’ਤੇ 2011 ਵਿਚ ਚੰਡੀਗੜ੍ਹ ਪੁਲਿਸ ਨੇ ਉਸ ਨੂੰ ਉੱਚ ਪੱਧਰੀ ਸੁਰੱਖਿਆ ਪ੍ਰਦਾਨ ਕੀਤੀ ਸੀ, ਜਿਸ ਵਿਚ ਪੰਜ ਪੀਐੱਸਓ, 24 ਘੰਟੇ 14 ਗਾਰਡ, ਐਸਕਾਰਟ ਮੋਟਰਸਾਈਕਲ ਅਤੇ ਉਨ੍ਹਾਂ ਦੇ ਘਰ ਦੇ ਬਾਹਰ ਪੈਟਰੋਲਿੰਗ ਗੱਡੀ ਸ਼ਾਮਲ ਸਨ। ਇਹ ਸੁਰੱਖਿਆ ਵਿਵਸਥਾ ਸਾਲਾਂ ਤੱਕ ਜਾਰੀ ਰਹੀ ਪਰ ਵਰਤਮਾਨ ਵਿਚ ਪੂਰੀ ਤਰ੍ਹਾਂ ਹਟਾ ਲਈ ਗਈ ਹੈ, ਜਿਸ ਨਾਲ ਉਸ ਦੀ ਚਿੰਤਾ ਵੱਧ ਗਈ ਹੈ। ਸੁਰੱਖਿਆ ਨਾ ਮਿਲਣ ਕਾਰਨ ਬਿੱਟੂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਹੈ। ਸੁਣਵਾਈ ਦੌਰਾਨ ਚੰਡੀਗੜ੍ਹ ਪੁਲਿਸ ਨੇ ਅਦਾਲਤ ਨੂੰ ਭਰੋਸਾ ਦਿੱਤਾ ਸੀ ਕਿ ਉਸ ਨੂੰ ਛੇਤੀ ਸੁਰੱਖਿਆ ਪ੍ਰਦਾਨ ਕਰ ਦਿੱਤੀ ਜਾਵੇਗੀ ਪਰ ਹਾਲੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ ਹੈ। ਮਾਮਲੇ ਦੀ ਅਗਲੀ ਸੁਣਵਾਈ ਦਸੰਬਰ ਦੇ ਪਹਿਲੇ ਹਫ਼ਤੇ ਹੋਵੇਗੀ। ਬਿੱਟੂ ਨੇ ਮੰਗ ਕੀਤੀ ਹੈ ਕਿ ਉਸ ਦੀ ਮੌਜੂਦਾ ਸਥਿਤੀ ਦਾ ਨਵਾਂ ਖ਼ਤਰਾ ਮੁਲਾਂਕਣ ਜਾਰੀ ਕੀਤਾ ਜਾਵੇ।